ਨਰਕ ਬਣਦਾ ਜਾ ਰਿਹਾ ਅੰਮ੍ਰਿਤਸਰ ਦਾ ‘ਬਿਜ਼ਨੈੱਸ ਹੱਬ’, ਸਫਾਈ ਤੇ ਸਟ੍ਰੀਟ ਲਾਈਟਾਂ ਦੇ ਪ੍ਰਬੰਧ ਪੂਰੀ ਤਰ੍ਹਾਂ ਫੇਲ
Sunday, Feb 15, 2026 - 04:57 PM (IST)
ਅੰਮ੍ਰਿਤਸਰ (ਜਸ਼ਨ)- ਗੁਰੂ ਦੀ ਨਗਰੀ ਅੰਮ੍ਰਿਤਸਰ ਦੇ ਪੋਸ਼ ਇਲਾਕੇ ਅਤੇ ਪ੍ਰਮੁੱਖ ਬਿਜ਼ਨੈੱਸ ਹੱਬ ਵਜੋਂ ਜਾਣੇ ਜਾਂਦੇ ਡਿਸਟ੍ਰਿਕਟ ਸ਼ਾਪਿੰਗ ਕੰਪਲੈਕਸ (ਡੀ. ਐੱਸ. ਸੀ.) ’ਚ ਅਜੇ ਵੀ ਬੇਤਰਤੀਬੀਆਂ ਦਾ ਅੰਬਾਰ ਲੱਗਾ ਹੋਇਆ ਹੈ। ਮੁੱਢਲੀਆਂ ਸਹੂਲਤਾਂ ਦੀ ਘਾਟ ਦੇ ਬਾਵਜੂਦ ਨਗਰ ਸੁਧਾਰ ਟਰੱਸਟ ਦੇ ਅਧਿਕਾਰੀ ਅੱਖਾਂ ਬੰਦ ਕਰਕੇ ਬੈਠੇ ਹਨ। ਜਾਣਕਾਰੀ ਅਨੁਸਾਰ ਕੰਪਲੈਕਸ ਦੀ ਐਸੋਸੀਏਸ਼ਨ ਵੱਲੋਂ ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ਨਾਲ ਕਈ ਵਾਰ ਮੀਟਿੰਗਾਂ ਕੀਤੀਆਂ ਗਈਆਂ ਹਨ ਪਰ ਹਾਲਾਤ ਅਜੇ ਵੀ ਜਿਉਂ ਦੇ ਤਿਉਂ ਹਨ। ਜੇਕਰ ਸਮੇਂ ਸਿਰ ਕਦਮ ਨਾ ਚੁੱਕੇ ਗਏ ਤਾਂ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਨੈਸ਼ਨਲ ਹਾਈਵੇ ’ਤੇ ਵੱਡਾ ਹਾਦਸਾ, ਦਰਜਨ ਵਾਹਨਾਂ ਦੀ ਆਪਸ 'ਚ ਟਕਰਾਏ, 12 ਲੋਕ ਜ਼ਖਮੀ
ਕੰਪਲੈਕਸ ’ਚ ਸੁਰੱਖਿਆ ਦੇ ਨਾਂ ’ਤੇ ਕੁਝ ਵੀ ਨਹੀਂ
ਡੀ. ਐੱਸ. ਸੀ. ’ਚ ਸੁਰੱਖਿਆ ਦੇ ਨਾਂ ’ਤੇ ਕੁਝ ਨਹੀਂ ਹੈ। ਇੱਥੇ ਪ੍ਰਸਿੱਧ ਕੰਪਨੀਆਂ ਅਤੇ ਕਈ ਵਪਾਰਕ ਦਫ਼ਤਰ ਸਥਿਤ ਹਨ, ਜਿੱਥੇ ਹਰ ਰੋਜ਼ ਕਰੋੜਾਂ ਰੁਪਏ ਦਾ ਲੈਣ-ਦੇਣ ਹੁੰਦਾ ਹੈ। ਇਸ ਦੇ ਬਾਵਜੂਦ ਪ੍ਰਵੇਸ਼ ਅਤੇ ਨਿਕਾਸ ਦਰਵਾਜ਼ਿਆਂ ’ਤੇ ਕੋਈ ਪੱਕੀ ਸੁਰੱਖਿਆ ਤਾਇਨਾਤ ਨਹੀਂ ਕੀਤੀ ਗਈ। ਇਲਾਕੇ ’ਚ ਆਏ ਦਿਨ ਵਾਹਨ ਚੋਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਕਈ ਲੋਕਾਂ ਵੱਲੋਂ ਥਾਣਾ ਰਣਜੀਤ ਐਵੇਨਿਊ ’ਚ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ ਪਰ ਪੁਲਸ ਵੱਲੋਂ ਸਿਰਫ਼ ਕਦੇ-ਕਦੇ ਪੀ. ਸੀ. ਆਰ. ਦੀ ਗਸ਼ਤ ਕੀਤੀ ਜਾਂਦੀ ਹੈ। ਕੁਝ ਸਮੇਂ ਬਾਅਦ ਹਾਲਾਤ ਫਿਰ ਪਹਿਲਾਂ ਵਰਗੇ ਹੀ ਹੋ ਜਾਂਦੇ ਹਨ।
ਇਹ ਵੀ ਪੜ੍ਹੋ- 'ਆਪ' ਸਰਕਾਰ ਨੇ ਕੈਂਸਰ ਦੇ ਇਲਾਜ ਨੂੰ ਬਿਹਤਰ ਬਣਾਉਣ ਲਈ ਕੁਝ ਨਹੀਂ ਕੀਤਾ : ਹਰਸਿਮਰਤ ਬਾਦਲ
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਲਗਾਤਾਰ ਵਾਹਨ ਚੋਰੀਆਂ ਕਾਰਨ ਇਹ ਖੇਤਰ ਹੁਣ ‘ਵਾਹਨ ਚੋਰਾਂ ਦੀ ਸ਼ਰਨਸਥਲੀ’ ਵਜੋਂ ਜਾਣਿਆ ਜਾਣ ਲੱਗ ਪਿਆ ਹੈ। ਦੱਸਣਯੋਗ ਹੈ ਕਿ ਰਣਜੀਤ ਐਵੇਨਿਊ ਖੇਤਰ ਦੋਪਹੀਆ ਵਾਹਨ ਚੋਰੀ ਦੇ ਮਾਮਲਿਆਂ ’ਚ ਜ਼ਿਲੇ ’ਚ ਅੱਗੇ ਹੈ। ਵਪਾਰੀਆਂ ਨੇ ਦੱਸਿਆ ਕਿ ਲੱਗਭਗ ਚਾਰ ਸਾਲ ਪਹਿਲਾਂ ਇੱਥੇ ਪ੍ਰਵੇਸ਼ ਅਤੇ ਨਿਕਾਸ ਦਰਵਾਜ਼ਿਆਂ ’ਤੇ ਪੁਲਸ ਕਰਮਚਾਰੀਆਂ ਦੀ ਪੱਕੀ ਤਾਇਨਾਤੀ ਕੀਤੀ ਗਈ ਸੀ, ਜਿਸ ਨਾਲ ਕਈ ਵਾਹਨ ਚੋਰ ਕਾਬੂ ਕੀਤੇ ਗਏ ਅਤੇ ਚੋਰੀਆਂ ਕਾਫ਼ੀ ਘਟੀਆਂ। ਹੁਣ ਉਹ ਤਾਇਨਾਤੀ ਕਿਉਂ ਖਤਮ ਕਰ ਦਿੱਤੀ ਗਈ, ਇਹ ਸਵਾਲ ਅਜੇ ਵੀ ਲੋਕਾਂ ਦੇ ਮਨ ’ਚ ਹੈ।
ਇਹ ਵੀ ਪੜ੍ਹੋ- ਪੰਜਾਬ: ਜੇਲ੍ਹ ਸੁਪਰਡੈਂਟ ਅਰਵਿੰਦਰ ਪਾਲ ਸਿੰਘ ਭੱਟੀ ਦੀ ਮੌਤ
ਸਫਾਈ ਪ੍ਰਬੰਧ ਦਾ ਬੁਰਾ ਹਾਲ
ਗੁਰੂ ਨਗਰੀ ਅੰਮ੍ਰਿਤਸਰ ਦੇ ਡਿਸਟ੍ਰਿਕਟ ਸ਼ਾਪਿੰਗ ਕੰਪਲੈਕਸ (ਡੀ. ਐੱਸ. ਸੀ.) ਵਿਚ ਸਫਾਈ ਪ੍ਰਬੰਧ ਪੂਰੀ ਤਰ੍ਹਾਂ ਡਿੱਗ ਚੁੱਕਾ ਹੈ। ਕਹਿਣ ਨੂੰ ਤਾਂ ਸਬੰਧਤ ਵਿਭਾਗ ਵੱਲੋਂ ਕਈ ਸਫਾਈ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਪਰ ਹਕੀਕਤ ’ਚ ਮਾਰਕੀਟ ਦੇ ਵੱਖ-ਵੱਖ ਹਿੱਸਿਆਂ ’ਚ ਕੂੜੇ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਹਨ। ਇਸ ਕਾਰਨ ਪੂਰੇ ਇਲਾਕੇ ’ਚ ਬਦਬੂ ਫੈਲੀ ਹੋਈ ਹੈ ਅਤੇ ਵਪਾਰੀਆਂ ’ਤੇ ਆਉਣ ਵਾਲੇ ਲੋਕਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸਣਯੋਗ ਇਹ ਹੈ ਕਿ ਨਗਰ ਸੁਧਾਰ ਟਰੱਸਟ ਇਸ ਕੰਪਲੈਕਸ ਤੋਂ ਕਰੋੜਾਂ ਰੁਪਏ ਦਾ ਰੈਵੇਨਿਊ ਇਕੱਠਾ ਕਰਦਾ ਹੈ। ਇਸ ਦੇ ਬਾਵਜੂਦ ਜੇਕਰ ਮੁੱਢਲੀ ਸਹੂਲਤ ਸਫਾਈ ਹੀ ਯਕੀਨੀ ਨਹੀਂ ਬਣਾਈ ਜਾ ਰਹੀ ਤਾਂ ਇਹ ਗੰਭੀਰ ਲਾਪ੍ਰਵਾਹੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅਧਿਕਾਰੀ ਹਰ ਰੋਜ਼ ਇਸ ਇਲਾਕੇ ’ਚੋਂ ਲੰਘਦੇ ਹਨ ਪਰ ਉਨ੍ਹਾਂ ਨੂੰ ਕੂੜੇ ਦੇ ਢੇਰ ਨਜ਼ਰ ਨਹੀਂ ਆਉਂਦੇ ਜਾਂ ਫਿਰ ਜਾਣ-ਬੁੱਝ ਕੇ ਅਣਦੇਖੀ ਕੀਤੀ ਜਾ ਰਹੀ ਹੈ।
ਸਟ੍ਰੀਟ ਲਾਈਟ ਪ੍ਰਬੰਧ ਚਰਮਰਾਇਆ
ਡੀ. ਐੱਸ. ਸੀ. ’ਚ ਸਟ੍ਰੀਟ ਲਾਈਟ ਪ੍ਰਬੰਧ ਵੀ ਬੇਹੱਦ ਖਰਾਬ ਹਾਲਤ ਵਿਚ ਹੈ। ਹਾਈ ਮਾਸਟ ਲਾਈਟਾਂ ਕਾਫ਼ੀ ਸਮੇਂ ਤੋਂ ਬੰਦ ਪਈਆਂ ਹਨ ਅਤੇ ਕਈ ਥਾਵਾਂ ’ਤੇ ਖੰਭਿਆਂ ’ਤੇ ਲੱਗੀਆਂ ਬੱਤੀਆਂ ਟੁੱਟੀਆਂ ਹੋਈਆਂ ਹਨ। ਉਨ੍ਹਾਂ ਦੀ ਮੁਰੰਮਤ ਲਈ ਕੋਈ ਢੁੱਕਵਾਂ ਕਦਮ ਨਹੀਂ ਚੁੱਕਿਆ ਗਿਆ। ਸ਼ਾਮ ਢਲਦੇ ਹੀ ਪੂਰਾ ਕੰਪਲੈਕਸ ਹਨੇਰੇ ’ਚ ਡੁੱਬ ਜਾਂਦਾ ਹੈ, ਜਿਸ ਨਾਲ ਅਸੁਰੱਖਿਆ ਦਾ ਮਾਹੌਲ ਬਣ ਜਾਂਦਾ ਹੈ। ਕਈ ਵਪਾਰੀਆਂ ਨੇ ਆਪਣੀ ਸੁਰੱਖਿਆ ਲਈ ਆਪਣੇ ਖ਼ਰਚੇ ’ਤੇ ਦਫ਼ਤਰਾਂ ਦੇ ਬਾਹਰ ਲਾਈਟਾਂ ਲਵਾਈਆਂ ਹਨ। ਵਿਭਾਗ ਨੂੰ ਕਈ ਵਾਰ ਸ਼ਿਕਾਇਤਾਂ ਕੀਤੀਆਂ ਗਈਆਂ ਹਨ ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ।
ਕੰਪਲੈਕਸ ’ਚ ਸੜਕਾਂ ਦਾ ਬੁਰਾ ਹਾਲ
ਗੁਰੂ ਨਗਰੀ ਅੰਮ੍ਰਿਤਸਰ ਦੇ ਡਿਸਟ੍ਰਿਕਟ ਸ਼ਾਪਿੰਗ ਕੰਪਲੈਕਸ (ਡੀ. ਐੱਸ. ਸੀ.) ਵਿਚ ਸੜਕਾਂ ਦੀ ਹਾਲਤ ਬੇਹੱਦ ਖਰਾਬ ਹੋ ਚੁੱਕੀ ਹੈ। ਸੜਕਾਂ ’ਤੇ ਵੱਡੇ-ਵੱਡੇ ਟੋਏ ਬਣੇ ਹੋਏ ਹਨ, ਜਿਨ੍ਹਾਂ ’ਚ ਅਕਸਰ ਪਾਣੀ ਭਰਿਆ ਰਹਿੰਦਾ ਹੈ। ਇਸ ਕਾਰਨ ਦੋਪਹੀਆ ਵਾਹਨ ਚਾਲਕਾਂ ਦੇ ਫਿਸਲਣ ਅਤੇ ਹਾਦਸਿਆਂ ਦੀਆਂ ਘਟਨਾਵਾਂ ਆਮ ਹੋ ਗਈਆਂ ਹਨ। ਬਰਸਾਤ ਦੇ ਮੌਸਮ ਦੌਰਾਨ ਇਹ ਸਮੱਸਿਆ ਹੋਰ ਵੀ ਭਿਆਨਕ ਰੂਪ ਧਾਰ ਲੈਂਦੀ ਹੈ। ਇਸ ਤੋਂ ਇਲਾਵਾ ਇੱਥੇ ਸੀਵਰੇਜ ਪ੍ਰਣਾਲੀ ਵੀ ਪੂਰੀ ਤਰ੍ਹਾਂ ਨਾਕਾਰਾ ਸਾਬਤ ਹੋ ਰਹੀ ਹੈ। ਗਟਰਾਂ ਦੇ ਜਾਮ ਹੋਣ ਕਾਰਨ ਗੰਦਾ ਪਾਣੀ ਸੜਕਾਂ ’ਤੇ ਵਗਦਾ ਰਹਿੰਦਾ ਹੈ, ਜਿਸ ਨਾਲ ਕਈ ਦਿਨਾਂ ਤੱਕ ਚਿੱਕੜ ਬਣਿਆ ਰਹਿੰਦਾ ਹੈ ਅਤੇ ਇਲਾਕਾ ਬਦਬੂ ਨਾਲ ਭਰ ਜਾਂਦਾ ਹੈ।
ਪਾਰਕਾਂ ਅਤੇ ਸਾਈਕਲਿੰਗ ਟਰੈਕ ਦੀ ਬਦਹਾਲ ਹਾਲਤ
ਗੁਰੂ ਨਗਰੀ ਅੰਮ੍ਰਿਤਸਰ ਦੇ ਡਿਸਟ੍ਰਿਕਟ ਸ਼ਾਪਿੰਗ ਕੰਪਲੈਕਸ (ਡੀ. ਐੱਸ. ਸੀ.) ਵਿਚ ਬਣੇ ਪਾਰਕਾਂ ਦੀ ਹਾਲਤ ਵੀ ਬੇਹੱਦ ਖਰਾਬ ਹੋ ਚੁੱਕੀ ਹੈ। ਇੱਥੇ ਬਣੇ ਪਾਰਕਾਂ ਦੀ ਸੁੰਦਰਤਾ ਵਧਾਉਣ ਲਈ ਕਈ ਵਾਰ ਯੋਜਨਾਵਾਂ ਬਣਾਈਆਂ ਗਈਆਂ ਪਰ ਉਹ ਕਦੇ ਵੀ ਜ਼ਮੀਨੀ ਹਕੀਕਤ ’ਚ ਨਹੀਂ ਉਤਰੀਆਂ। ਨਤੀਜੇ ਵਜੋਂ ਪਾਰਕ ਗੰਦਗੀ ਨਾਲ ਭਰੇ ਪਏ ਹਨ ਅਤੇ ਇਲਾਕੇ ’ਚ ਬਦਬੂ ਦਾ ਮਾਹੌਲ ਬਣਿਆ ਰਹਿੰਦਾ ਹੈ। ਕਈ ਥਾਵਾਂ ’ਤੇ ਕੂੜੇ ਦੇ ਢੇਰ ਲੱਗੇ ਹੋਏ ਹਨ। ਪਾਰਕਾਂ ਦੇ ਵਿਚਕਾਰ ਬਣਾਇਆ ਗਿਆ ਸਾਈਕਲਿੰਗ ਟਰੈਕ ਵੀ ਆਪਣੀ ਬਦਹਾਲੀ ਬਿਆਨ ਕਰ ਰਿਹਾ ਹੈ। ਦੱਸਣਯੋਗ ਹੈ ਕਿ ਪਿਛਲੀ ਿੲੰਡੀਅਨ ਨੈਸ਼ਨਲ ਕਾਂਗਰਸ ਸਰਕਾਰ ਦੌਰਾਨ ਰਣਜੀਤ ਐਵੀਨਿਊ, ਟ੍ਰਿਲੀਅਮ ਮਾਲ ਅਤੇ ਨਜ਼ਦੀਕੀ ਖੇਤਰਾਂ ਵਿਚ ਸਾਈਕਲਿੰਗ ਟਰੈਕ ਬਣਾਏ ਗਏ ਸਨ। ਇਸ ਲਈ ਲੋਕਾਂ ਤੋਂ ਇਕੱਠੇ ਕੀਤੇ ਟੈਕਸ ਦੀ ਵੱਡੀ ਰਕਮ ਖਰਚ ਕੀਤੀ ਗਈ ਸੀ ਪਰ ਮੌਜੂਦਾ ਸਮੇਂ ਵਿਚ ਸਾਈਕਲਿੰਗ ਟਰੈਕ ਦੀ ਹਾਲਤ ਬਹੁਤ ਹੀ ਮਾੜੀ ਹੋ ਚੁੱਕੀ ਹੈ। ਕਈ ਥਾਵਾਂ ’ਤੇ ਟਰੈਕ ਮਿੱਟੀ ਨਾਲ ਢੱਕਿਆ ਪਿਆ ਹੈ ਅਤੇ ਕਦੇ ਵੀ ਢੰਗ ਨਾਲ ਸਫਾਈ ਨਹੀਂ ਕੀਤੀ ਗਈ। ਫੁੱਟਪਾਥਾਂ ਦੀਆਂ ਟਾਈਲਾਂ ਕਈ ਥਾਵਾਂ ’ਤੇ ਉਖੜ ਚੁੱਕੀਆਂ ਹਨ, ਜਦਕਿ ਆਰ. ਸੀ. ਸੀ. ਫਰਸ਼ ਵੀ ਟੁੱਟਿਆ ਹੋਇਆ ਨਜ਼ਰ ਆਉਂਦਾ ਹੈ। ਕੁੱਲ ਮਿਲਾ ਕੇ ਡੀ. ਐੱਸ. ਸੀ. ਵਿਚ ਸਮੱਸਿਆਵਾਂ ਦਾ ਅੰਬਾਰ ਲੱਗਾ ਹੋਇਆ ਹੈ ਅਤੇ ਸਬੰਧਤ ਪ੍ਰਸ਼ਾਸਨ ਵੱਲੋਂ ਕੋਈ ਢੁੱਕਵਾਂ ਧਿਆਨ ਨਹੀਂ ਦਿੱਤਾ ਜਾ ਰਿਹਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
