ਸਹੁਰਿਆਂ ਤੋਂ ਦੁਖੀ ਅਧਿਆਪਿਕਾ ਨੇ ਨਹਿਰ ''ਚ ਮਾਰੀ ਛਾਲ
Saturday, Sep 01, 2018 - 05:17 PM (IST)

ਨਾਭਾ (ਜੈਨ) : ਸ਼ਨੀਵਾਰ ਸਵੇਰੇ ਸਥਾਨਕ ਰੋਹਟੀ ਪੁਲ ਨਹਿਰ ਵਿਚ ਇਕ ਔਰਤ ਨੇ ਛਾਲ ਮਾਰ ਦਿੱਤੀ। ਸੈਰ ਕਰਨ ਵਾਲੇ ਰਾਹਗੀਰਾਂ ਨੇ ਰੌਲਾ ਪਾਇਆ ਤਾਂ ਲੋਕਾਂ ਨੇ ਉਸ ਨੂੰ ਨਹਿਰ 'ਚੋਂ ਕੱਢ ਲਿਆ। ਔਰਤ ਦੀ ਪਛਾਣ ਰਾਜਦੀਪ ਕੌਰ ਪੁੱਤਰੀ ਭੋਲਾ ਸਿੰਘ ਧੂਰੀ ਵਜੋਂ ਹੋਈ ਹੈ, ਜਿਸ ਨੂੰ ਸਿਵਲ ਹਸਪਤਾਲ ਦੀ ਐਮਰਜੈਂਸੀ ਵਿਚ ਦਾਖਲ ਕਰਾਇਆ ਗਿਆ। ਔਰਤ ਨੇ ਦੱਸਿਆ ਕਿ ਉਹ ਐੱਮ. ਏ. ਬੀ. ਐੱਡ. ਅਧਿਆਪਿਕਾ ਹੈ ਅਤੇ ਉਸ ਦਾ ਵਿਆਹ 12 ਫਰਵਰੀ 2018 ਵਿਚ ਗੁਰਦੀਪ ਸਿੰਘ ਪੁੱਤਰ ਲਾਭ ਸਿੰਘ ਵਾਸੀ ਭਾਦਸੋਂ ਨਾਲ ਹੋਇਆ ਸੀ। ਮੇਰਾ ਪਤੀ ਗੁਰਦੀਪ ਸਿੰਘ, ਸੱਸ ਪਰਮਜੀਤ ਕੌਰ, ਨਨਾਣ ਸੁਖਮਨਪ੍ਰੀਤ ਤੇ ਇਕ ਹੋਰ ਰਿਸ਼ਤੇਦਾਰ ਮੈਨੂੰ ਪਿਛਲੇ 6 ਮਹੀਨਿਆਂ ਤੋਂ ਤੰਗ ਪ੍ਰੇਸ਼ਾਨ ਕਰਦੇ ਆ ਰਹੇ ਹਨ। ਮੈਂ ਵਿਆਹ ਤੋਂ ਬਾਅਦ ਆਪਣਾ ਤਬਾਦਲਾ ਧੂਰੀ ਤੋਂ ਸਰਕਾਰੀ ਐਲੀਮੈਂਟਰੀ ਸਕੂਲ ਭਾਦਸੋਂ ਵਿਚ ਕਰਵਾ ਲਿਆ ਸੀ ਪਰ ਮੈਨੂੰ ਭਾਦਸੋਂ ਸਥਿਤ ਘਰ ਵਿਚ ਸਹੁਰੇ ਪਰਿਵਾਰ ਵਲੋਂ ਘੱਟ ਹੀ ਰਹਿਣ ਦਿੱਤਾ ਗਿਆ। ਮੈਂ ਅਕਸਰ ਭਾਦਸੋਂ ਤੋਂ ਡਿਊਟੀ ਕਰਕੇ ਪੇਕੇ ਘਰ ਧੂਰੀ ਵਾਪਸ ਆ ਜਾਂਦੀ ਸੀ।
੍ਰਕਈ ਵਾਰੀ ਨਾਨਕੇ ਘਰ ਟੋਡਰਵਾਲ ਵੀ ਚਲੀ ਜਾਂਦੀ ਸੀ। ਮੈਂ ਸਹੁਰੇ ਪਰਿਵਾਰ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰਨਾ ਚਾਹੁੰਦੀ ਸੀ ਕਿਉਂਕਿ ਮੈਂ ਮਾਪਿਆਂ ਦੇ ਘਰ ਵਿਚ ਬੋਝ ਨਹੀਂ ਬਣਨਾ ਚਾਹੁੰਦੀ। ਹਸਪਤਾਲ ਵਿਚ ਦਾਖਲ 27 ਸਾਲਾ ਅਧਿਆਪਿਕਾ ਦੇ ਰੋਹਟੀ ਪੁਲ ਚੌਕੀ ਇੰਚਾਰਜ ਨੇ ਬਿਆਨ ਦਰਜ ਕੀਤੇ। ਥਾਣਾ ਸਦਰ ਪੁਲਸ ਨੇ ਸੱਸ ਤੇ ਪਤੀ ਸਮੇਤ ਚਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜਬਰ-ਜ਼ੁਲਮ ਵਿਰੋਧੀ ਫਰੰਟ ਪ੍ਰਧਾਨ ਰਾਜ ਸਿੰਘ ਟੋਡਰਵਾਲ ਨੇ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ ਤਾਂ ਜੋ ਪੀੜਤਾ ਨੂੰ ਇਨਸਾਫ ਮਿਲ ਸਕੇ।