ਮੱਲੇਵਾਲ ਸ਼ੇਰੀਆਂ ''ਚ ਸਵਾਈਨ ਫਲੂ ਨਾਲ ਨੌਜਵਾਨ ਕਿਸਾਨ ਦੀ ਮੌਤ

01/21/2019 5:39:09 PM

ਮਾਛੀਵਾੜਾ ਸਾਹਿਬ (ਟੱਕਰ) : ਸਵਾਈਨ ਫਲੂ ਨੇ ਹਲਕਾ ਸਾਹਨੇਵਾਲ ਦੇ ਪਿੰਡਾਂ ਵਿਚ ਵੀ ਦਸਤਕ ਦੇ ਦਿੱਤੀ ਹੈ ਜਿਸ ਤਹਿਤ ਨੇੜਲੇ ਪਿੰਡ ਮੱਲੇਵਾਲ ਸ਼ੇਰੀਆਂ ਵਿਖੇ ਇਕ ਕਿਸਾਨ ਬਲਵਿੰਦਰ ਸਿੰਘ (33) ਦੀ ਮੌਤ ਹੋ ਗਈ ਜਦਕਿ ਇਸ ਹਲਕੇ ਦੇ ਇਕ ਹੋਰ ਪਿੰਡ ਵਿਚ ਕੁੱਝ ਦਿਨ ਪਹਿਲਾਂ ਇਸ ਬਿਮਾਰੀ ਨਾਲ ਸ਼ੱਕੀ ਮਰੀਜ਼ ਦੇ ਮਰਨ ਦਾ ਮਾਮਲਾ ਵੀ ਸਾਹਮਣੇ ਆਇਆ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮੱਲੇਵਾਲ ਦਾ ਕਿਸਾਨ ਬਲਵਿੰਦਰ ਸਿੰਘ ਜੋ ਕਿ ਖੇਤੀ ਨਾਲ ਡੇਅਰੀ ਦਾ ਕੰਮ ਵੀ ਕਰਦਾ ਹੈ ਅਤੇ 10 ਦਿਨ ਪਹਿਲਾਂ ਉਹ ਬਿਮਾਰ ਹੋ ਗਿਆ ਸੀ। ਉਸ ਨੂੰ ਇਲਾਜ ਲਈ ਪਹਿਲਾਂ ਤਾਂ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਪਰ ਜਦੋਂ ਸਥਿਤੀ ਕਾਬੂ ਹੇਠ ਨਾ ਆਈ ਤਾਂ ਉਸ ਨੂੰ ਲੁਧਿਆਣਾ ਦੇ ਦਇਆਨੰਦ ਹਸਪਤਾਲ ਵਿਖੇ ਇਲਾਜ ਸ਼ੁਰੂ ਕੀਤਾ ਗਿਆ। ਦੋ ਦਿਨ ਪਹਿਲਾਂ ਜਦੋਂ ਉਸ ਦੇ ਖੂਨ ਦੀ ਜਾਂਚ ਕੀਤੀ ਗਈ ਤਾਂ ਉਸ ਵਿਚ ਸਵਾਈਨ ਫਲੂ ਦੀ ਪੁਸ਼ਟੀ ਹੋਈ ਜਿਸ 'ਤੇ ਡਾਕਟਰਾਂ ਨੇ ਸਬੰਧਤ ਵਾਰਡ ਵਿਚ ਰੱਖ ਕੇ ਇਲਾਜ ਸ਼ੁਰੂ ਕਰ ਦਿੱਤਾ ਪਰ ਬੀਤੀ ਰਾਤ ਉਹ ਇਸ ਬਿਮਾਰੀ ਨਾਲ ਦਮ ਤੋੜ ਗਿਆ।
ਇਸ ਤੋਂ ਇਲਾਵਾ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਪਿੰਡ ਬਲੀਏਵਾਲ ਵਿਖੇ ਵੀ ਇਕ ਨੌਜਵਾਨ ਦੀ 10 ਕੁ ਦਿਨ ਪਹਿਲਾਂ ਮੌਤ ਹੋਈ ਸੀ, ਉਸ ਵਿਚ ਵੀ ਇਸ ਬਿਮਾਰੀ ਦੇ ਲੱਛਣ ਸਨ ਪਰ ਸਵਾਈਨ ਫਲੂ ਦੀ ਪੁਸ਼ਟੀ ਨਾ ਹੋ ਸਕੀ। ਇਹ ਨੌਜਵਾਨ ਗਰੀਬ ਪਰਿਵਾਰ ਨਾਲ ਸਬੰਧਤ ਸੀ ਅਤੇ ਮਜ਼ਦੂਰੀ ਕਰਦਾ ਸੀ। ਕੂੰਮਕਲਾਂ ਦੇ ਸਰਕਾਰੀ ਮੁੱਢਲੇ ਸਿਹਤ ਕੇਂਦਰ ਵਲੋਂ ਅੱਜ ਮੱਲੇਵਾਲ ਵਿਖੇ ਜਾ ਕੇ ਮ੍ਰਿਤਕ ਦੇ ਬਾਕੀ ਸਾਰੇ ਪਰਿਵਾਰਕ ਮੈਂਬਰਾਂ ਦੀ ਵੀ ਜਾਂਚ ਕੀਤੀ ਗਈ। ਐੱਸ.ਐੱਮ.ਓ. ਡਾ. ਰਾਜ ਕੁਮਾਰ ਨੇ ਦੱਸਿਆ ਕਿ ਸਵਾਈਨ ਫਲੂ ਤੋਂ ਜਾਗਰੂਕ ਕਰਨ ਅਤੇ ਇਸ ਦੇ ਬਚਾਅ ਲਈ ਪਿੰਡਾਂ ਵਿਚ ਕੈਂਪ ਲਗਾਏ ਜਾਣਗੇ।


Gurminder Singh

Content Editor

Related News