ਤਾਂਤਰਿਕ ਨੇ ਕਿਹਾ ਅਮੀਰ ਬਣਨਾ ਤਾਂ ਦਿਓ ਔਰਤ ਦੀ ਬਲੀ, ਫਿਰ ਜੋ ਹੋਇਆ ਸੁਣ ਖੜ੍ਹੇ ਹੋਣਗੇ ਰੌਂਗਟੇ

Friday, Apr 21, 2023 - 06:00 PM (IST)

ਫਤਿਹਗੜ੍ਹ ਸਾਹਿਬ (ਸੁਰੇਸ਼) : ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਪੁਲਸ ਵੱਲੋਂ ਨੇੜਲੇ ਪਿੰਡ ਫਿਰੋਜ਼ਪੁਰ ਵਿਚ ਇਕ ਔਰਤ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਜਾਨੋ ਮਾਰਨ ਦੀ ਨੀਅਤ ਨਾਲ ਬੁਰੀ ਤਰ੍ਹਾਂ ਵੱਢ ਟੁੱਕ ਕਰਕੇ ਨਹਿਰ ਕਿਨਾਰੇ ਸੁੱਟਣ ਦੀ ਵਾਪਰੀ ਘਟਨਾ ਨੂੰ ਕੁੱਝ ਹੀ ਘੰਟਿਆਂ ਵਿਚ ਸੁਲਝਾ ਲੈਣ ਦਾ ਦਾਅਵਾ ਕੀਤਾ ਹੈ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰੂਪ ਨਗਰ ਰੇਂਜ ਦੇ ਆਈ. ਜੀ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਪੁਲਸ ਮੁੱਖੀ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਖ਼ਿਲਾਫ ਵਿੱਢੀ ਮੁਹਿੰਮ ਦੇ ਤਹਿਤ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਐੱਸ. ਐੱਸ. ਪੀ. ਡਾ. ਰਵਜੋਤ ਗਰੇਵਾਲ ਦੀਆਂ ਹਿਦਾਇਤਾਂ ਅਨੁਸਾਰ ਐੱਸ. ਪੀ. (ਆਈ) ਦਿਗਵਿਜੇ ਕਪਿਲ, ਸਬ ਡਵੀਜ਼ਨ ਫਤਿਹਗੜ੍ਹ ਸਾਹਿਬ ਦੇ ਡੀ. ਐੱਸ. ਪੀ. ਸੁਖਵੀਰ ਸਿੰਘ, ਡੀ. ਐੱਸ. ਪੀ. (ਆਈ) ਰਮਨਦੀਪ ਸਿੰਘ ਦੀ ਨਿਗਰਾਨੀ ਹੇਠਾਂ ਸੀ. ਆਈ. ਏ. ਸਟਾਫ ਸਰਹਿੰਦ ਦੇ ਇੰਚਾਰਜ ਇੰਸਪੈਕਟਰ ਅਮਰਬੀਰ ਸਿੰਘ, ਥਾਣਾ ਫਤਿਹਗੜ੍ਹ ਸਾਹਿਬ ਦੇ ਐੱਸ. ਐੱਚ. ਓ. ਸਬ ਇੰਸਪੈਕਟਰ ਅਰਸ਼ਦੀਪ ਸ਼ਰਮਾ ਨੇ ਸਾਂਝੇ ਤੌਰ ’ਤੇ ਕਾਰਵਾਈ ਕਰਦੇ ਹੋਏ ਜ਼ਿਲਵਾ ਫਤਿਹਗੜ੍ਹ ਸਾਹਿਬ ਵਿਚ ਵਾਪਰੀ ਇਕ ਬਹੁਤ ਹੀ ਸਨਸਨੀਖੇਜ਼ ਘਟਨਾ, ਜਿਸ ਵਿਚ ਇਕ ਔਰਤ ਨੂੰ ਕਿਸੇ ਅਣਪਛਾਤੇ ਵਿਅਕਤੀਆਂ ਵੱਲੋਂ ਜਾਨੋ ਮਾਰਨ ਦੀ ਨੀਅਤ ਨਾਲ ਬੁਰੀ ਤਰ੍ਹਾਂ ਵੱਢ-ਟੁੱਕ ਕਰਕੇ ਨਹਿਰ ਕਿਨਾਰੇ ਸੁੱਟਿਆ ਗਿਆ ਸੀ, ਨੂੰ ਕੁੱਝ ਹੀ ਘੰਟਿਆਂ ਵਿਚ ਸੁਲਝਾਉਣ ਵਿਚ ਸਫਲਤਾ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ : ਮਸ਼ਹੂਰ ਮਾਲ ’ਚ ਚੱਲ ਰਹੇ ਸਪਾ ਸੈਂਟਰਾਂ ’ਤੇ ਪੁਲਸ ਦੀ ਰੇਡ, ਤਿੰਨ ਕੁੜੀਆਂ ਸਮੇਤ 5 ਗ੍ਰਿਫ਼ਤਾਰ

ਆਈ. ਜੀ. ਗੁਰਪ੍ਰੀਤ ਸਿੰਘ ਭੁੱਲਰ ਨੇ ਅੱਗੇ ਦੱਸਿਆ ਕਿ 19 ਅਪ੍ਰੈਲ ਨੂੰ ਸਵੇਰੇ ਪੁਲਸ ਨੂੰ ਸੂਚਨਾ ਮਿਲੀ ਕਿ ਕਿਸੇ ਅਣਪਛਾਤੇ ਵਿਅਕਤੀਆਂ ਵੱਲੋਂ ਇਕ ਅੱਧਖੜ੍ਹ ਉਮਰ ਦੀ ਔਰਤ, ਜਿਸ ਨੂੰ ਜਾਨੋ ਮਾਰਨ ਦੀ ਨੀਅਤ ਨਾਲ ਵੱਢ-ਟੁੱਕ ਕੇ ਉਸ ਨੂੰ ਮਰਿਆ ਸਮਝ ਕੇ ਸੁੱਟਿਆ ਗਿਆ ਹੈ। ਇਸ ’ਤੇ ਤੁਰੰਤ ਹਰਕਤ ਵਿਚ ਆਉਂਦੇ ਹੋਏ ਥਾਣਾ ਫਤਹਿਗੜ੍ਹ ਸਾਹਿਬ ਅਤੇ ਸੀ. ਆਈ. ਏ. ਸਰਹਿੰਦ ਦੀਆਂ ਟੀਮਾਂ ਨੇ ਸਾਂਝੇ ਤੌਰ ’ਤੇ ਤਫਤੀਸ਼ ਅਮਲ ਵਿਚ ਲਿਆਉਂਦੇ ਹੋਏ ਕੁੱਝ ਘੰਟਿਆਂ ਦੇ ਅੰਦਰ-ਅੰਦਰ ਕਥਿਤ ਮੁਲਜ਼ਮਾਂ ਕੁਲਦੀਪ ਸਿੰਘ ਅਤੇ ਜਸਵੀਰ ਸਿੰਘ ਉਰਫ ਜੱਸੀ ਵਾਸੀਆਨ ਪਿੰਡ ਫਿਰੋਜ਼ਪੁਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੂੰ ਥਾਣਾ ਅਮਲੋਹ ਏਰੀਆ ਵਿਚੋਂ ਕਾਬੂ ਕਰ ਲਿਆ ਗਿਆ।

ਇਹ ਵੀ ਪੜ੍ਹੋ : ਮੋਗਾ ਦੇ ਵਾਹਿਗੁਰੂ ਪ੍ਰੀਤ ਸਿੰਘ ਦੀ ਇਟਲੀ ’ਚ ਮੌਤ, 7 ਸਾਲ ਬਾਅਦ PR ਹੋਣ ਮਗਰੋਂ ਅੱਜ ਆਉਣਾ ਸੀ ਪਿੰਡ

ਕਥਿਤ ਮੁਲਜ਼ਮਾਂ ਦੇ ਖ਼ਿਲਾਫ ਥਾਣਾ ਫਤਿਹਗੜ੍ਹ ਸਾਹਿਬ ਵਿਖੇ ਐੱਫ. ਆਈ. ਆਰ. ਦਰਜ ਹੋ ਚੁੱਕਾ ਹੈ। ਦਰਅਸਲ ਇਸ ਮੁਕੱਦਮੇ ਦੇ ਕਥਿਤ ਮੁਲਜ਼ਮ ਕੁਲਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਅਤੇ ਜਸਵੀਰ ਸਿੰਘ ਉਰਫ ਜੱਸੀ ਪੁੱਤਰ ਸ਼ੇਰ ਸਿੰਘ ਵਾਸੀ ਪਿੰਡ ਫਿਰੋਜ਼ਪੁਰ, ਥਾਣਾ ਫਤਿਹਗੜ੍ਹ ਸਾਹਿਬ ਪਿੰਡਾਂ ਵਿਚ ਸਰਕਸ ਵਿਚ ਸਾਈਕਲ ਸ਼ੋਅ ਲਾਉਣ ਦਾ ਕੰਮ ਕਰਦੇ ਹਨ, ਜਿਨ੍ਹਾਂ ਨੇ ਕਰੀਬ 18 ਮਹੀਨੇ ਪਹਿਲਾਂ ਬਲਵੀਰ ਕੌਰ ਦੇ ਪਿੰਡ ਫਰੋਡ ਵਿਖੇ ਸਾਈਕਲ ਸ਼ੋਅ ਲਾਇਆ ਸੀ, ਜਿੱਥੋਂ ਉਨ੍ਹਾਂ ਦੀ ਬਲਵੀਰ ਕੌਰ ਦੇ ਲੜਕੇ ਧਰਮਪ੍ਰੀਤ ਨਾਲ ਦੋਸਤੀ ਹੋ ਗਈ ਅਤੇ ਉਨ੍ਹਾਂ ਦੇ ਘਰ ਆਉਣਾ ਜਾਣਾ ਹੋ ਗਿਆ।18 ਅਪ੍ਰੈਲ ਨੂੰ ਬਲਵੀਰ ਕੌਰ, ਕੁਲਦੀਪ ਸਿੰਘ ਅਤੇ ਜਸਵੀਰ ਸਿੰਘ ਨਾਲ ਉਨ੍ਹਾਂ ਦੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਫਿਰੋਜ਼ਪੁਰ ਵੱਲ ਨੂੰ ਕਿਸੇ ਤਾਂਤਰਿਕ ਨੂੰ ਮੱਥਾ ਟੇਕਣ ਲਈ ਆ ਰਹੀ ਸੀ ਤਾਂ ਰਾਸਤੇ ਵਿਚ ਦੁਪਹਿਰ ਕਰੀਬ 3 ਵਜੇ ਕੁਲਦੀਪ ਸਿੰਘ ਅਤੇ ਜਸਵੀਰ ਸਿੰਘ ਨੇ ਫਿਰੋਜ਼ਪੁਰ ਪਿੰਡ ਤੋਂ ਪਹਿਲਾਂ ਹੀ ਨਹਿਰ ਦੀ ਪੱਟੜੀ ’ਤੇ ਸੁੰਨੀ ਜਗ੍ਹਾ ’ਤੇ ਆਪਣਾ ਮੋਟਰਸਾਈਕਲ ਰੋਕ ਕੇ ਲੋਹੇ ਦੇ ਦਾਤ ਨਾਲ ਜਾਨੋਂ ਮਾਰਨ ਦੀ ਨੀਅਤ ਨਾਲ ਬਲਵੀਰ ਕੌਰ ’ਤੇ ਹਮਲਾ ਕਰ ਦਿੱਤਾ, ਜਿਸ ਵਿਚ ਬਲਵੀਰ ਕੌਰ ਦੀ ਗਰਦਨ ਅਤੇ ਸਰੀਰ ਦੇ ਬਾਕੀ ਹਿੱਸਿਆਂ ’ਤੇ ਕਾਫੀ ਡੂੰਘੇ ਕੱਟ ਲੱਗ ਗਏ ਅਤੇ ਉਹ ਧਰਤੀ ’ਤੇ ਡਿੱਗ ਗਈ ਅਤੇ ਕੁਲਦੀਪ ਸਿੰਘ ਅਤੇ ਜਸਵੀਰ ਸਿੰਘ ਬਲਵੀਰ ਕੌਰ ਨੂੰ ਮਰਿਆ ਸਮਝ ਕੇ ਉੱਥੋਂ ਭੱਜ ਗਏ।

ਇਹ ਵੀ ਪੜ੍ਹੋ : ਘਰ ਵਿਚ ਸ਼ੱਕੀ ਵਿਅਕਤੀ ਦੇਖੇ ਜਾਣ ਤੋਂ ਬਾਅਦ ਨਵਜੋਤ ਸਿੱਧੂ ਨੇ ਚੁੱਕਿਆ ਇਹ ਕਦਮ

ਆਈ. ਜੀ. ਗੁਰਪ੍ਰੀਤ ਸਿੰਘ ਭੁੱਲਰ ਨੇ ਅੱਗੇ ਦੱਸਿਆ ਕਿ ਹੁਣ ਤੱਕ ਦੀ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਕੁਲਦੀਪ ਸਿੰਘ ਅਤੇ ਜਸਵੀਰ ਸਿੰਘ ਉਰਫ ਜੱਸੀ ਕਿਸੇ ਤਾਂਤਰਿਕ ਕੋਲ ਜਾਂਦੇ ਸਨ, ਜਿਸ ਨੇ ਇਨ੍ਹਾਂ ਨੂੰ ਕਿਹਾ ਸੀ ਕਿ ਜੇਕਰ ਤੁਸੀ ਕਿਸੇ ਔਰਤ ਦੀ ਬਲੀ ਦਿੰਦੇ ਹੋ ਤਾਂ ਤੁਸੀਂ ਕੁੱਝ ਹੀ ਸਮੇਂ ਵਿਚ ਬਹੁਤ ਅਮੀਰ ਹੋ ਜਾਓਗੇ। ਤੁਹਾਨੂੰ ਦਿਹਾੜੀਆਂ ਕਰਨ ਦੀ ਲੋੜ ਨਹੀਂ ਪਵੇਗੀ, ਤੁਹਾਡੀਆਂ ਖੁਦ ਦੀਆਂ ਹੀ ਫੈਕਟਰੀਆਂ ਲੱਗ ਜਾਣਗੀਆਂ ਜੋ ਤਾਂਤਰਿਕ ਦੇ ਕਹਿਣ ਅਨੁਸਾਰ ਇਨ੍ਹਾਂ ਦੋਵਾਂ ਨੇ ਰਲ ਕੇ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਉਨ੍ਹਾਂ ਦੱਸਿਆ ਕਿ ਤਾਂਤਰਿਕ ਦੀ ਫਿਲਹਾਲ ਪੁਸ਼ਟੀ ਨਹੀਂ ਹੋ ਸਕੀ ਹੈ, ਜਿਸ ਨੂੰ ਵੀ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ ਅਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : 22 ਸਾਲਾ ਪੁੱਤ ਦੀ ਲਾਸ਼ ਦੇਖ ਧਾਹਾਂ ਮਾਰ ਰੋਇਆ ਪਿਓ, ਕਿਹਾ ਨਸ਼ੇ ਨੇ ਬਰਬਾਦ ਕਰ ’ਤਾ ਮੇਰਾ ਘਰ


Gurminder Singh

Content Editor

Related News