ਪੰਜਾਬ ਸਰਕਾਰ ਨੇ ਖੁੱਲ੍ਹੇਆਮ ਸੰਵਿਧਾਨਿਕ ਮਰਿਆਦਾਵਾਂ ਦਾ ਉਲੰਘਣਾ ਕੀਤਾ : ਤਰੁਣ ਚੁੱਘ
Wednesday, Jun 21, 2023 - 06:01 PM (IST)
ਚੰਡੀਗੜ੍ਹ (ਹਰੀਸ਼) : ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਰਾਜਪਾਲ ਵਰਗੇ ਸੰਵਿਧਾਨਕ ਅਹੁਦਿਆਂ ਦੇ ਸਨਮਾਨ ਨੂੰ ਘੱਟ ਕਰਨ ਲਈ ਆੜੇ ਹੱਥੀਂ ਲਿਆ। ਚੁੱਘ ਨੇ ਕਿਹਾ ਕਿ ਇਹ ਸਿਰਫ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਦਾ ਹੀ ਅਪਮਾਨ ਨਹੀਂ ਹੈ, ਸਗੋਂ ਪੂਰੀ ਲੋਕਤੰਤਰੀ ਵਿਵਸਥਾ ਦਾ ਵੀ ਅਪਮਾਨ ਹੈ, ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਵਿਚ ਰਾਜ ਦੇ ਸੰਵਿਧਾਨਿਕ ਮੁਖੀ ਨੂੰ ਬਾਹਰੀ ਦੱਸਿਆ।
ਚੁੱਘ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਰਾਜਪਾਲ ਨੂੰ ਚਾਂਸਲਰ ਦੇ ਰੂਪ ਵਿਚ ਉਨ੍ਹਾਂ ਦੀਆਂ ਸ਼ਕਤੀਆਂ ਤੋਂ ਵਾਂਝਾ ਕਰਨ ’ਤੇ ਇੱਕ ਬਿੱਲ ਪਾਸ ਕਰਨ ਦਾ ਅਸੰਵਿਧਾਨਿਕ ਅਤੇ ਗ਼ੈਰਕਾਨੂੰਨੀ ਕਦਮ ਚੁੱਕਿਆ ਹੈ। ਇਸ ਦੀ ਭਾਜਪਾ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੀ ਹੈ।
ਪੰਜਾਬ ਦੇ ਮੁੱਖ ਮੰਤਰੀ ਨੇ ਖੁੱਲ੍ਹੇ ਤੌਰ ’ਤੇ ਸਾਰੇ ਲੋਕਤੰਤਰੀ ਮਾਪਦੰਡਾਂ ਦਾ ਲਗਾਤਾਰ ਉਲੰਘਣ ਕੀਤਾ ਹੈ ਅਤੇ ਪੰਜਾਬ ਨੂੰ ਸ਼ਰਮਸਾਰ ਕੀਤਾ ਹੈ। ਚੁੱਘ ਨੇ ਕਿਹਾ ਕਿ ਮੁੱਖ ਮੰਤਰੀ ਬਦਲੇ ਅਤੇ ਬਦਲਖ਼ੋਰੀ ਦੀ ਰਾਜਨੀਤੀ ਤਹਿਤ ਸ਼ਕਤੀਆਂ ਦਾ ਇਸਤੇਮਾਲ ਕਰ ਰਹੇ ਹਨ ਅਤੇ ਉਹ ਬਿਨ੍ਹਾਂ ਕਿਸੇ ਸੰਵਿਧਾਨਿਕ ਮਰਿਆਦਾ ਦਾ ਪਾਲਣ ਕਰਦੇ ਹੋਏ ਸੰਵਿਧਾਨ ਅਤੇ ਲੋਕਤੰਤਰੀ ਵਿਵਸਥਾ ਦੀਆਂ ਧੱਜੀਆਂ ਉਡਾ ਰਹੇ ਹਨ, ਇਹ ਘਾਤਕ ਹੈ।