ਨਸ਼ੇ ਦਾ ਸੇਵਨ ਕਰਵਾ ਕੇ ਲੜਕੀ ਦਾ ਕੀਤਾ ਕਤਲ

Wednesday, Jan 29, 2020 - 01:24 AM (IST)

ਨਸ਼ੇ ਦਾ ਸੇਵਨ ਕਰਵਾ ਕੇ ਲੜਕੀ ਦਾ ਕੀਤਾ ਕਤਲ

ਤਰਨਤਾਰਨ,(ਰਮਨ)–ਜ਼ਿਲਾ ਤਰਨਤਾਰਨ ਦੇ ਇਤਿਹਾਸਕ ਕਸਬਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਅੱਜ ਇਕ ਨੌਜਵਾਨ ਲੜਕੀ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ 'ਚ ਪੁਲਸ ਨੇ ਮ੍ਰਿਤਕ ਲੜਕੀ ਦੇ ਭਰਾ ਦੇ ਬਿਆਨਾਂ 'ਤੇ ਦੋ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਸੰਦੀਪ ਕੌਰ (25) ਪੁੱਤਰੀ ਤਰਸੇਮ ਸਿੰਘ ਨਿਵਾਸੀ ਸੰਤ ਵਾਲਾ ਜ਼ਿਲਾ ਫ਼ਿਰੋਜ਼ਪੁਰ ਦੇ ਵਰਿਆਮ ਸਿੰਘ ਪੁੱਤਰ ਤਰਸੇਮ ਸਿੰਘ ਨਿਵਾਸੀ ਗ੍ਰਾਮ ਨੀਲੇਵਾਲਾ ਜ਼ਿਲਾ ਫਿਰੋਜ਼ਪੁਰ ਨਾਲ ਪ੍ਰੇਮ ਸਬੰਧ ਸਨ। ਸੋਮਵਾਰ ਦੀ ਸਵੇਰ ਮ੍ਰਿਤਕ ਸੰਦੀਪ ਕੌਰ ਆਪਣੇ ਘਰ ਆਈਲੈਟਸ ਦਾ ਕੋਰਸ ਕਰਨ ਜਾਣ ਦੀ ਗੱਲ ਕਹਿ ਕੇ ਘਰੋਂ ਨਿਕਲੀ, ਜੋ ਬਾਅਦ 'ਚ ਵਰਿਆਮ ਸਿੰਘ ਅਤੇ ਉਸ ਦੇ ਭਰਾ ਮਨਜਿੰਦਰ ਸਿੰਘ ਨਾਲ ਸ੍ਰੀ ਗੋਇੰਦਵਾਲ ਸਾਹਿਬ ਦੀ ਸਰਾਂ ਵਿਖੇ ਸ਼ਰਧਾਲੂ ਦੇ ਤੌਰ 'ਤੇ ਜਾ ਪੁੱਜੀ। ਜਿੱਥੇ ਗੁਰਦੁਆਰਾ ਸਾਹਿਬ ਬਾਉਲੀ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਤਿੰਨੋਂ ਸਰਾਂ ਦੇ ਕਮਰਾ ਨੰਬਰ ਸੈਂਤੀ 'ਚ ਪੁੱਜੇ। ਜਿੱਥੇ ਇਨ੍ਹਾਂ ਤਿੰਨਾਂ ਨੇ ਆਪਣਾ ਰਿਕਾਰਡ ਪਤੀ, ਪਤਨੀ ਅਤੇ ਦਿਓਰ ਵਜੋਂ ਪੇਸ਼ ਕੀਤਾ।

ਇਸ ਸਬੰਧੀ ਲੜਕੀ ਦੇ ਭਰਾ ਨਛੱਤਰ ਸਿੰਘ ਪੁੱਤਰ ਤਰਸੇਮ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਸ ਦੀ ਭੈਣ ਸੰਦੀਪ ਕੌਰ ਨੂੰ ਮੁਲਜ਼ਮ ਵਰਿਆਮ ਸਿੰਘ ਨੇ ਨਸ਼ੇ ਦਾ ਆਦੀ ਬਣਾਇਆ ਹੋਇਆ ਸੀ ਅਤੇ ਉਹ ਨਹੀਂ ਚਾਹੁੰਦਾ ਸੀ ਕਿ ਉਸ ਦਾ ਵਿਆਹ ਕਿਸੇ ਹੋਰ ਨਾਲ ਹੋਵੇ । ਇਸੇ ਕਾਰਣ ਵਰਿਆਮ ਸਿੰਘ ਨੇ ਆਪਣੇ ਭਰਾ ਨਾਲ ਮਿਲ ਕੇ ਪਹਿਲਾਂ ਸੰਦੀਪ ਕੌਰ ਨੂੰ ਕੋਈ ਨਸ਼ਾ ਦਿੱਤਾ ਅਤੇ ਬਾਅਦ 'ਚ ਮਾਮਲੇ ਨੂੰ ਹਾਦਸੇ ਦਾ ਰੂਪ ਦੇਣ ਲਈ ਸੰਦੀਪ ਕੌਰ ਦੇ ਸਿਰ ਦੇ ਪਿੱਛੇ ਸੱਟਾਂ ਲਾਈਆਂ ਅਤੇ ਉਸ ਨੂੰ ਗੁਰੂ ਨਾਨਕ ਦੇਵ ਮਲਟੀਸਪੈਸ਼ਲਿਟੀ ਹਸਪਤਾਲ ਤਰਨਤਾਰਨ ਵਿਖੇ ਇਲਾਜ ਲਈ ਦਾਖ਼ਲ ਕਰਵਾ ਦਿੱਤਾ । ਜਿੱਥੇ ਡਾਕਟਰਾਂ ਨੇ ਉਸ ਦੀ ਮੌਤ ਦੀ ਪੁਸ਼ਟੀ ਕਰਦੇ ਹੋਏ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਨੂੰ ਜਾਣਕਾਰੀ ਦਿੱਤੀ। ਉੱਧਰ ਥਾਣਾ ਮੁਖੀ ਹਰਿੰਦਰ ਸਿੰਘ ਨੇ ਦੱਸਿਆ ਕਿ ਨਛੱਤਰ ਸਿੰਘ ਦੇ ਬਿਆਨਾਂ 'ਤੇ ਥਾਣਾ ਗੋਇੰਦਵਾਲ ਸਾਹਿਬ ਵਿਖੇ ਮੁਲਜ਼ਮ ਵਰਿਆਮ ਸਿੰਘ ਅਤੇ ਉਸ ਦੇ ਭਰਾ ਮਨਜਿੰਦਰ ਸਿੰਘ ਪੁੱਤਰਾਨ ਤਰਸੇਮ ਸਿੰਘ ਖਿਲਾਫ ਹੱਤਿਆ ਦਾ ਕੇਸ ਦਰਜ ਕਰਦੇ ਹੋਏ ਦੇਰ ਰਾਤ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮ੍ਰਿਤਕ ਲੜਕੀ ਦਾ ਪੋਸਟਮਾਰਟਮ ਬੁੱਧਵਾਰ ਸਵੇਰੇ ਸਰਕਾਰੀ ਹਸਪਤਾਲ ਤੋਂ ਕਰਵਾਇਆ ਜਾਵੇਗਾ।
 


Related News