ਐੱਸ. ਵਾਈ. ਐੱਲ. ਦੇ ਮੁੱਦੇ ''ਤੇ ਕੇਜਰੀਵਾਲ ਨੇ ਕਿਉਂ ਧਾਰੀ ਹੈ ਚੁੱਪੀ : ਚੁੱਘ

Saturday, Feb 25, 2017 - 11:19 AM (IST)

ਐੱਸ. ਵਾਈ. ਐੱਲ. ਦੇ ਮੁੱਦੇ ''ਤੇ ਕੇਜਰੀਵਾਲ ਨੇ ਕਿਉਂ ਧਾਰੀ ਹੈ ਚੁੱਪੀ : ਚੁੱਘ

ਚੰਡੀਗੜ੍ਹ : ਭਾਜਪਾ ਦੇ ਕੌਮੀ ਮੰਤਰੀ ਤਰੁਣ ਚੁੱਘ ਨੇ ਸਤਲੁਜ-ਯਮੁਨਾ ਲਿੰਕ ਨਹਿਰ ਦੇ ਮੁੱਦੇ ''ਤੇ ਇੰਡੀਅਨ ਨੈਸ਼ਨਲ ਲੋਕ ਦਲ ਦੇ ਨੇਤਾ ਅਭੈ ਚੌਟਾਲਾ ਵਲੋਂ ਪੰਜਾਬ ਦੇ ਹਿੱਤਾਂ ਵਿਰੁੱਧ ਕੀਤੇ ਗਏ ਅੰਦੋਲਨ ''ਤੇ ਚੁੱਪੀ ਧਾਰਨ ਵਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕਟਹਿਰੇ ਵਿਚ ਖੜ੍ਹਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦਾ ਰਵੱਈਆ ਹਮੇਸ਼ਾ ਪੰਜਾਬ ਵਿਰੋਧੀ ਤੇ ਕਿਸਾਨਾਂ ਦੇ ਹਿੱਤਾਂ ਵਿਰੁੱਧ ਰਿਹਾ ਹੈ। ਚੁੱਘ ਨੇ ਕਿਹਾ ਕਿ ਪੰਜਾਬ ਦੇ ਹਿੱਤਾਂ ਨੂੰ ਮੁੱਦਾ ਬਣਾ ਕੇ ਪੰਜਾਬ ਤੋਂ ਚੋਣਾਂ ਲੜਨ ਵਾਲੇ ਕੇਜਰੀਵਾਲ ਸਤਲੁਜ-ਯਮੁਨਾ ਲਿੰਕ ਨਹਿਰ ਦੇ ਮੁੱਦੇ ''ਤੇ ਚੁੱਪ ਕਿਉਂ ਹਨ?
ਚੁੱਘ ਨੇ ਕਿਹਾ ਕਿ ਪੰਜਾਬ ਵਿਚ 100 ਤੋਂ ਵੱਧ ਸੀਟਾਂ ਜਿੱਤਣ ਦਾ ਦਾਅਵਾ ਕਰਨ ਵਾਲੇ ਅਰਵਿੰਦ ਕੇਜਰੀਵਾਲ ਪੰਜਾਬ ਦੇ ਕਿਸਾਨਾਂ ਦੀ ਖੇਤੀ ਨੂੰ ਉਜਾੜਨ ਤੋਂ ਬਚਾਉਣ ਲਈ ਅਜੇ ਵੀ ਆਪਣਾ ਸਟੈਂਡ ਸਪੱਸ਼ਟ ਨਹੀਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਪੰਜਾਬ ਤੇ ਗੋਆ ਚੋਣਾਂ ਤੋਂ ਬਾਅਦ ਹੁਣ ਹਰਿਆਣਾ ਵਿਚ ਆਪਣਾ ਰਾਜਨੀਤਕ ਜਨ ਆਧਾਰ ਬਣਾਉਣਾ ਚਾਹੁੰਦੀ ਹੈ, ਇਸੇ ਕਾਰਨ ਉਹ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਨੂੰ ਛਿੱਕੇ ਟੰਗਣ ਦੀ ਆਪਣੀ ਘਿਨੌਣੀ ਰਣਨੀਤੀ ਬਣਾਉਣ ਵਿਚ ਰੁੱਝ ਗਏ ਹਨ। ਚੁੱਘ ਨੇ ਕਿਹਾ ਕਿ ਕੇਜਰੀਵਾਲ ਗਿਰਗਿਟ ਦੀ ਤਰ੍ਹਾਂ ਰੰਗ ਬਦਲਣ ਵਾਲੇ ਰਾਜਨੇਤਾ ਹਨ, ਇਸ ਲਈ ਉਹ ਪੰਜਾਬ ਵਿਚ ਕੁੱਝ ਕਹਿੰਦੇ ਹਨ ਤੇ ਦਿੱਲੀ ਜਾ ਕੇ ਆਪਣਾ ਸਟੈਂਡ ਬਦਲ ਲੈਂਦੇ ਹਨ।


author

Gurminder Singh

Content Editor

Related News