ਘਰ ''ਚ 100 ਕਰੋੜ ਰੁਪਏ ਦਾ ਸੋਨਾ ਹੈ ਦੱਬਿਆ ਦੱਸ ਕੇ ਤਾਂਤਰਿਕ ਨੇ ਮਾਰੀ ਲੱਖਾਂ ਦੀ ਠੱਗੀ
Tuesday, Nov 26, 2019 - 07:01 PM (IST)
![ਘਰ ''ਚ 100 ਕਰੋੜ ਰੁਪਏ ਦਾ ਸੋਨਾ ਹੈ ਦੱਬਿਆ ਦੱਸ ਕੇ ਤਾਂਤਰਿਕ ਨੇ ਮਾਰੀ ਲੱਖਾਂ ਦੀ ਠੱਗੀ](https://static.jagbani.com/multimedia/2019_11image_18_16_349074286machi3.jpg)
ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਥਾਣਾ ਅਧੀਨ ਪੈਂਦੇ ਪਿੰਡ ਚੱਕ ਲੋਹਟ ਦੇ ਨਿਵਾਸੀ ਬਲਬੀਰ ਸਿੰਘ ਨਾਲ ਤਾਂਤਰਿਕਾ ਵਲੋਂ ਉਸਦੇ ਘਰ 100 ਕਰੋੜ ਰੁਪਏ ਦਾ ਸੋਨਾ ਦੱਬਿਆ ਦੱਸ ਕੇ 3 ਲੱਖ ਰੁਪਏ ਦੀ ਠੱਗੀ ਮਾਰ ਲਈ ਅਤੇ ਅੱਜ ਜਦੋਂ ਉਹ 2 ਲੱਖ ਰੁਪਏ ਹੋਰ ਲੈਣ ਆਏ ਤਾਂ ਪੁਲਸ ਨੇ ਕਾਬੂ ਕਰ ਲਏ। ਰਾਜ ਮਿਸਤਰੀ ਦਾ ਕੰਮ ਕਰਦੇ ਬਲਬੀਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੁੱਝ ਦਿਨ ਪਹਿਲਾਂ ਉਸ ਦੀਆਂ ਉਂਗਲਾਂ ਵਿਚ ਦਰਦ ਹੋਣ ਲੱਗਾ ਤਾਂ ਬਹਿਰਾਮਪੁਰ ਵਿਖੇ ਇਕ ਮੁਸਲਮਾਨ ਹਕੀਮ ਕੋਲ ਆਪਣਾ ਇਲਾਜ ਕਰਵਾਉਣ ਗਏ, ਉਂਗਲਾਂ ਦੇਖ ਕੇ ਹਕੀਮ ਨੇ ਕਿਹਾ ਕਿ ਉਸਦੇ ਘਰ ਜ਼ਮੀਨ ਹੇਠਾਂ ਖ਼ਜ਼ਾਨਾ ਦੱਬਿਆ ਹੈ ਜਿਸ ਵਿਚ ਸੋਨੇ ਦੀਆਂ ਅਸ਼ਰਫ਼ੀਆਂ, ਗਹਿਣੇ ਜੋ ਕਿ 2.50 ਕੁਇੰਟਲ ਤੋਂ ਵੱਧ ਹਨ, ਜਿਨ੍ਹਾਂ ਦੀ ਬਾਜ਼ਾਰੀ ਕੀਮਤ 100 ਕਰੋੜ ਤੋਂ ਵੱਧ ਬਣਦੀ ਹੈ। ਇਸ ਹਕੀਮ ਦੇ ਝਾਂਸੇ ਵਿਚ ਆ ਕੇ ਬਲਬੀਰ ਸਿੰਘ ਉਸ ਨੂੰ ਆਪਣੇ ਪਿੰਡ ਚੱਕ ਲੋਹਟ ਲੈ ਆਇਆ ਅਤੇ ਉਸਨੇ ਕਮਰੇ ਬੰਦ ਕਰਕੇ ਪੂਜਾ ਅਰਚਨਾ ਸ਼ੁਰੂ ਕਰ ਦਿੱਤੀ। ਬਲਬੀਰ ਸਿੰਘ ਨੇ ਦੱਸਿਆ ਕਿ 2 ਵਿਅਕਤੀ ਗੁਲਜ਼ਾਰ ਵਾਸੀ ਗਾਜ਼ਿਆਬਾਦ, ਰਮਜ਼ਾਨ ਵਾਸੀ ਕੁੱਲੂ ਹਾਲ ਅਬਾਦ ਬਸੀ ਗੁੱਜਰਾਂ ਦੇ ਰਹਿਣ ਵਾਲੇ ਹਨ ਅਤੇ ਇਨ੍ਹਾਂ ਦੋਵਾਂ ਤਾਂਤਰਿਕਾਂ ਨੇ ਪਹਿਲੇ ਦਿਨ ਉਸ ਕੋਲੋਂ 18 ਹਜ਼ਾਰ ਰੁਪਏ ਪੂਜਾ ਤੇ ਤੰਤਰ-ਮੰਤਰਾਂ ਲਈ ਲੈ ਲਏ। ਬਲਬੀਰ ਸਿੰਘ ਅਨੁਸਾਰ ਇਹ ਦੋਵੇਂ ਵਿਅਕਤੀ 2-4 ਦਿਨ ਛੱਡ ਕੇ ਉਸਦੇ ਘਰ ਆਉਣ ਲੱਗੇ ਅਤੇ ਪੂਜਾ ਤੇ ਮੰਤਰ ਮਾਰ ਕੇ ਕਹਿਣ ਲੱਗੇ ਕਿ ਉਸਦੇ ਘਰ ਹੇਠਾਂ ਦੱਬਿਆ ਖ਼ਜ਼ਾਨਾ ਉਪਰ ਨੂੰ ਆਉਣਾ ਸ਼ੁਰੂ ਹੋ ਗਿਆ ਜਿਸ ਨਾਲ ਠੱਗੀ ਦਾ ਸਿਲਸਿਲਾ ਚੱਲਦਾ ਰਿਹਾ ਤੇ ਤਾਂਤਰਿਕ ਉਸ ਤੋਂ ਥੋੜੇ-ਥੋੜੇ ਪੈਸੇ ਲੈਂਦੇ ਰਹੇ।
ਫਿਰ ਇਕ ਦਿਨ ਦੋਵੇਂ ਤਾਂਤਰਿਕਾਂ ਨੇ ਕਿਹਾ ਕਿ 2 ਲੱਖ ਰੁਪਏ, 21 ਕਿਲੋ ਦੇਸੀ ਘਿਓ, ਚਾਵਲ ਅਤੇ ਹੋਰ ਸਮੱਗਰੀ ਦੀ ਲੋੜ ਹੈ ਜਿਸ ਨਾਲ ਜ਼ਮੀਨ 'ਚ ਦੱਬਿਆ ਕਰੋੜਾਂ ਰੁਪਏ ਦਾ ਖ਼ਜ਼ਾਨਾ ਬਾਹਰ ਆਉਣਾ ਸ਼ੁਰੂ ਹੋ ਜਾਵੇਗਾ। ਬਲਬੀਰ ਸਿੰਘ ਨੇ ਝਾਂਸੇ ਵਿਚ ਆ ਕੇ ਪੈਸੇ ਦਾ ਇੰਤਜ਼ਾਮ ਕਰਕੇ ਸਮਾਨ ਉਸਨੂੰ ਦੇ ਦਿੱਤਾ ਅਤੇ ਘਰ ਵਿਚ ਪੂਜਾ ਕਰਦੇ ਹੋਏ ਘਰ ਦਾ ਫਰਸ਼ ਪੁੱਟ ਕੇ ਇਕ ਘੜਾ ਜਿਸ ਉਪਰ ਕੁੱਝ ਸਿੱਕੇ ਸਨ ਨੂੰ ਦਿਖਾ ਕੇ ਕਿਹਾ ਕਿ ਖ਼ਜ਼ਾਨਾ ਬਾਹਰ ਆਉਣਾ ਸ਼ੁਰੂ ਹੋ ਗਿਆ ਹੈ।
ਤਾਂਤਰਿਕ ਠੱਗਾਂ ਨੇ 7 ਘੜੇ ਅਤੇ 13 ਲੱਖ ਰੁਪਏ ਦਾ ਸੋਨਾ ਮੰਗਿਆ
ਇਨ੍ਹਾਂ ਤਾਂਤਰਿਕ ਠੱਗਾਂ ਵਲੋਂ ਬਲਬੀਰ ਸਿੰਘ ਨੂੰ ਸਿੱਕਿਆਂ ਨਾਲ ਭਰਿਆ ਇਕ ਘੜਾ ਦਿਖਾ ਕੇ ਕਿਹਾ ਕਿ ਉਸਦੇ ਘਰ ਵਿਚ ਦੱਬਿਆ ਖ਼ਜ਼ਾਨਾ ਬਾਹਰ ਆਉਣਾ ਸ਼ੁਰੂ ਹੋ ਗਿਆ ਹੈ ਇਸ ਲਈ ਉਹ 7 ਖਾਲੀ ਘੜੇ ਅਤੇ 13 ਲੱਖ ਰੁਪਏ ਦੇ ਸੋਨੇ ਦਾ ਇੰਤਜ਼ਾਮ ਕਰੇ ਤਾਂ ਜੋ ਬਾਕੀ ਖ਼ਜ਼ਾਨਾ ਵੀ ਕੱਢਿਆ ਜਾ ਸਕੇ। ਇਨ੍ਹਾਂ ਤਾਂਤਰਿਕ ਠੱਗਾਂ ਨੇ ਇਹ ਵੀ ਮੰਗ ਕੀਤੀ ਕਿ ਜਿੰਨਾ ਖ਼ਜ਼ਾਨਾ ਜ਼ਮੀਨ 'ਚੋਂ ਨਿਕਲੇਗਾ ਉਸਦਾ 30 ਫੀਸਦੀ ਉਹ ਲੈਣਗੇ। ਬਲਬੀਰ ਸਿੰਘ ਨੇ ਇਨ੍ਹਾਂ ਠੱਗਾਂ ਨੂੰ ਕਿਹਾ ਕਿ ਉਹ ਇੰਨੇ ਸੋਨੇ ਦਾ ਇੰਤਜ਼ਾਮ ਨਹੀਂ ਕਰ ਸਕਦਾ ਤਾਂ ਅਖੀਰ 1 ਲੱਖ 90 ਹਜ਼ਾਰ ਰੁਪਏ ਦਾ ਸੋਨੇ ਦੇਣਾ ਤੈਅ ਹੋ ਗਿਆ। ਬਲਬੀਰ ਸਿੰਘ ਨੂੰ ਆਪਣੇ ਨਾਲ ਹੋਈ ਠੱਗੀ ਦਾ ਅਹਿਸਾਸ ਹੋਣ ਲੱਗ ਪਿਆ ਅਤੇ ਉਸਨੇ ਪਿੰਡ ਦੇ ਸਰਪੰਚ ਮਨਜੀਤ ਕੌਰ, ਉਸਦੇ ਪਤੀ ਚੇਤ ਸਿੰਘ ਨਾਲ ਇਨ੍ਹਾਂ ਤਾਂਤਰਿਕਾਂ ਬਾਰੇ ਸਾਰੀ ਗੱਲਬਾਤ ਦੱਸੀ।
ਪਿੰਡ ਦੀ ਪੰਚਾਇਤ ਨੇ ਤਾਂਤਰਿਕ ਠੱਗਾਂ ਨੂੰ ਕਾਬੂ ਕਰਨ ਲਈ ਵਿਛਾਇਆ ਜਾਲ
ਪਿੰਡ ਚੱਕ ਲੋਹਟ ਦੀ ਪੰਚਾਇਤ ਤੇ ਕੁੱਝ ਮੋਹਤਬਰ ਵਿਅਕਤੀਆਂ ਵਲੋਂ ਇਨ੍ਹਾਂ ਤਾਂਤਰਿਕ ਠੱਗਾਂ ਉਪਰ ਕਾਬੂ ਪਾਉਣ ਲਈ ਬਲਬੀਰ ਸਿੰਘ ਤੋਂ ਫੋਨ ਕਰਵਾਇਆ ਕਿ 1 ਲੱਖ 90 ਹਜ਼ਾਰ ਰੁਪਏ ਸੋਨੇ ਦੇ ਗਹਿਣੇ ਦਾ ਇੰਤਜ਼ਾਮ ਹੋ ਗਿਆ ਅਤੇ ਉਹ ਆ ਕੇ ਘਰ ਵਿਚ ਦੱਬਿਆ ਖ਼ਜ਼ਾਨਾ ਬਾਹਰ ਕੱਢਣ। ਲੰਘੀਂ 25 ਨਵੰਬਰ ਦੀ ਰਾਤ 9 ਵਜੇ ਤਾਂਤਰਿਕ ਠੱਗ ਗੁਲਜ਼ਾਰ ਤੇ ਰਮਜਾਨ ਅਲੀ ਬਲਬੀਰ ਸਿੰਘ ਦੇ ਘਰ ਆਏ ਅਤੇ ਸਾਰੇ ਦਰਵਾਜ਼ੇ ਬੰਦ ਕਰ ਕਮਰੇ 'ਚ ਬੈਠ ਕੇ ਤੰਤਰ-ਮੰਤਰ ਪੜ੍ਹਨੇ ਸ਼ੁਰੂ ਕਰ ਦਿੱਤੇ ਅਤੇ ਸੋਨਾ ਲਿਆਉਣ ਲਈ ਕਿਹਾ। ਠੱਗੀ ਦਾ ਸ਼ਿਕਾਰ ਹੋਏ ਬਲਬੀਰ ਸਿੰਘ ਨੇ ਇਸ ਦੀ ਸੂਚਨਾ ਪੰਚਾਇਤ ਨੂੰ ਦਿੱਤੀ ਅਤੇ ਪਿੰਡ ਵਾਸੀਆਂ ਨੇ ਇਨ੍ਹਾਂ ਠੱਗਾਂ ਨੂੰ ਘੇਰ ਲਿਆ। ਪੰਚਾਇਤ ਦੀ ਮੌਜੂਦਗੀ ਵਿਚ ਇਨ੍ਹਾਂ ਦੋਵੇਂ ਠੱਗਾਂ ਨੇ ਮੰਨਿਆ ਕਿ ਘਰ ਵਿਚ ਕੋਈ ਖ਼ਜ਼ਾਨਾ ਨਹੀਂ ਦੱਬਿਆ ਅਤੇ ਅਜੇ ਪਿੰਡ ਵਾਸੀਆਂ ਵਲੋਂ ਪੁਲਸ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਹਨ੍ਹੇਰੇ ਦਾ ਫਾਇਦਾ ਉਠਾਉਂਦੇ ਇਹ ਦੋਵੇਂ ਭੱਜ ਗਏ। ਇਸ ਦੌਰਾਨ ਸ਼ੇਰਪੁਰ ਪੁਲਸ ਚੌਂਕੀ ਇੰਚਾਰਜ ਪ੍ਰਗਟ ਸਿੰਘ ਵਲੋਂ ਇਨ੍ਹਾਂ ਭੱਜੇ ਜਾਂਦੇ ਤਾਂਤਰਿਕ ਠੱਗਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਵਲੋਂ ਅੱਜ ਬਲਬੀਰ ਸਿੰਘ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਜਾਂਚ ਦੌਰਾਨ ਸਾਹਮਣੇ ਆਇਆ ਕਿ ਇਨ੍ਹਾਂ ਦੋਵੇਂ ਠੱਗ ਤਾਂਤਰਿਕਾਂ ਵਲੋਂ ਘਰ 'ਚ 100 ਕਰੋੜ ਦਾ ਸੋਨਾ ਦੱਬਿਆ ਦੱਸ ਕੇ 3 ਲੱਖ ਰੁਪਏ ਦੀ ਠੱਗੀ ਮਾਰੀ। ਇਨ੍ਹਾਂ ਦੋਵੇਂ ਕਥਿਤ ਠੱਗਾਂ ਖਿਲਾਫ਼ ਪਰਚਾ ਦਰਜ਼ ਕਰਨ ਦੀ ਕਾਰਵਾਈ ਆਰੰਭੀ ਗਈ ਹੈ।