ਟਾਰਗੇਟ ਕਿਲਿੰਗ : ਜੌਹਲ ਤੇ ਜਿੰਮੀ ਦਾ 4 ਦਿਨ ਦਾ ਰਿਮਾਂਡ ਵਧਿਆ
Saturday, Nov 25, 2017 - 11:49 AM (IST)

ਲੁਧਿਆਣਾ (ਮੇਹਰ) — ਪੰਜਾਬ 'ਚ ਟਾਰਗੇਟ ਕਿਲਿੰਗ ਦੇ ਵੱਖ-ਵੱਖ ਮਾਮਲਿਆਂ 'ਚੋਂ ਲੁਧਿਆਣਾ ਦੇ ਪਾਦਰੀ ਸੁਲਤਾਨ ਮਸੀਹ ਦੇ ਕਤਲਕਾਂਡ ਦੇ ਕੇਸ 'ਚ ਗ੍ਰਿਫਤਾਰ ਕੀਤੇ ਗਏ ਐੱਨ. ਆਰ. ਆਈ. ਯੂ. ਕੇ. ਸਿਟੀਜ਼ਨ ਜਗਤਾਰ ਸਿੰਘ ਜੌਹਲ ਨੂੰ ਮੁੜ ਇਲਾਕਾ ਮੈਜਿਸਟ੍ਰੇਟ ਰਾਜਿੰਦਰ ਸਿੰਘ ਤੇਜੀ ਦੀ ਅਦਾਲਤ ਨੇ 4 ਦਿਨ ਦੇ ਪੁਲਸ ਰਿਮਾਂਡ 'ਤੇ ਭੇਜਿਆ ਗਿਆ।
ਅਦਾਲਤ 'ਚ ਪੁਲਸ ਨੇ ਮਾਣਯੋਗ ਜੱਜ ਨੂੰ ਕਿਹਾ ਸੀ ਕਿ ਜੌਹਲ ਤੋਂ ਇਹ ਪੁੱਛਗਿੱਛ ਕਰਨੀ ਬਾਕੀ ਹੈ ਕਿ ਇਸ ਕਤਲਕਾਂਡ 'ਚ ਹੋਰ ਕੌਣ-ਕੌਣ ਲੋਕ ਸ਼ਾਮਲ ਹਨ। ਅਦਾਲਤ ਨੇ ਜੌਹਲ ਤੋਂ ਉਸ ਦੇ ਵਕੀਲ ਨੂੰ ਇਕ ਘੰਟਾ ਪ੍ਰਤੀਦਿਨ ਮੁਲਾਕਾਤ ਕਰਨ ਤੇ ਬ੍ਰਿਟੀਸ਼ ਹਾਈ ਕਮਿਸ਼ਨ ਦੇ ਅਧਿਕਾਰੀ ਐਂਡੂ ਐਰੀ ਨੂੰ ਹਰ ਰੋਜ਼ 6 ਤੋਂ 7 ਵਜੇ ਦੇ 'ਚ ਮੁਲਾਕਾਤ ਕਰਨ ਦੀ ਇਜਾਜ਼ਤ ਦਿੱਤੀ ਹੈ। ਉਥੇ ਹੀ ਹਿੰਦੂ ਆਗੂ ਅਮਿਤ ਸ਼ਰਮਾ ਦੇ ਕਤਲ ਮਾਮਲੇ 'ਚ ਗ੍ਰਿਫਤਾਰ ਜਿੰਮੀ ਦਾ ਵੀ ਇਸ ਅਦਾਲਤ 'ਚ ਪੁਲਸ ਰਿਮਾਂਡ ਮੰਗਦੇ ਹੋਏ ਪੁਲਸ ਨੇ ਕਿਹਾ ਕਿ ਉਨ੍ਹਾਂ ਦੇ ਕੋਲ ਲੈਣ-ਦੇਣ ਨੂੰ ਲੈ ਕੇ ਪੁਖਤਾ ਸਬੂਤ ਮੌਜੂਦ ਹਨ ਤੇ ਜਿੰਮੀ ਨੇ ਵਰਿੰਦਰ ਸਿੰਘ ਦੇ ਮਾਧਿਅਮ ਨਾਲ 1.80 ਲੱਖ ਰੁਪਏ ਦੀ ਰਕਮ ਅਦਾ ਕੀਤੀ ਸੀ ਜਿਸ ਬਾਰੇ ਪੁੱਛਗਿੱਛ ਕਰਨੀ ਬਾਕੀ ਹੈ। ਇਸ ਨੂੰ ਮਾਣਯੋਗ ਜੱਜ ਤੇਜੀ ਨੇ ਜਿੰਮੀ ਨੂੰ ਵੀ ਚਾਰ ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ।