ਪੁਲਸ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼, 3 ਗ੍ਰਿਫਤਾਰ

07/20/2018 5:04:27 PM

ਤਰਨਤਾਰਨ (ਗੁਰਮੀਤ ਸਿੰਘ/ਸੰਦੀਪ/ਬਲਜੀਤ ਸਿੰਘ/ਅਮਰਗੌਰ ਸਿੰਘ) : ਤਰਨਤਾਰਨ ਪੁਲਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। 
ਥਾਣਾ ਮੁਖੀ ਹਰਚੰਦ ਸਿੰਘ ਨੇ ਦੱਸਿਆ ਕਿ 18 ਜੁਲਾਈ ਨੂੰ ਹਥਿਆਰਬੰਦ 7 ਲੋਕਾਂ ਨੇ ਸੁਖਦੇਵ ਰਾਜ ਪੁੱਤਰ ਵਜੀਰ ਚੰਦ ਨਿਵਾਸੀ ਅਮਰਕੋਟ ਦੇ ਘਰ ਵਿਚ ਦਾਖਲ ਹੋ ਕੇ ਘਰ 'ਚ ਇਕੱਲੀਆਂ ਤਿੰਨ ਔਰਤਾਂ ਨੂੰ ਡਰਾ ਧਮਕਾ ਕੇ ਅਲਮਾਰੀਆਂ ਦੀਆਂ ਚਾਬੀਆਂ ਖੋਹ ਲਈਆਂ ਅਤੇ 10 ਤੋਲੇ ਸੋਨੇ ਦੇ ਗਹਿਣੇ, ਇਕ ਲੱਖ 10 ਹਜ਼ਾਰ ਦੇ ਕਰੀਬ ਨਕਦੀ ਲੁੱਟ ਲਈ ਤੇ ਫਰਾਰ ਹੋ ਗਏ। ਘਟਨਾਂ ਦਾ ਪਤਾ ਚੱਲਦਿਆਂ ਹੀ ਉਨ੍ਹਾਂ ਨੇ ਐੱਸ.ਪੀ. (ਆਈ) ਤਿਲਕ ਰਾਜ ਅਤੇ ਡੀ.ਐੱਸ.ਪੀ. ਭਿੱਖੀਵਿੰਡ ਸੁਲੱਖਣ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ। ਜਿਸ ਦੌਰਾਨ ਉਨ੍ਹਾਂ ਜਾਂਚ ਦੌਰਾਨ ਪਿੰਡ ਜੋਗੇਵਾਲਾ (ਮਮੂਦਵਾਲਾ) ਪਹੁੰਚ ਕੇ ਸਰਚ ਅਭਿਆਨ ਚਲਾਇਆ ਤੇ ਚੌਕੀ ਇੰਚਾਰਜ ਜੋਗੇਵਾਲਾ ਦੇ ਸਹਿਯੋਗ ਨਾਲ ਦਿਨ ਰਾਤ ਕੀਤੀ ਮਿਹਨਤ ਸਦਕਾ ਲੁੱਟ ਨੂੰ ਅੰਜਾਮ ਦੇਣ ਵਾਲੇ 7 ਮੈਂਬਰੀ ਗਿਰੋਹ ਦਾ ਪਰਦਾਫਾਸ਼ ਕਰਦਿਆਂ ਤਿੰਨ ਮੁਲਜ਼ਮਾਂ ਪਿੱਪਲ ਸਿੰਘ ਨਿਵਾਸੀ ਮਮੂਦਵਾਲਾ, ਜਗਰੂਪ ਸਿੰਘ ਵਾਸੀ ਮਮੂਦਵਾਲਾ ਅਤੇ ਬੂਟਾ ਸਿੰਘ ਪੁੱਤਰ ਕਿਸ਼ਨ ਸਿੰਘ ਨਿਵਾਸੀ ਮਮੂਦਵਾਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਦੇ ਕਬਜ਼ੇ ਵਿਚੋਂ ਸੋਨੇ ਦੇ ਗਹਿਣੇ ਅਤੇ ਕੁਝ ਨਕਦੀ ਬਰਾਮਦ ਹੋਈ। 
ਥਾਣਾ ਮੁਖੀ ਹਰਚੰਦ ਸਿੰਘ ਨੇ ਦੱਸਿਆ ਕਿ ਬਾਕੀ ਫਰਾਰ ਮੁਲਜ਼ਮਾਂ ਦੀ ਪਛਾਣ ਮਨਪ੍ਰੀਤ ਸਿੰਘ ਉਰਫ ਬਗੀਚਾ ਸਿੰਘ, ਜਗਦੀਸ਼ ਸਿੰਘ ਨਿਵਾਸੀ ਝੁੱਗੀਆਂ ਥਾਣਾ ਸਦਰ ਫਿਰੋਜ਼ਪੁਰ, ਲਾਡੀ ਵਾਸੀ ਮਾਹਲੇਵਾਲਾ ਅਤੇ ਕੋਮਲ ਨਿਵਾਸੀ ਸਿਧਵਾਂ ਬੇਟ ਵਜੋਂ ਹੋਈ ਹੈ। ਜਿਨ੍ਹਾਂ ਦੀ ਗ੍ਰਿਫਤਾਰੀ ਲਈ ਪੁਲਿਸ ਪਾਰਟੀਆਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਬਾਕੀ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ। ਕਾਬੂ ਕੀਤੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।


Related News