ਜ਼ਿੰਦਗੀ ਨੂੰ ਮੌਤ ਦੇ ਰਾਹ ਪਾਉਣ ਵਾਲੇ ''ਸਵਾਈਨ ਫਲੂ'' ਕਾਰਨ ਅਲਰਟ ਜਾਰੀ
Monday, Feb 04, 2019 - 12:48 PM (IST)

ਲੁਧਿਆਣਾ : ਇਨਸਾਨ ਦੀ ਹੱਸਦੀ-ਖੇਡਦੀ ਜ਼ਿੰਦਗੀ ਨੂੰ ਮੌਤ ਤੱਕ ਪਹੁੰਚਾਉਣ ਵਾਲੀ ਬੀਮਾਰੀ ਹੈ 'ਸਵਾਈਨ ਫਲੂ'। ਇਸ ਬੀਮਾਰੀ ਦਾ ਸ਼ਹਿਰ 'ਚ ਇੰਨਾ ਕਹਿਰ ਹੋ ਗਿਆ ਹੈ, ਜਿਸ ਦੇ ਕਾਰਨ ਸਿਹਤ ਵਿਭਾਗ ਨੇ ਜ਼ਿਲੇ ਦੇ ਸਰਕਾਰੀ ਹਸਪਤਾਲਾਂ 'ਚ ਅਲਰਟ ਜਾਰੀ ਕਰ ਦਿੱਤਾ ਹੈ। ਵਿਭਾਗ ਨੇ ਜ਼ਿਲੇ ਦੇ ਸਾਰੀ ਸਿਹਤ ਕੇਂਦਰਾਂ 'ਚ 'ਸਵਾਈਨ ਫਲੂ' ਕਾਰਨਰ ਬਣਾਉਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਪੋਸਟਰ ਵੀ ਜਾਰੀ ਕੀਤੇ ਹੋਏ ਹਨ।
ਇਸ ਦੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਪਰਮਿੰਦਰ ਸਿੰਘ ਨੇ ਕਿਹਾ ਕਿ 'ਸਵਾਈਨ ਫਲੂ' ਦੇ ਜ਼ਿਆਦਾਤਰ ਮਾਮਲੇ ਜਨਵਰੀ ਤੋਂ ਫਰਵਰੀ 'ਚ ਆਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਸਾਲ 2019 'ਚ ਅਜੇ ਤੱਕ 14 ਮਰੀਜ਼ਾਂ ਦੀ ਮੌਤ 'ਸਵਾਈਨ ਫਲੂ' ਕਾਰਨ ਹੋ ਚੁੱਕੀ ਹੈ ਅਤੇ 64 ਦੇ ਕਰੀਬ ਮਰੀਜ਼ ਹਸਪਤਾਲਾਂ 'ਚ ਭਰਤੀ ਹਨ। ਸਰਕਾਰੀ ਹਸਪਤਾਲਾਂ 'ਚ ਇਸ ਬੀਮਾਰੀ ਦਾ ਮੁਫਤ ਇਲਾਜ ਕੀਤਾ ਜਾ ਰਿਹਾ ਹੈ। ਸਿਵਲ ਸਰਜਨ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਇਸ ਬੀਮਾਰੀ ਦੇ ਬਚਾਅ ਦੀ ਜਾਣਕਾਰੀ ਦੇਣ ਲਈ ਕੈਂਪ ਵੀ ਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ 'ਸਵਾਈਨ ਫਲੂ' ਤੋਂ ਬਚਣ ਲਈ ਵਾਰ-ਵਾਰ ਆਪਣੇ ਹੱਥ ਧੋਣੇ ਅਤੇ ਖਾਂਸੀ ਵਾਲੇ ਮਰੀਜ਼ ਤੋਂ ਦੂਰ ਰਹਿਣਾ ਚਾਹੀਦਾ ਹੈ।