ਵਿਧਵਾ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਸਹੁਰੇ ਪਰਿਵਾਰ ਦੇ 5 ਮੈਂਬਰਾਂ ਖਿਲਾਫ ਕੇਸ ਦਰਜ
Wednesday, Nov 27, 2019 - 02:52 PM (IST)

ਤਰਨਤਾਰਨ (ਰਾਜੂ) : ਥਾਣਾ ਸਦਰ ਤਰਨਤਾਰਨ ਦੀ ਪੁਲਸ ਨੇ ਵਿਧਵਾ ਦੀ ਕੁੱਟ-ਮਾਰ ਕਰਨ ਅਤੇ ਸੋਨੇ ਦੀ ਚੈਨੀ ਤੇ ਟੌਪਸ ਖੋਹ ਕੇ ਲੈ ਜਾਣ ਦੇ ਦੋਸ਼ ਹੇਠ ਸਹੁਰੇ ਪਰਿਵਾਰ ਦੇ 5 ਮੈਂਬਰਾਂ ਖਿਲਾਫ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਪੀੜਤ ਵਿਧਵਾ ਨੇ ਦੱਸਿਆ ਕਿ ਉਸ ਦਾ ਵਿਆਹ ਪਿੰਡ ਕੱਦਗਿੱਲ ਨਿਵਾਸੀ ਹਰਜੀਤ ਸਿੰਘ ਨਾਲ 19 ਸਾਲ ਪਹਿਲਾਂ ਹੋਇਆ ਸੀ ਅਤੇ ਉਸ ਦਾ 17 ਸਾਲ ਦਾ ਇਕ ਲੜਕਾ ਹੈ। ਉਸ ਦੇ ਪਤੀ ਦੀ 4 ਸਾਲ ਪਹਿਲਾਂ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਹ ਬੁਟੀਕ ਦਾ ਕੰਮ ਕਰਨ ਲੱਗ ਪਈ। ਪਰ ਉਸ ਦਾ ਸਹੁਰਾ ਪਰਿਵਾਰ ਉਸ ਉੱਪਰ ਗਲਤ ਇਲਜ਼ਾਮ ਲਾਉਂਦੇ ਸਨ ਅਤੇ ਕਰੀਬ ਦੋ ਮਹੀਨੇ ਪਹਿਲਾਂ ਸਹੁਰੇ ਪਰਿਵਾਰ ਨੇ ਕੁੱਟ-ਮਾਰ ਕਰਕੇ ਉਸ ਨੂੰ ਘਰੋਂ ਕੱਢ ਦਿੱਤਾ।
ਬੀਤੀ ਸ਼ਾਮ ਉਹ ਆਪਣੀ ਭੂਆ ਦੀ ਨੂੰਹ ਸਮੇਤ ਆਪਣੇ ਘਰ ਆਈ ਹੋਈ ਸੀ ਤਾਂ ਉਸ ਦੇ ਸਹੁਰੇ ਪਰਿਵਾਰ ਨੇ ਮਿਲ ਕੇ ਕਥਿਤ ਤੌਰ 'ਤੇ ਉਸ ਦੀ ਕੁੱਟ-ਮਾਰ ਕੀਤੀ। ਉਸ ਵਲੋਂ ਰੌਲਾ ਪਾਉਣ 'ਤੇ ਉਕਤ ਵਿਅਕਤੀ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਭੱਜ ਗਏ ਅਤੇ ਜਾਂਦੇ ਹੋਏ ਉਸ ਦੀ ਸੋਨੇ ਦੀ ਚੈਨੀ ਤੇ ਟੌਪਸ ਵੀ ਲਾਹ ਕੇ ਲੈ ਗਏ, ਜਿਸ ਦੀ ਸ਼ਿਕਾਇਤ ਉਸ ਨੇ ਪੁਲਸ ਨੂੰ ਕਰ ਦਿੱਤੀ। ਇਸ ਸਬੰਧੀ ਏ. ਐੱਸ. ਆਈ. ਬਲਬੀਰ ਸਿੰਘ ਨੇ ਦੱਸਿਆ ਕਿ ਮੁਦਈਆ ਦੇ ਬਿਆਨਾਂ 'ਤੇ ਗੁਰਜੰਟ ਸਿੰਘ ਪੁੱਤਰ ਗਿਆਨ ਸਿੰਘ, ਗਿਆਨ ਸਿੰਘ ਪੁੱਤਰ ਕੁੰਦਨ ਸਿੰਘ, ਸੁਖਦੀਪ ਕੌਰ ਪਤਨੀ ਗੁਰਜੰਟ ਸਿੰਘ ਵਾਸੀਆਨ ਕੱਦਗਿੱਲ, ਰਾਜਵਿੰਦਰ ਕੌਰ ਪਤਨੀ ਕਾਬਲ ਸਿੰਘ ਵਾਸੀ ਪੰਡੋਰੀ ਤਖਤਮੱਲ ਅਤੇ ਬਲਵਿੰਦਰ ਕੌਰ ਪਤਨੀ ਸਵਰਣ ਸਿੰਘ ਵਾਸੀ ਮਲੀਆ ਖਿਲਾਫ ਮੁਕੱਦਮਾ ਨੰਬਰ 404 ਧਾਰਾ 452/323/506/148/149/379 ਆਈ. ਪੀ. ਸੀ. ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।