ਤਰਨਤਾਰਨ : ਵਿਆਹ ਸਮਾਗਮ ਤੋਂ ਪਰਤ ਰਹੇ ਨੌਜਵਾਨਾਂ ਨਾਲ ਵਾਪਰਿਆਂ ਹਾਦਸਾ, ਇਕ ਦੀ ਮੌਤ
Thursday, Nov 23, 2017 - 09:08 PM (IST)

ਪਲਾਸੋਰ (ਵਿਜੇ ਕੁਮਾਰ)— ਤਰਨਤਾਰਨ ਦੇ ਨੇੜਲੇ ਪਿੰਡ ਪਲਾਸੋਰ ਦੇ ਵਿਆਹ ਸਮਾਗਮ 'ਚੋਂ ਵਿਆਹ ਦੇਖ ਕੇ ਪਰਤ ਰਹੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਦੀ ਰਸਤੇ 'ਚ ਦੂਜੇ ਮੋਟਰਸਾਈਕਲ ਨਾਲ ਟੱਕਰ ਹੋ ਗਈ, ਜਿਸ ਕਾਰਨ ਇਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ 2 ਗੰਭੀਰ ਜ਼ਖਮੀ ਹੋ ਗਏ। ਗੰਭੀਰ ਜ਼ਖਮੀਆਂ ਨੂੰ ਤਰਨਤਾਰਨ ਸਿਵਲ ਹਸਪਤਾਲ ਤੋਂ ਅੰਮ੍ਰਿਤਸਰ ਰੈਫਰ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਇਸ ਹਾਦਸੇ 'ਚ ਮਾਰੇ ਗਏ ਨੌਜਵਾਨ ਦਾ ਨਾਂ ਲਖਵੰਤ ਸਿੰਘ ਪੁੱਤਰ ਬਲਦੇਵ ਸਿੰਘ ਹੈ ਤੇ ਉਸ ਦੀ ਉਮਰ 40 ਸਾਲ ਹੈ। ਇਸ ਤੋਂ ਇਲਾਵਾ ਜ਼ਖਮੀਆਂ 'ਚ ਸੁੱਖਰਾਜ ਸਿੰਘ ਪੁੱਤਰ ਅਮਰੀਕ ਸਿੰਘ ਤੇ ਸੰਦੀਪ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਪਿੰਡ ਜਾਹਗੀਰ ਸ਼ਾਮਲ ਹਨ। ਤਰਨਤਾਰਨ ਦੇ ਸਰਕਾਰੀ ਸਿਵਲ ਹਸਪਤਾਲ 'ਚ ਨਾਈਟ ਡਿਊਟੀ ਕਰ ਰਹੇ ਡਾ. ਸੂਰਜਪਾਲ ਸਿੰਘ ਨੇ ਦੱਸਿਆ ਕਿ ਹਸਪਤਾਲ 'ਚ ਐਕਸੀਡੈਂਟ ਦਾ ਕੇਸ ਆਇਆ ਸੀ, ਜਿਸ 'ਚ ਤਿੰਨ ਨੌਜਵਾਨਾਂ ਨੂੰ ਹਸਪਤਾਲ ਲਿਆਂਦਾ ਗਿਆ ਸੀ, ਉਨ੍ਹਾਂ 'ਚੋਂ ਇਕ ਨੌਜਵਾਨ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਤੇ 2 ਗੰਭੀਰ ਜ਼ਖਮੀ ਸਨ। ਉਨ੍ਹਾਂ ਦੱਸਿਆ ਕਿ ਜ਼ਖਮੀਆਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।