ਸਤਲੁਜ ਦਰਿਆ ’ਚ ਰੁੜ ਕੇ ਪਾਕਿਸਤਾਨ ਪਹੁੰਚੇ ਸਿੱਧਵਾਂ ਬੇਟ ਦੇ 2 ਨੌਜਵਾਨ

Sunday, Jul 30, 2023 - 06:30 PM (IST)

ਸਤਲੁਜ ਦਰਿਆ ’ਚ ਰੁੜ ਕੇ ਪਾਕਿਸਤਾਨ ਪਹੁੰਚੇ ਸਿੱਧਵਾਂ ਬੇਟ ਦੇ 2 ਨੌਜਵਾਨ

ਸਿੱਧਵਾਂ ਬੇਟ (ਚਾਹਲ) : ਸਿੱਧਵਾਂ ਬੇਟ ਨੇੜਲੇ ਪਿੰਡਾਂ ਦੇ 2 ਨੌਜਵਾਨਾਂ ਦੇ ਸਤਲੁਜ ਦਰਿਆ ਵਿਚ ਰੁੜ ਕੇ ਪਾਕਿਸਤਾਨ ਪੁੱਜਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਅਨੁਸਾਰ ਹਰਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਸ਼ੇਰੇਵਾਲ ਹਾਲ ਵਾਸੀ ਪਰਜੀਆਂ ਬਿਹਾਰੀਪੁਰ ਅਤੇ ਰਤਨਪਾਲ ਪੁੱਤਰ ਮਹਿੰਦਰ ਸਿੰਘ ਵਾਸੀ ਖਹਿਰਾ ਮੁਸਤਰਕਾ ਥਾਣਾ ਮਹਿਤਪੁਰ ਜਿਨ੍ਹਾਂ ਦੀ ਉਮਰ 25 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਫਿਰੋਜ਼ਪੁਰ ਦੇ ਪਿੰਡ ਗਜਨੀਵਾਲਾ ਨੇੜਿਓਂ ਸਤਲੁਜ ਦਰਿਆ ਵਿਚ ਰੁੜ ਗਏ ਜਿਨ੍ਹਾਂ ਦੇ ਪਾਕਿਸਤਾਨ ਪੁੱਜਣ ’ਤੇ ਪਾਕਿ ਰੇਜਰਾਂ ਵਲੋਂ ਗ੍ਰਿਫਤਾਰ ਕਰ ਲਿਆ ਗਿਆ। ਸੂਤਰਾਂ ਅਨੁਸਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕਰਨ ਤੋਂ ਬਾਅਦ ਪਾਕਿਸਤਾਨੀ ਰੇਂਜਰਾਂ ਵਲੋਂ ਬੀ.ਐੱਸ.ਐੱਫ. ਨਾਲ ਗੱਲਬਾਤ ਕੀਤੀ ਗਈ ਤੇ ਦੋਹਾਂ ਵਲੋਂ ਜਾਂਚ ਆਰੰਭ ਦਿੱਤੀ ਗਈ। ਇਨ੍ਹਾਂ ਨੌਜਵਾਨਾਂ ਦੀ ਪਾਕਿਸਤਾਨ ਵਿਚ ਗ੍ਰਿਫ਼ਤਾਰੀ ਦੀ ਖ਼ਬਰ ਸਾਹਮਣੇ ਆਉਣ ਨਾਲ ਸੁਰੱਖਿਆ ਏਜੰਸੀਆਂ ਵੀ ਚੌਕਸ ਹੋ ਗਈਆਂ ਹਨ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿੰਡ ’ਚ ਵਾਪਰਿਆ ਵੱਡਾ ਹਾਦਸਾ, ਮਚ ਗਿਆ ਚੀਕ-ਚਿਹਾੜਾ

ਇਸ ਮਾਮਲੇ ਨੂੰ ਲੈ ਕੇ ਲੁਧਿਆਣਾ ਦਿਹਾਤੀ ਦੀ ਪੁਲਸ ਵੀ ਜਾਂਚ ਵਿਚ ਜੁਟ ਗਈ ਹੈ। ਗ੍ਰਿਫਤਾਰੀ ਬਾਰੇ ਪਤਾ ਲੱਗਣ ’ਤੇ ਸਬ-ਡਵੀਜ਼ਨ ਜਗਰਾਓਂ ਦੇ ਡੀ. ਐੱਸ. ਪੀ. ਸਤਵਿੰਦਰ ਸਿੰਘ ਵਿਰਕ ਤੇ ਥਾਣਾ ਸਿੱਧਵਾਂ ਬੇਟ ਦੇ ਇੰਚਾਰਜ ਇੰਸਪੈਕਟਰ ਦਲਜੀਤ ਸਿੰਘ ਗਿੱਲ ਪਿੰਡ ਪਰਜੀਆਂ ਬਿਹਾਰੀਪੁਰ ਪੁੱਜੇ, ਜਿੱਥੇ ਉਨ੍ਹਾਂ ਨੇ ਗ੍ਰਿਫ਼ਤਾਰ ਨੌਜਵਾਨ ਹਰਵਿੰਦਰ ਦੇ ਪਰਿਵਾਰਿਕ ਮੈਂਬਰਾਂ ਅਤੇ ਪਿੰਡ ਦੇ ਪਤਵੰਤੇ ਸੱਜਣਾ ਨਾਲ ਗੱਲਬਾਤ ਕਰਕੇ ਜਾਣਕਾਰੀ ਹਾਸਿਲ ਕੀਤੀ। ਪਿੰਡ ਪਰਜੀਆਂ ਬਿਹਾਰੀਪੁਰ ਦੇ ਸਰਪੰਚ ਜਸਵੀਰ ਸਿੰਘ ਜੱਸਾ ਨੇ ਦੱਸਿਆ ਕਿ ਸਾਡੇ ਪਿੰਡ ਦਾ ਨੌਜਵਾਨ 4 ਦਿਨ ਪਹਿਲਾਂ ਸ੍ਰੀ ਹਰਮਿੰਦਰ ਸਾਹਿਬ ਮੱਥਾ ਟੇਕਣ ਦਾ ਕਹਿ ਕੇ ਘਰੋਂ ਗਿਆ ਸੀ ਜਿਸ ਦੀ ਪਰਿਵਾਰਿਕ ਮੈਂਬਰਾਂ ਵਲੋਂ ਤਲਾਸ਼ ਕੀਤੀ ਜਾ ਰਹੀ ਸੀ ਪਰ ਬੀਤੀ ਸ਼ਾਮ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਉਸ ਨੂੰ ਪਾਕਿਸਤਾਨੀ ਰੇਂਜਰਾਂ ਵਲੋਂ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਨੂੰ ਅੱਜ ਪਾਕਿ ਰੇਂਜਰਾਂ ਵਲੋਂ ਬੀ.ਐੱਸ.ਐੱਫ. ਹਵਾਲੇ ਕੀਤਾ ਜਾ ਰਿਹਾ ਹੈ ਤੇ ਸ਼ਾਮ 5 ਵਜੇ ਦੇ ਕਰੀਬ ਬੀ.ਐੱਸ.ਐੱਫ. ਵਲੋਂ ਥਾਣਾ ਲੱਖੋਕੇ ਬਹਿਰਾਮ (ਫਿਰੋਜ਼ਪੁਰ) ਵਿਖੇ ਨੌਜਵਾਨਾਂ ਨੂੰ ਪਰਿਵਾਰ ਦੇ ਸਪੁਰਦ ਕੀਤੇ ਜਾਣ ਬਾਰੇ ਦੱਸਿਆ ਜਾ ਰਿਹਾ ਹੈ। 

ਇਹ ਵੀ ਪੜ੍ਹੋ : ਮੋਗਾ ਦੇ ਮਸ਼ਹੂਰ ਚੌਕ ’ਚ ਗੁੰਡਾਗਰਦੀ ਦਾ ਨੰਗਾ ਨਾਚ, ਸ਼ਰੇਆਮ ਸੜਕ ’ਚ ਧੂਹ-ਧੂਹ ਕੁੱਟੇ ਮੁੰਡੇ, ਵੀਡੀਓ ਵਾਇਰਲ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News