ਫਾਸਟਵੇ ਕੋਲੋ ਹਰ ਹਾਲ ''ਚ ਵਸੂਲਿਆ ਜਾਵੇਗਾ ਟੈਕਸ : ਸਿੱਧੂ

Thursday, Aug 03, 2017 - 01:03 AM (IST)

ਫਾਸਟਵੇ ਕੋਲੋ ਹਰ ਹਾਲ ''ਚ ਵਸੂਲਿਆ ਜਾਵੇਗਾ ਟੈਕਸ : ਸਿੱਧੂ

ਚੰਡੀਗੜ੍ਹ (ਰਮਨਜੀਤ) - ਫਾਸਟ-ਵੇ ਵਲੋਂ ਕਰੋੜਾਂ ਦੀ ਟੈਕਸ ਚੋਰੀ ਦੇ ਮਾਮਲੇ ਵਿਚ ਲਗਾਤਾਰ ਹਮਲਾਵਰ ਚੱਲ ਰਹੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਬੁੱਧਵਾਰ ਨੂੰ ਇਕ ਵਾਰ ਫਿਰ ਤੋਂ ਮੀਡੀਆ ਨਾਲ ਰੂ-ਬਰੂ ਹੋਏ। ਉਹ ਮਾਮਲਾ ਥੋੜ੍ਹਾ ਅੱਗੇ ਵਧਣ ਦੇ ਯਤਨ ਦੇ ਤੌਰ 'ਤੇ ਇਸ ਵਾਰ ਸੁਪਰੀਮ ਕੋਰਟ ਦੇ ਵਕੀਲ ਨੂੰ ਤੱਥਾਂ ਦੀ ਪ੍ਰਮਾਣਿਕਤਾ ਲਈ ਨਾਲ ਲਿਆਏ ਸਨ ਪਰ ਹਰ ਵਾਰ ਦੀ ਤਰ੍ਹਾਂ ਗੱਲ ਉਥੇ ਆ ਕੇ ਹੀ ਠਹਿਰ ਗਈ। ਸਿੱਧੂ ਇਹ ਜ਼ਾਹਿਰ ਵੀ ਕਰ ਰਹੇ ਹਨ ਤੇ ਕਹਿ ਵੀ ਰਹੇ ਹਨ ਕਿ ਉਨ੍ਹਾਂ ਨੇ ਆਪਣੇ ਅਧਿਕਾਰ ਖੇਤਰ ਵਿਚ ਆਉਂਦਾ ਕਰੀਬ ਸਾਰਾ ਕੰਮ ਕਰ ਦਿੱਤਾ ਹੈ ਤੇ ਹੁਣ ਗੇਂਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਾਲੇ ਵਿਚ ਹੈ। ਇੰਨਾ ਹੀ ਨਹੀਂ, ਸਿੱਧੂ ਤੇ ਕੈਪਟਨ ਅਮਰਿੰਦਰ ਵਿਚਕਾਰ ਚੱਲ ਰਹੀ ਖਿੱਚੋਤਾਣ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਸਿੱਧੂ ਨੇ ਪ੍ਰੈੱਸ ਕਾਨਫਰੰਸ ਵਿਚ ਸਾਫ਼ ਸ਼ਬਦਾਂ ਵਿਚ ਇਹ ਗੱਲ ਵੀ ਕਬੂਲੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਫਤਰ ਤੋਂ ਉਨ੍ਹਾਂ ਨੂੰ 'ਸਲੋਅ ਬੈਟਿੰਗ' ਕਰਨ ਲਈ ਕਿਹਾ ਗਿਆ ਸੀ।
ਸਿੱਧੂ ਨੇ ਪੱਤਰਕਾਰਾਂ ਦੇ ਰੂ-ਬਰੂ ਹੁੰਦੇ ਹੀ ਸਭ ਤੋਂ ਪਹਿਲਾਂ ਇਹ ਕਿਹਾ ਕਿ 'ਜਦ ਤੱਕ ਮੇਰੇ ਕੋਲ ਸਥਾਨਕ ਸਰਕਾਰਾਂ ਵਿਭਾਗ ਹੈ ਤੇ ਜਦ ਤੱਕ ਮੇਰੇ ਕੋਲ ਵਿਭਾਗੀ ਫੈਸਲੇ ਲੈਣ ਦੀ ਤਾਕਤ ਹੈ, ਉਦੋਂ ਤੱਕ ਲੜਾਈ ਜਾਰੀ ਰਹੇਗੀ।' ਜਦ ਸਿੱਧੂ ਤੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਅਜਿਹਾ ਪ੍ਰਤੀਤ ਹੋਇਆ ਹੈ ਕਿ ਉਨ੍ਹਾਂ ਖਿਲਾਫ਼ ਹੋ ਰਹੀ ਜ਼ਬਰਦਸਤ ਲਾਬਿੰਗ ਕਾਰਨ ਉਨ੍ਹਾਂ ਦਾ ਵਿਭਾਗ ਬਦਲਿਆ ਜਾ ਸਕਦਾ ਹੈ ਤਾਂ ਉਨ੍ਹਾਂ ਸਪੱਸ਼ਟ ਜਵਾਬ ਦੇਣ ਤੋਂ ਬਚਦਿਆਂ ਕਿਹਾ ਕਿ ਅਜਿਹਾ ਕੁੱਝ ਨਹੀਂ ਹੈ ਪਰ ਉਨ੍ਹਾਂ ਨਾਲ ਹੀ ਕਿਹਾ ਕਿ ਉਹ ਰਾਜਨੀਤੀ ਵਿਚ ਕਿਸੇ ਲਾਲਚ ਕਾਰਨ ਨਹੀਂ ਹਨ ਤੇ ਨਾ ਹੀ ਕਿਸੇ ਚੀਜ਼ ਤੋਂ ਉਨ੍ਹਾਂ ਨੂੰ ਡਰ ਹੈ। ਉਹ ਸਿਰਫ਼ ਇਕ ਵਿਅਕਤੀ ਨੂੰ ਜਵਾਬਦੇਹ ਹਨ ਤੇ ਉਹ ਹੈ ਉਨ੍ਹਾਂ ਦੇ ਅੰਦਰ ਵਿਰਾਜਮਾਨ 'ਸ਼ਿਵ'।
ਟੈਕਸ ਚੋਰੀ ਦੀ ਰਾਸ਼ੀ ਰਿਕਵਰ ਕਰਨ ਬਾਰੇ ਸਿੱਧੂ ਨੇ ਕਿਹਾ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਗੁਜ਼ਾਰਿਸ਼ ਕਰਨਗੇ ਕਿ ਫਾਸਟ-ਵੇ ਵਲੋਂ ਕੀਤੀ ਗਈ ਟੈਕਸ ਚੋਰੀ ਦਾ ਆਡਿਟ ਕਰਨ ਦੀ ਉਨ੍ਹਾਂ ਨੂੰ ਇਜਾਜ਼ਤ ਦੇਣ, ਜੇਕਰ ਅਜਿਹਾ ਨਹੀਂ ਹੋਵੇਗਾ ਤਾਂ ਉਹ ਆਉਣ ਵਾਲੀ ਕੈਬਨਿਟ ਦੀ ਬੈਠਕ ਵਿਚ ਆਪਣੇ ਸਾਥੀ ਮੰਤਰੀਆਂ ਦੇ ਰਾਹੀਂ ਇਸ ਗੱਲ ਨੂੰ ਮੁੱਖ ਮੰਤਰੀ ਦੇ ਸਾਹਮਣੇ ਰੱਖਣਗੇ ਤਾਂ ਕਿ ਗੱਲ ਅੱਗੇ ਵਧ ਸਕੇ।
ਸਿੱਧੂ ਦੀਆਂ ਇਨ੍ਹਾਂ ਗੱਲਾਂ ਨੂੰ ਰਾਜਨੀਤਕ ਮਾਹਰ ਅੰਦਰੂਨੀ ਤੌਰ 'ਤੇ ਚੱਲ ਰਹੀ ਖਿੱਚੋਤਾਣ ਦਾ ਹੀ ਸੰਕੇਤ ਕਰਾਰ ਦੇ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਸਿੱਧੂ ਦਾ ਸੁਭਾਅ ਹੈ ਕਿ ਉਹ ਬੱਝ ਕੇ ਜਾਂ ਫਿਰ ਹੱਦਾਂ ਵਿਚ ਰਹਿ ਕੇ ਕੰਮ ਨਹੀਂ ਕਰਨਾ ਚਾਹੁੰਦੇ ਤੇ ਇਹੀ ਕਾਰਨ ਹੈ ਕਿ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਸਿੱਧੂ ਵਲੋਂ ਅਸਤੀਫ਼ਾ ਦੇ ਦਿੱਤਾ ਗਿਆ ਸੀ।


Related News