ਤਰਨਤਾਰਨ ’ਚ ਬੇਸ਼ਰਮੀ ਦੀ ਹੱਦ ਪਾਰ: ਸਟਾਫ ਨੇ ਨਵ-ਜਨਮੇ ਬੱਚੇ ਦਾ 2 ਘੰਟੇ ਬਾਅਦ ਕਰਵਾ ਦਿੱਤਾ 2 ਲੱਖ ’ਚ ਸੌਦਾ
Friday, Sep 03, 2021 - 12:17 PM (IST)
ਤਰਨਤਾਰਨ (ਰਮਨ) - ਕੋਰੋਨਾ ਕਾਲ ਦੌਰਾਨ ਸਿਹਤ ਵਿਭਾਗ ਵਲੋਂ ਹੁਣ ਤੱਕ ਫਰੰਟ ਲਾਈਨ ’ਤੇ ਖੜ੍ਹੇ ਹੋਕੇ ਵਧੀਆ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਪਰ ਕੁਝ ਹੇਠਲੇ ਸਟਾਫ ਦੀ ਨਾਲਾਇਕੀ ਕਾਰਨ ਮਹਿਕਮਾ ਬਦਨਾਮ ਹੋ ਜਾਂਦਾ ਹੈ। ਇਸ ਦੀ ਇਕ ਤਾਜ਼ਾ ਮਿਸਾਲ ਉਸ ਵੇਲੇ ਸਾਹਮਣੇ ਆਈ, ਜਦੋਂ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਦੀ ਜੱਚਾ-ਬੱਚਾ ਵਾਰਡ ’ਚ ਜਨਮ ਲੈਣ ਵਾਲੇ ਨਵਜ਼ਾਤ ਬੱਚੇ ਦਾ ਹਸਪਤਾਲ ਦੇ ਕੁਝ ਸਟਾਫ ਮੈਂਬਰਾਂ ਵਲੋਂ ਦੋ ਲੱਖ ਰੁਪਏ ’ਚ ਕਿਸੇ ਲੋੜਵੰਦ ਪਰਿਵਾਰ ਨੂੰ ਗੋਦ ਲੈਣ ਸਬੰਧੀ ਸੌਦਾ ਕਰਵਾ ਦਿੱਤਾ ਜਾਂਦਾ ਹੈ, ਜੋ ਕਾਨੂੰਨ ਜ਼ੁਰਮ ਮੰਨਿਆ ਜਾਂਦਾ ਹੈ। ਹੈਰਾਨੀ ਦੀ ਗੱਲ ਇਹ ਰਹੀ ਕਿ ਸਟਾਫ ਵਲੋਂ ਇਸ ਮਾਮਲੇ ਦੀ ਹਸਪਤਾਲ ਪ੍ਰਸ਼ਾਸਨ ਤੱਕ ਭਣਕ ਨਹੀਂ ਲੱਗਣ ਦਿੱਤੀ ਗਈ। ਜ਼ਿਕਰਯੋਗ ਹੈ ਕਿ ਇਸ ਮਾਮਲੇ ਦਾ ਹਸਪਤਾਲ ਪ੍ਰਸ਼ਾਸਨ ਨੂੰ 15 ਦਿਨਾਂ ਬਾਅਦ ਪਤਾ ਲੱਗਣ ’ਤੇ ਦੋ ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤੇ ਗਏ ਹਨ।
ਜਾਣਕਾਰੀ ਅਨੁਸਾਰ ਬੀਤੀ 15 ਅਗਸਤ ਨੂੰ ਸਥਾਨਕ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਦੀ ਜੱਚਾ-ਬੱਚਾ ਵਾਰਡ ਅੰਦਰ ਇਕ ਗਰਭਵਤੀ ਜਨਾਨੀ ਵਲੋਂ ਇਕ ਬੇਟੇ ਨੂੰ ਜਨਮ ਦਿੱਤਾ ਗਿਆ। ਹਸਪਤਾਲ ਦੀ ਮਹਿਲਾ ਡਾਕਟਰ ਵਲੋਂ ਡਲਿਵਰੀ ਕਰਨ ਉਪਰੰਤ ਚਲੇ ਜਾਣ ਤੋਂ ਬਾਅਦ ਵਾਰਡ ਅੰਦਰ ਮੌਜ਼ੂਦ 2 ਸਟਾਫ ਨਰਸਾਂ, ਇਕ ਦਰਜਾ ਚਾਰ, ਇਕ ਸਫਾਈ ਸੇਵਕ ਅਤੇ ਇਕ ਸੁਰੱਖਿਆ ਗਾਰਡ ਵਲੋਂ ਜਨਾਨੀ ਦੇ ਨਵਜਾਤ ਬੱਚੇ ਦਾ ਇਕ ਪਰਿਵਾਰ, ਜੋ ਬੱਚੇ ਨੂੰ ਗੋਦ ਲੈਣਾ ਚਾਹੁੰਦੇ ਸਨ, ਨਾਲ ਸੰਪਰਕ ਕਰਵਾ ਦਿੱਤਾ। ਇਸ ਦਾ ਕਾਰਨ ਇਹ ਹੈ ਕਿ ਬੱਚੇ ਨੂੰ ਜਨਮ ਦੇਣ ਵਾਲੀ ਜਨਾਨੀ, ਜੋ ਸ਼ਾਦੀਸ਼ੁਦਾ ਹੈ, ਬੱਚੇ ਨੂੰ ਕਿਸੇ ਘਰੇਲੂ ਕਾਰਨਾਂ ਕਰਕੇ ਰੱਖਣਾ ਨਹੀਂ ਚਾਹੁੰਦੀ ਸੀ।
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਉਸ ਦਿਨ ਦੁਪਹਿਰ ਤੋਂ ਬਾਅਦ ਸਟਾਫ ਦੀ ਮੌਜ਼ੂਦਗੀ ’ਚ ਪੁੱਜੇ ਕੁਝ ਲੋਕ ਵਾਰਡ ਅੰਦਰ ਪੁੱਜਦੇ ਹਨ, ਜੋ ਬੱਚੇ ਨੂੰ ਗੋਦ ਲੈਣਾ ਚਾਹੁੰਦੇ ਸਨ, ਵਲੋਂ ਦੋ ਲੱਖ ਰੁਪਏ ਦੀ ਪੇਸ਼ਗੀ ਰਕਮ ਦੇਣ ਤੋਂ ਬਾਅਦ ਇਕ ਕਾਗਜ਼ ਉੱਪਰ ਲਿਖਤ ਕੀਤੀ ਜਾਂਦੀ ਹੈ। ਇਸ ਲਿਖਤ ’ਚ ਲਿਖਿਆ ਜਾਂਦਾ ਹੈ ਕਿ ਇਹ ਬੱਚਾ ਜਨਾਨੀ ਦੀ ਸਹਿਮਤੀ ਨਾਲ ਦਿੱਤਾ ਜਾ ਰਿਹਾ ਹੈ, ਜਿਸ ਉੱਪਰ ਸਟਾਫ ਦੇ ਕੁਝ ਮੈਂਬਰਾਂ ਦੀ ਲਿਖਾਈ ਵੀ ਮੌਜ਼ੂਦ ਹੈ। ਇਸ ਉੱਪਰ ਜ਼ਿਲ੍ਹੇ ਦੇ ਇਕ ਮੌਜ਼ੂਦਾ ਸਰਪੰਚ ਨੇ ਵੀ ਆਪਣੇ ਹਸਤਾਖ਼ਰ ਕੀਤੇ ਹਨ। ਹੈਰਾਨੀ ਦੀ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਇਸ ਲਿਖੇ ਪਰਨੋਟ ਦੀ ਅਸਲ ਕਾਪੀ ਹਸਪਤਾਲ ਦੀ ਡਿਸਚਾਰਜ਼ ਫਾਈਲ ਅੰਦਰ ਨੱਥੀ ਕਰ ਦਿੱਤੀ ਜਾਂਦੀ ਹੈ, ਜੋ ਅੱਜ ਵੀ ਰਿਕਾਰਡ ’ਚ ਮੌਜ਼ੂਦ ਹੈ। ਵਾਰਡ ’ਚ ਬੱਚੇ ਨੂੰ ਜਨਮ ਦੇਣ ਵਾਲੀ ਮਾਂ ਅਗਲੇ ਦਿਨ ਛੁੱਟੀ ਲੈ ਬੱਚੇ ਸਣੇ ਚੱਲੀ ਜਾਂਦੀ ਹੈ।
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਬੀਤੇ ਬੁੱਧਵਾਰ ਉੱਕਤ ਸਟਾਫ ਮੈਂਬਰਾਂ ਦਰਮਿਆਨ ਵਸੂਲ ਕੀਤੀ ਰਕਮ ਜਿਸ ’ਚ ਜ਼ਿਆਦਾ ਹਿੱਸਾ ਬੱਚੇ ਦੀ ਮਾਂ ਨੂੰ ਦਿੱਤਾ ਗਿਆ ਸੀ ਨੂੰ ਲੈ ਝਗੜਾ ਹੋ ਗਿਆ, ਜਿਸ ਤੋਂ ਬਾਅਦ ਇਹ ਖ਼ਬਰ ਐੱਸ. ਐੱਮ. ਓ. ਦੇ ਧਿਆਨ ’ਚ ਆਉਣ ਉਪਰੰਤ ਕੁਝ ਕਰਮਚਾਰੀਆਂ ਨੂੰ ਪੱਤਰ ਜਾਰੀ ਕਰ ਦਿੱਤੇ ਗਏ ਹਨ।
ਜਾਰੀ ਕੀਤੇ ਗਏ ਹਨ ਕਾਰਨ ਦੱਸੋ ਨੋਟਿਸ
ਐੱਸ.ਐੱਮ.ਓ. ਡਾ. ਸਵਰਨਜੀਤ ਧਵਨ ਨੇ ਦੱਸਿਆ ਕਿ ਇਸ ਮਾਮਲੇ ਦਾ ਉਨ੍ਹਾਂ ਨੂੰ ਬੁੱਧਵਾਰ ਪਤਾ ਲੱਗਾ ਹੈ, ਜਿਸ ਬਾਬਤ ਉਨ੍ਹਾਂ ਵਲੋਂ ਇਕ ਸਟਾਫ ਨਰਸ ਅਤੇ ਇਕ ਸਫਾਈ ਕਰਮਚਾਰੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਸਿਵਲ ਸਰਜਨ ਡਾ. ਰੋਹਿਤ ਮਹਿਤਾ ਵਲੋਂ ਇਹ ਮਾਮਲਾ ਬਾਲ ਸੁਰੱਖਿਆ ਵਿਭਾਗ ਦੇ ਧਿਆਨ ’ਚ ਲਿਆਂਦਾ ਜਾ ਰਿਹਾ ਹੈ। ਬੱਚਾ ਆਪਣੀ ਮਾਂ ਦੇ ਕੋਲ ਹੀ ਹੈ ਅਤੇ ਇਸ ਸਬੰਧੀ ਹੋਈ ਸੌਦੇ ਦੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।
ਬੱਚਾ ਗੋਦ ਲੈਣ ਲਈ ਕਾਨੂੰਨ ਦੀ ਕਰਨੀ ਹੋਵੇਗੀ ਪਾਲਣਾ-ਬਾਲ ਸੁਰੱਖਿਆ ਅਫ਼ਸਰ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਕਿਸੇ ਵੀ ਬੱਚੇ ਨੂੰ ਗੋਦ ਲੈਣ ਲਈ ਕੇਂਦਰ ਸਰਕਾਰ ਵਲੋਂ ਜਾਰੀ ਕਾਰਾ ਏਜੰਸੀ ਰਾਹੀਂ ਅਪਲਾਈ ਕਰਨਾ ਜ਼ਰੂਰੀ ਹੁੰਦਾ ਹੈ, ਜਿਸ ਤੋਂ ਬਾਅਦ ਟੀਮ ਵਲੋਂ ਹੋਮ ਸਟੱਡੀ ਕਰਨ ਅਤੇ ਸਾਰੀ ਤਫਤੀਸ਼ ਕਰਨ ਉਪਰੰਤ ਬੱਚਾ ਗੋਦ ਲਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਕਾਗਜ਼ ਉੱਪਰ ਲਿਖਤ ਕਰ ਬੱਚੇ ਦਾ ਸੌਦਾ ਕਰਨਾ ਕਾਨੂੰਨ ਗਲਤ ਹੈ।