ਤਰਨਤਾਰਨ : ਮਹਿਲਾ ਨੇ ਡੀ.ਜੀ.ਪੀ. ਨੂੰ ਮੇਲ ਕਰਕੇ ਕਿਹਾ 'ਮੈਨੂੰ ਐੱਸ.ਐੱਚ.ਓ. ਤੋਂ ਬਚਾਅ ਲਓ'
Friday, Oct 26, 2018 - 12:30 PM (IST)
ਤਰਨਤਾਰਨ : ਤਰਨਤਾਰਨ ਦੀ ਇਕ ਮਹਿਲਾ ਨੇ ਥਾਣਾ ਸਦਰ ਦੀ ਪੁਲਸ 'ਤੇ ਉਸ ਨਾਲ ਬਦਸਲੂਕੀ ਕਰਨ ਤੇ ਨਾਜਾਇਜ਼ ਤੌਰ 'ਤੇ ਹਵਾਲਾਤ 'ਚ ਰੱਖਣ ਦਾ ਦੋਸ਼ ਲਗਾਇਆ ਹੈ।
ਜਾਣਕਾਰੀ ਮੁਤਾਬਕ ਪੀੜਤਾ ਨੇ ਡੀ.ਜੀ.ਪੀ. ਪੰਜਾਬ ਨੂੰ ਥਾਣਾ ਮੁਖੀ ਸਮੇਤ ਚਾਰ ਕਰਮਚਾਰੀਆਂ ਖਿਲਾਫ ਈ-ਮੇਲ ਦੇ ਜਰੀਏ ਸ਼ਿਕਾਇਤ ਕੀਤੀ ਹੈ। ਸ਼ਿਕਾਇਤ 'ਚ ਮਹਿਲਾ ਨੇ ਕਿਹਾ ਕਿ ਉਸ ਨੂੰ ਐੱਸ.ਐੱਚ.ਓ. ਤੋਂ ਬਚਾਅ ਲਓ। ਪੀੜਤਾ ਨੇ ਕਿਹਾ ਕਿ ਉਹ ਥਾਣਾ ਸਦਰ 'ਚ ਇਨਸਾਫ ਲਈ ਪਿਛਲੇ ਕਈ ਦਿਨਾਂ ਤੋਂ ਭਟਕ ਰਹੀ ਹੈ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਬੁੱਧਵਾਰ ਵੀ ਜਦੋਂ ਉਹ ਥਾਣਾ ਸਦਰ ਪੁੱਜੀ ਤਾਂ ਉਥੇ ਐੱਸ.ਐੱਚ.ਓ. ਕਮਲਜੀਤ ਸਿੰਘ, ਓ.ਐੱਸ.ਆਈ. ਨਰੇਸ਼ ਸੁਮਾਕਰ ਤੇ ਮਨੋਚਾਹਲ ਚੌਕੀ ਇੰਚਾਰਜ ਪਹਿਲਾਂ ਤੋਂ ਮੌਜੂਦ ਸੀ। ਉਥੇ ਥਾਣਾ ਮੁਖੀ ਨੇ ਉਸ ਨਾਲ ਗਲਤ ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਤੇ ਸਾਥੀ ਪੁਲਸ ਕਰਮਚਾਰੀਆਂ ਦੀ ਮਦਦ ਨਾਲ ਉਸ ਨੂੰ ਹਵਾਲਾਤ 'ਚ ਬੰਦ ਕਰ ਦਿੱਤਾ। ਥੋੜ੍ਹੇ ਸਮੇਂ ਬਾਅਦ ਜਦੋਂ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਲੈਣ ਆਏ ਤਾਂ ਪੁਲਸ ਵਾਲਿਆਂ ਨੇ ਉਸ ਨੂੰ ਘੜੀਸ ਕੇ ਹਵਾਲਾਤ ਤੋਂ ਬਾਹਰ ਸੁੱਟ ਦਿੱਤਾ।
ਡੀ.ਜੀ.ਪੀ. ਨੂੰ ਭੇਜੀ ਸ਼ਿਕਾਇਤ 'ਚ ਮਹਿਲਾ ਨੇ ਦੱਸਿਆ ਕਿ ਉਸ ਦਾ ਆਪਣੇ ਪਤੀ ਨਾਲ ਝਗੜਾ ਚੱਲ ਰਿਹਾ ਹੈ। ਉਹ ਆਪਣੇ ਦੋ ਬੱਚਿਆਂ ਸਮੇਤ ਆਪਣੇ ਸਹੁਰੇ ਘਰ 'ਚ ਰਹਿੰਦੀ ਹੈ ਤੇ ਉਸ ਦਾ ਪਤੀ ਘਰ ਤੋਂ ਬਾਹਰ ਰਹਿੰਦਾ ਹੈ। 17 ਅਕਤੂਬਰ ਨੂੰ ਉਸ ਦੇ ਘਰ ਬਰਨਾਲਾ ਵਾਸੀ ਵਿਰਸਾ ਸਿੰਘ ਜੋ ਕਿ ਖੁਦ ਨੂੰ ਕਿਸਾਨ ਨੇਤਾ ਦੱਸਦਾ ਸੀ, ਆਇਆ ਤੇ ਉਸ ਨੂੰ ਧਮਕਾਉਂਦਾ ਹੋਇਆ ਕਮਰੇ 'ਚ ਲੈ ਗਿਆ ਤੇ ਉਸ ਨਾਲ ਛੇੜਛਾੜ ਕਰਨ ਲੱਗਾ। ਉਸ ਨੇ ਰੌਲਾ ਪਾ ਕੇ ਆਲੇ-ਦੁਆਲੇ ਦੇ ਲੋਕਾਂ ਨੂੰ ਇਕੱਠਾ ਕਰ ਲਿਆ ਤੇ ਪੁਲਸ ਨੂੰ ਬੁਲਾਇਆ ਤੇ ਦੋਸ਼ੀ ਨੂੰ ਪੁਲਸ ਹਵਾਲੇ ਕਰ ਦਿੱਤਾ। ਮਹਿਲਾ ਨੇ ਦੋਸ਼ ਲਗਾਇਆ ਕਿ ਥਾਣਾ ਸਦਰ ਦੇ ਐੱਸ.ਐੱਚ.ਓ. ਕਮਲਜੀਤ ਸਿੰਘ ਤੇ ਉਸ ਦੇ ਅਧੀਨ ਆਉਂਦੀ ਚੌਕੀ ਮਨੋਚਾਹਲ ਚੌਕੀ ਵਲੋਂ ਦੋਸ਼ੀ ਖਿਲਾਫ ਕੇਸ ਦਰਜ ਕਰਨ ਦੀ ਬਜਾਏ ਦੋਸ਼ੀ ਨੂੰ ਛੱਡ ਦਿੱਤਾ ਗਿਆ। ਉਥੇ ਹੀ ਥਾਣਾ ਮੁਖੀ ਕਮਲਜੀਤ ਸਿੰਘ ਨੇ ਇਨ੍ਹਾਂ ਦੋਸ਼ਾਂ ਨੂੰ ਨਿਕਾਰ ਦਿੱਤਾ ਹੈ।
