ਪੰਜਾਬ ਦੇ ਚਾਰ ਸ਼ਹੀਦ ਪਰਿਵਾਰਾਂ ਨੂੰ ਆਰਥਕ ਮਦਦ ਲਈ ਦਿੱਤੇ 7-7 ਲੱਖ ਰੁਪਏ ਦੇ ਚੈੱਕ

Monday, May 06, 2019 - 12:43 PM (IST)

ਪੰਜਾਬ ਦੇ ਚਾਰ ਸ਼ਹੀਦ ਪਰਿਵਾਰਾਂ ਨੂੰ ਆਰਥਕ ਮਦਦ ਲਈ ਦਿੱਤੇ 7-7 ਲੱਖ ਰੁਪਏ ਦੇ ਚੈੱਕ

ਤਰਨਤਾਰਨ (ਰਮਨ) : ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਦੀ ਯਾਦ 'ਚ ਇਕ ਸ਼ਹੀਦੀ ਸਮਾਗਮ ਹਰੀਕੇ ਪੱਤਣ ਵਿਖੇ ਕਰਵਾਇਆ ਗਿਆ। ਇਸ ਸ਼ਹੀਦੀ ਸਮਾਗਮ 'ਚ ਪੰਜਾਬ ਦੇ 4 ਸ਼ਹੀਦ ਪਰਿਵਾਰਾਂ ਦੀ ਆਰਥਕ ਮਦਦ ਕਰਦੇ ਹੋਏ ਜੈਨ ਜਾਗ੍ਰਤੀ ਸੈਂਟਰ ਸੈਂਟਰਲ ਬੋਰਡ ਤੇ ਚੈਰੀਟੇਬਲ ਟਰੱਸਟ, ਮੁੰਬਈ ਵਲੋਂ 7-7 ਲੱਖ ਰੁਪਏ ਦੇ ਚੈੱਕ ਭੇਂਟ ਕੀਤੇ ਗਏ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੈਨ ਜਾਗ੍ਰਤੀ ਸੈਂਟਰ ਸੈਂਟਰਲ ਬੋਰਡ ਚੈਰੀਟੇਬਲ ਟਰੱਸਟ, ਮੁੰਬਈ ਦੇ ਚੇਅਰਮੈਨ ਸੰਜੇ ਸ਼ਾਹ, ਜੇਤਿੰਦਰ ਕੋਠਾਰੀ, ਮੋਹਿੰਦਰ ਸ਼ਾਹ, ਰਾਜੇਸ਼ ਪਾਰੇਖ ਨੇ ਦੱਸਿਆ ਕਿ ਸ਼੍ਰੀਨਗਰ ਦੇ ਪੁਲਵਾਮਾ ਖੇਤਰ 'ਚ ਸੀ. ਆਰ. ਪੀ. ਐੱਫ. ਦੀ ਬੱਸ 'ਤੇ ਕੀਤੇ ਫਿਦਾਈਨੀ ਹਮਲੇ ਦੌਰਾਨ ਦੇਸ਼ ਦੇ 44 ਜਵਾਨ ਸ਼ਹੀਦ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਇਸ ਹਮਲੇ ਦੌਰਾਨ ਸਾਰੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਆਰਥਕ ਮਦਦ ਵਜੋਂ 7-7 ਲੱਖ ਰੁਪਏ ਉਨ੍ਹਾਂ ਦੇ ਘਰ ਜਾ ਕੇ ਦਿੱਤੇ ਜਾ ਰਹੇ ਹਨ, ਜਿਸ ਤਹਿਤ ਸਾਰੇ ਸ਼ਹੀਦਾਂ ਨੂੰ ਆਰਥਕ ਮਦਦ ਲਈ ਦਿੱਤੇ ਜਾਣ ਵਾਲੀ ਕੁੱਲ ਰਕਮ 3 ਕਰੋੜ 8 ਲੱਖ ਰੁਪਏ ਹੈ। ਉਨ੍ਹਾਂ ਨੇ ਅੱਜ ਇਸ ਸ਼ਹੀਦੀ ਸਮਾਗਮ 'ਚ ਜ਼ਿਲਾ ਤਰਨਤਾਰਨ ਦੇ ਸ਼ਹੀਦ ਸੁਖਜਿੰਦਰ ਸਿੰਘ, ਸ੍ਰੀ ਆਨੰਦਪੁਰ ਸਾਹਿਬ ਦੇ ਸ਼ਹੀਦ ਕੁਲਵਿੰਦਰ ਸਿੰਘ, ਧਰਮਕੋਟ ਦੇ ਸ਼ਹੀਦ ਜੈਮਲ ਸਿੰਘ ਤੇ ਦੀਨਾਨਗਰ ਦੇ ਸ਼ਹੀਦ ਜਵਾਨ ਮਨਜਿੰਦਰ ਸਿੰਘ ਦੇ ਪਰਿਵਾਰਾਂ ਨੂੰ 7-7 ਲੱਖ ਰੁਪਏ ਦੇ ਚੈੱਕ ਦਿੱਤੇ। ਉਨ੍ਹਾਂ ਦੱਸਿਆ ਕਿ ਜੈਨ ਜਾਗਰਤੀ ਸੈਂਟਰ ਸੈਂਟਰਲ ਬੋਰਡ ਚੈਰੀਟੇਬਲ ਟਰੱਸਟ, ਮੁੰਬਈ ਵਲੋਂ 5-5 ਲੱਖ ਅਤੇ ਬਿਰਧ ਮੁੰਬਈ ਜੈਨ ਮਹਾਂ ਸੰਘ ਟਰੱਸਟ ਵਲੋਂ 2-2 ਲੱਖ ਰੁਪਏ ਦੀ ਮਦਦ ਕੀਤੀ ਜਾ ਰਹੀ ਹੈ। ਸੰਜੇ ਭਾਈ ਨੇ ਦੱਸਿਆ ਕਿ ਸਾਂਝੇ ਤੌਰ 'ਤੇ ਉਨ੍ਹਾਂ ਦੀ ਟੀਮ ਵਲੋਂ ਪਹਿਲਾਂ ਯੂ. ਪੀ. ਦੇ 17 ਸ਼ਹੀਦਾਂ ਨੂੰ 1 ਕਰੋੜ 19 ਲੱਖ ਰੁਪਏ ਦੀ ਰਾਸ਼ੀ ਉਨ੍ਹਾਂ ਦੇ ਪਰਿਵਾਰਾਂ ਨੂੰ ਘਰ-ਘਰ ਜਾ ਕੇ ਦਿੱਤੀ ਜਾ ਚੁੱਕੀ ਹੈ ਤੇ ਹੁਣ ਟੀਮ ਵਲੋਂਂ ਪੰਜਾਬ ਦੇ 4 ਸ਼ਹੀਦਾਂ ਨੂੰ ਆਰਥਕ ਮਦਦ ਦੇਣ ਦੇ ਨਾਲ-ਨਾਲ ਸ਼ਹੀਦੀ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਜ ਸ਼ਾਮ ਉਨ੍ਹਾਂ ਵਲੋਂਂ ਸ਼ਹੀਦਾਂ ਦੀ ਯਾਦ 'ਚ ਧਾਰਮਕ ਸਮਾਗਮ ਦਾ ਆਯੋਜਨ ਕੀਤਾ ਗਿਆ ਤੇ ਉਨ੍ਹਾਂ ਦੇ ਪਰਿਵਾਰਾਂ ਦਾ ਮਾਨ ਸਨਮਾਨ ਕਰਦੇ ਹੋਏ ਆਰਥਕ ਮਦਦ ਵਜੋਂ ਰਾਸ਼ੀ ਦੇ ਚੈੱਕ ਭੇਟ ਕੀਤੇ ਗਏ। ਇਸ ਸਮਾਗਮ 'ਚ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਹਲਕਾ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਤੋਂ ਇਲਾਵਾ ਵੱਡੀ ਗਿਣਤੀ 'ਚ ਲੋਕ ਹਾਜ਼ਰ ਸਨ।


author

Baljeet Kaur

Content Editor

Related News