ਗੁਰੂ ਨਗਰੀ ’ਚ ਰੇਵ ਪਾਰਟੀਆਂ ’ਚ ਚੱਲਦੈ ਨਸ਼ਾ, ਸਿੰਥੈਟਿਕ ਡਰੱਗਜ਼ ਅਤੇ ਸ਼ਰਾਬ  ਦਾ ਦੌਰ

Saturday, Nov 09, 2024 - 05:00 AM (IST)

ਗੁਰੂ ਨਗਰੀ ’ਚ ਰੇਵ ਪਾਰਟੀਆਂ ’ਚ ਚੱਲਦੈ ਨਸ਼ਾ, ਸਿੰਥੈਟਿਕ ਡਰੱਗਜ਼ ਅਤੇ ਸ਼ਰਾਬ  ਦਾ ਦੌਰ

ਅੰਮ੍ਰਿਤਸਰ (ਜਸ਼ਨ) - ਪੱਛਮੀ ਸੱਭਿਅਤਾ ਦਾ ਅਸਰ ਹੁਣ ਗੁਰੂ ਨਗਰੀ ਤੱਕ ਵੀ ਪੁੱਜਣਾ ਸ਼ੁਰੂ ਹੋ ਗਿਆ ਹੈ। ਦਰਅਸਲ, ਇਹ ਸਾਰਾ ਮਾਮਲਾ ਰੇਵ ਪਾਰਟੀਆਂ ਦਾ ਆਯੋਜਨ ਹੈ ਜੋ ਖਾਸ ਕਰ ਕੇ ਨੌਜਵਾਨਾਂ ਦੀ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ। ਪਤਾ ਲੱਗਾ ਹੈ ਕਿ ਗੁਰੂ ਨਗਰੀ ਵਿਚ ਵੱਡੇ ਪੱਧਰ ’ਤੇ ਰੇਵ ਪਾਰਟੀਆਂ ਦਾ ਆਯੋਜਨ  ਸ਼ਹਿਰ ਦੇ ਪੌਸ਼ ਇਲਾਕਿਆਂ ਵਿਚ ਖੁੱਲ੍ਹੇ ਕੁਝ ਹੋਟਲਾਂ ਅਤੇ ਸ਼ਹਿਰ ਤੋਂ ਦੂਰ ਬਣੇ ਕੁਝ ਰਿਜੋਰਟਾਂ  ਵਿਚ ਵੱਡੇ ਪੱਧਰ ’ਤੇ ਚੱਲ ਰਹੇ ਹਨ।  ਹੈਰਾਨੀ ਵਾਲੀ ਗੱਲ ਹੈ ਕਿ ਹੋਟਲ ਸੰਚਾਲਕ ਵੀ ਇਸ ਵਿਚ ਦਿਲਚਸਪੀ ਦਿਖਾ ਰਹੇ ਹਨ। ਹਾਲਾਂਕਿ ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਸਾਡੇ ਨੌਜਵਾਨ ਹੀ ਦੇਸ਼ ਦਾ ਭਵਿੱਖ ਹਨ ਅਤੇ ਜੇਕਰ ਨੌਜਵਾਨ ਹੀ ਨਸ਼ਿਆਂ ਦੇ ਜਾਲ ਵਿੱਚ ਫਸੇ ਰਹੇ ਤਾਂ ਸਾਡਾ ਅਤੇ ਦੇਸ਼ ਦਾ ਭਵਿੱਖ ਕੀ ਹੋਵੇਗਾ? ਸ਼ਾਇਦ ਇਹ ਦੱਸਣ ਦੀ ਕੋਈ ਲੋੜ ਨਹੀਂ।

ਕਿਵੇਂ ਕੀਤਾ ਜਾਂਦਾ ਹੈ ਰੇਵ ਪਾਰਟੀਆਂ ਦਾ ਆਯੋਜਨ 
ਪੱਛਮੀ ਸੱਭਿਅਤਾ ਦੀ ਤਰਜ਼ ’ਤੇ ਪਹਿਲਾਂ ਇਹ ਰੇਵ ਪਾਰਟੀਆਂ ਦੇਸ਼ ਦੇ ਮਹਾਨਗਰਾਂ ਜਿਵੇਂ ਦਿੱਲੀ, ਮੁੰਬਈ, ਕੋਲਕਾਤਾ ਅਤੇ ਮੁਦਰਾਏ ਦੇ ਵੱਡੇ-ਵੱਡੇ ਹੋਟਲਾਂ ਵਿਚ ਆਯੋਜਿਤ ਕੀਤੀਆਂ ਜਾਂਦੀਆਂ ਸੀ ਪਰ ਹੁਣ ਸਮੇਂ ਦੇ ਨਾਲ ਇਨ੍ਹਾਂ ਦਾ ਆਯੋਜਨ  ਛੋਟੇ ਸ਼ਹਿਰਾਂ ਵਿਚ ਵੀ ਵੱਡੇ ਪੱਧਰ ’ਤੇ ਪੁੱਜ ਚੁੱਕਾ ਹੈ। ਇਹ ਪਾਰਟੀਆਂ ਮਹੀਨੇ ਵਿਚ ਇਕ ਜਾਂ ਦੋ ਵਾਰ ਹੀ ਆਯੋਜਿਤ ਕੀਤੀਆਂ ਜਾਂਦੀਆਂ ਹਨ। ਅਜਿਹੀ ਸਥਿਤੀ ਵਿਚ, ਇਨ੍ਹਾਂ ਰੇਵ ਪਾਰਟੀਆਂ ਦੇ ਪ੍ਰਬੰਧਕ ਪਹਿਲਾਂ ਇਕ ਵ੍ਹਟਸਐਪ ਗਰੁੱਪ ਬਣਾਉਂਦੇ ਹਨ, ਜਿਸ ਵਿਚ ਵੱਡੇ ਘਰਾਂ ਦੇ ਨੌਜਵਾਨ (ਬੱਚੇ) ਅਤੇ ਉੱਚ ਵਰਗ ਦੇ ਲੋਕ ਸ਼ਾਮਲ ਹੁੰਦੇ ਹਨ। 

ਇਸ ਤੋਂ ਬਾਅਦ ਵ੍ਹਟਸਐਪ ਗਰੁੱਪ ਦੇ ਪ੍ਰਬੰਧਕ, ਵੱਖ-ਵੱਖ ਸ਼ਹਿਰਾਂ ਵਿਚ ਅਤੇ ਸ਼ਹਿਰ ਤੋਂ ਦੂਰ ਬਣੇ  ਕੁਝ ਹੋਟਲਾਂ ਦੇ  ਸੰਚਾਲਕਾਂ ਨਾਲ ਮਿਲ ਕੇ ਪਾਰਟੀ ਦੀ ਸ਼ੁਰੂਆਤ ਕਰਦੇ ਹਨ ਅਤੇ ਫਿਰ ਸੰਚਾਲਕ ਪਾਰਟੀ ਹੋਣ ਵਾਲੇ ਹੋਟਲ ਅਤੇ ਸ਼ਹਿਰ ਦਾ ਨਾਂ ਵ੍ਹਟਸਐਪ ਗਰੁੱਪ ਵਿਚ ਪਾਉਂਦੇ ਹਨ। ਇਸ ਤੋਂ ਬਾਅਦ ਵ੍ਹਟਸਐਪ ਗਰੁੱਪ ਵਿਚ ਬਣੇ ਮੈਂਬਰਾਂ ਨੂੰ ਇਸ ਪਾਰਟੀ ਦਾ ਐਂਟਰੀ ਫੀਸ ਭੁਗਤਾਨ ਕਰਨ ਲਈ ਕਿਹਾ ਜਾਂਦਾ ਹੈ। ਪਤਾ ਲੱਗਾ ਹੈ ਕਿ ਇਨ੍ਹਾਂ ਪਾਰਟੀਆਂ ਵਿਚ ਹਿੱਸਾ ਲੈਣ ਲਈ  ਕਈ ਹਜ਼ਾਰਾਂ  ਰੁਪਏ  ਦੀ ਐਂਟਰੀ ਫੀਸ  ਰੱਖੀ  ਜਾਂਦੀ  ਹੈ। ਇਸ ਤੋਂ ਇਲਾਵਾ ਪਾਰਟੀ ਵਿਚ ਹਿੱਸਾ ਲੈਣ ਵਾਲੇ ਲੋਕਾਂ ਨੂੰ ਪਾਰਟੀ ਵਿਚ ਕਾਫੀ ਮੋਟੀ ਰਾਸ਼ੀ ’ਤੇ  ਨਸ਼ੀਲੇ ਪਦਾਰਥ ਅਤੇ ਸਰਾਬ ਪਰੋਸੀ ਜਾਂਦੀ ਹੈ।

ਕੀ-ਕੀ ਦਿੱਤਾ ਜਾਂਦੈ ਇਨ੍ਹਾਂ ਪਾਰਟੀਆਂ ’ਚ   
ਰੇਵ ਪਾਰਟੀਆਂ ਵਿਚ ਨਸ਼ੀਲੇ ਪਦਾਰਥਾਂ ਅਤੇ ਸ਼ਰਾਬ  ਦੀ ਵਰਤੋਂ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ। ਇਨ੍ਹਾਂ ਦਾ ਸੇਵਨ ਕਰਨ ਵਾਲੇ ਜ਼ਿਆਦਾਤਰ ਨੌਜਵਾਨ ਵਰਗ ਨਾਲ ਸਬੰਧਤ ਹਨ। ਇਨ੍ਹਾਂ ਵਿਚ ਮਰਦ, ਔਰਤਾਂ, ਨੌਜਵਾਨ ਲੜਕੇ ਅਤੇ ਲੜਕੀਆਂ ਖੁੱਲ੍ਹੇਆਮ ਨਸ਼ੇ ਦਾ ਸੇਵਨ ਕਰਦੇ ਅਤੇ ਡਾਂਸ ਫਲੋਰ ’ਤੇ ਥਿੱਰਕਦੇ  ਨਜ਼ਰ ਆਉਂਦੇ ਹਨ। 

ਸ਼ਹਿਰ ਦੇ ਪੌਸ਼ ਖੇਤਰਾਂ ਦੇ ਹੋਟਲਾਂ ਤੋਂ ਇਲਾਵਾ, ਇਹ ਪਾਰਟੀਆਂ ਜ਼ਿਆਦਾਤਰ ਆਈਸੋਲੇਟਿਡ ਏਰੀਆ (ਸ਼ਹਿਰ ਦੇ ਦੂਰ-ਦੁਰਾਡੇ ਦੇ ਖੇਤਰ) ਵਿਚ ਆਯੋਜਿਤ ਕੀਤੀਆਂ ਜਾਂਦੀਆਂ ਹਨ। ਕਈ ਵਾਰ ਇਹ ਪਾਰਟੀਆਂ ਕੁਝ ਥੀਮਾਂ ਦੇ ਆਧਾਰ ’ਤੇ ਆਯੋਜਿਤ ਕੀਤੀਆਂ ਜਾਂਦੀਆਂ ਹਨ  ਅਤੇ ਮੈਂਬਰਾਂ ਨੂੰ ਇਸ ਵਿਚ ਦਾਖਲ ਹੋਣ ਲਈ ਕੋਈ ਡਰੈੱਸ ਕੋਡ (ਪਛਾਣ ਲਈ) ਜਾਂ ਇਕ ਗੁੱਟ ਬੈਂਡ ਦਿਖਾਉਣਾ ਪੈਂਦਾ ਹੈ। 

ਜੇਕਰ ਮੈਂਬਰ ਡਰੈੱਸ ਕੋਡ ਦੀ ਪਾਲਣਾ ਨਹੀਂ ਕਰਦਾ ਹੈ ਤਾਂ ਉਸ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਅਸਲ ਵਿਚ ਇਹ ਸਾਰੀਆਂ ਗਤੀਵਿਧੀਆਂ ਪੁਲਸ ਤੋਂ ਬਚਣ ਲਈ ਕੀਤੀਆਂ ਜਾਂਦੀਆਂ ਹਨ, ਕਿਉਂਕਿ ਇਨ੍ਹਾਂ ਪਾਰਟੀਆਂ ਵਿਚ ਵੱਖ-ਵੱਖ ਤਰ੍ਹਾਂ ਦੇ ਨਸ਼ੀਲੇ ਪਦਾਰਥਾਂ (ਸਮੈਕ, ਹੈਰੋਇਨ), ਸਿੰਥੈਟਿਕ ਡਰੱਗਜ਼ ਅਤੇ ਸ਼ਰਾਬ ਆਦਿ ਦੀ ਵਰਤੋਂ ਕਾਫੀ ਜ਼ਿਆਦਾ ਕੀਤੀ ਜਾਂਦੀ ਹੈ, ਜਦਕਿ ਇਹ ਸਭ ਕੁਝ ਕਾਨੂੰਨੀ ਦੇ ਦਾਇਰੇ ਤੋਂ ਬਾਹਰ ਹੈ।

ਕਿਹੜਾ-ਕਿਹੜਾ ਰੱਖਿਆ ਹੈ ਸਮਾਂ ਇਨ੍ਹਾਂ ਪਾਰਟੀਆਂ ਲਈ  
ਇਹ ਰੇਵ ਪਾਰਟੀਆਂ ਹਮੇਸ਼ਾ ਰਾਤ ਨੂੰ ਹੀ ਕੀਤੀਆਂ ਜਾਂਦੀਆ ਹਨ। ਇਹ ਜ਼ਿਆਦਾਤਰ ਸ਼ਹਿਰ ਦੇ ਪੌਸ਼ ਹੋਟਲਾਂ ਵਿਚ ਜਾ ਫਿਰ ਸ਼ਹਿਰ ਤੋਂ ਦੂਰ ਕਿਸੇ ਸੁੰਨਸਾਨ ਇਲਾਕਿਆਂ ਵਿਚ ਕਰਵਾਈਆਂ ਜਾਂਦੀਆਂ ਹਨ। ਇਨ੍ਹਾਂ ਪਾਰਟੀਆਂ ਦਾ ਸ਼ੁਰੂ ਹੋਣ ਦਾ ਸਮਾਂ ਰਾਤ 11 ਵਜੇ ਹੈ ਅਤੇ ਇਹ ਪਾਰਟੀਆਂ ਅਗਲੇ ਦਿਨ ਸਵੇਰੇ 5 ਵਜੇ ਤੱਕ ਚੱਲਦੀਆਂ ਹਨ। ਇਨ੍ਹਾਂ ਪਾਰਟੀਆਂ ਵਿਚ ਪੰਜ-ਛੇ ਡੀ. ਜੇ. (ਮਿਊਜ਼ਿਕ ਪਲੇਅਰ) ਬੁਲਾਏ ਜਾਂਦੇ ਹਨ ਅਤੇ ਹਰੇਕ ਡੀ. ਜੇ. ਦਾ ਸੰਗੀਤ ਵਜਾਉਣ ਦਾ ਸਮਾਂ ਇਕ ਤੋਂ ਦੋ ਘੰਟੇ ਰੱਖਿਆ ਜਾਂਦਾ ਹੈ, ਕਿਉਂਕਿ ਇਨ੍ਹਾਂ ਪਾਰਟੀਆਂ ਵਿਚ ਨਸ਼ੇ ਦੀ ਬਹੁਤ ਜ਼ਿਆਦਾ ਖਪਤ ਹੁੰਦੀ ਹੈ, ਅਜਿਹੇ ਵਿਚ ਨੌਜਵਾਨ ਅਤੇ ਲੋਕ ਇਕ ਦੂਜੇ ਵੱਲ ਆਕਰਸ਼ਿਤ ਹੋ ਕੇ ਰਾਤ ਤੋਂ ਤੜਕੇ ਤੱਕ ਡੀਜੇ ਫਲੋਰ ’ਤੇ ਥਿਰਕਦੇ ਰਹਿੰਦੇ ਹਨ। 

ਹੈਰਾਨੀ ਦੀ ਗੱਲ ਇਹ ਹੈ ਕਿ ਹੁਣ ਨੌਜਵਾਨ ਲੜਕੇ-ਲੜਕੀਆਂ ਇਨ੍ਹਾਂ ਪਾਰਟੀਆਂ ਵਿਚ ਬੜੇ ਉਤਸ਼ਾਹ ਨਾਲ ਹਿੱਸਾ ਲੈਂਦੇ ਹਨ ਅਤੇ ਨਸ਼ੇ ਵਿਚ ਧੁੱਤ ਹੋ ਕੇ ਇਕ-ਦੂਜੇ ਨਾਲ ਸੈਕਸ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਪਾਰਟੀ ਸ਼ੁਰੂ ਹੋਣ ’ਤੇ ਪਹਿਲਾਂ ਮੈਂਬਰਾਂ ਨੂੰ ਬੀਅਰ ਅਤੇ ਸ਼ਰਾਬ ਪਰੋਸੀ ਜਾਂਦੀ ਹੈ ਅਤੇ ਫਿਰ ਜਿਵੇਂ-ਜਿਵੇਂ ਸਮਾਂ ਬੀਤਦਾ ਹੈ, ਪਾਰਟੀ ਪ੍ਰਬੰਧਕ ਖੁਦ ਮੈਂਬਰਾਂ ਨੂੰ ਹੋਰ ਨਸ਼ੀਲੇ ਪਦਾਰਥ ਵੇਚਦੇ ਹਨ ਅਤੇ ਬਦਲੇ ਵਿਚ ਉਨ੍ਹਾਂ ਤੋਂ ਮੋਟੀ ਰਕਮ ਵਸੂਲਦੇ ਹਨ।

ਇਨ੍ਹਾਂ ਰੇਵ ਪਾਰਟੀਆਂ ਦਾ ਰੁਝਾਨ ਕਾਫੀ ਵੱਧਦਾ ਜਾ ਰਿਹਾ ਹੈ ਅਤੇ ਨੌਜਵਾਨ ਇਸ ਵਿਚ ਆਕਰਸ਼ਿਤ ਹੋ ਕੇ ਹਿੱਸਾ ਲੈ ਰਹੇ ਹਨ, ਕਿਉਂਕਿ ਅਜਿਹੀਆਂ ਪਾਰਟੀਆਂ ਵਿਚ ਨਸ਼ੇ ਦਾ ਬਹੁਤ ਜ਼ਿਆਦਾ ਸੇਵਨ ਹੁੰਦਾ ਹੈ, ਇਸ ਲਈ ਪੁਲਸ ਪ੍ਰਸ਼ਾਸਨ ਨੂੰ ਹੁਣ ਇਸ ਪਾਸੇ ਜ਼ਿਆਦਾ ਧਿਆਨ ਦੇਣਾ ਪਵੇਗਾ ਅਤੇ ਅਜਿਹੀਆਂ ਪਾਰਟੀਆਂ ’ਤੇ ਛਾਪੇਮਾਰੀ ਕਰਨੀ ਪਵੇਗੀ। ਇਸ ਤੋਂ ਇਲਾਵਾ ਪੁਲਸ ਨੂੰ ਹੋਟਲਾਂ ਵਾਲਿਆਂ ’ਤੇ ਕਾਰਵਾਈ ਕਰਨੀ ਚਾਹੀਦੀ ਹੈ ਜੋ ਕਿ ਅਜਿਹੀਆਂ ਪਾਰਟੀਆਂ ਲਈ ਆਪਣੀ ਜਗ੍ਹਾ ਦਿੰਦੇ ਹਨ।  ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਵੇਰਕਾ ਬਾਈਪਾਸ ਸਥਿਤ ਇਕ ਹੋਟਲ ਵਿਚ ਅਜਿਹੀ ਹੀ ਇਕ ਰੇਵ ਪਾਰਟੀ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਦਾ ਸੱਦਾ ਪੱਤਰ ਸੋਸ਼ਲ ਮੀਡੀਆ ’ਤੇ ਵੀ ਕਾਫੀ ਵਾਇਰਲ ਹੋ ਚੁੱਕਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਸ ਕੀ ਕਾਰਵਾਈ ਕਰਦੀ ਹੈ?


author

Inder Prajapati

Content Editor

Related News