ਸਤਲੁਜ ਦਰਿਆ ਖਤਰੇ ਦੇ ਨਿਸ਼ਾਨ ਤੋਂ ਟੱਪਿਆ

08/18/2019 6:28:28 PM

ਮਾਛੀਵਾੜਾ ਸਾਹਿਬ (ਟੱਕਰ) : ਭਾਖੜਾ ਬੰਨ੍ਹ ਤੋਂ ਪਾਣੀ ਛੱਡਣ ਤੋਂ ਬਾਅਦ ਸਤਲੁਜ ਦਰਿਆ ਵਿਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ ਅਤੇ ਇਸ ਸਮੇਂ ਦਰਿਆ 'ਚ 90 ਹਜ਼ਾਰ ਕਿਊਸਿਕ ਪਾਣੀ ਚੱਲ ਰਿਹਾ ਹੈ, ਜੋ ਖਤਰੇ ਦੇ ਨਿਸ਼ਾਨ ਤੋਂ ਉਪਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਤਲੁਜ ਦਰਿਆ ਅੰਦਰ 70 ਹਜ਼ਾਰ ਕਿਊਸਿਕ ਪਾਣੀ ਸੰਭਾਲਣ ਦੀ ਸਮਰੱਥਾ ਹੈ ਅਤੇ ਇਸ ਤੋਂ ਬਾਅਦ ਇਹ ਵਗਦਾ ਪਾਣੀ ਕਦੇ ਵੀ ਦਰਿਆ ਕਿਨਾਰੇ ਬਣੇ ਧੁੱਸੀ ਬੰਨ੍ਹ ਨੂੰ ਖੋਰਾ ਲਗਾ ਕੇ ਪਿੰਡਾਂ ਵਿਚ ਤਬਾਹੀ ਮਚਾ ਸਕਦਾ ਹੈ। ਜਾਣਕਾਰੀ ਅਨੁਸਾਰ ਭਾਖੜਾ ਬੰਨ੍ਹ ਤੋਂ ਹੋਰ ਪਾਣੀ ਛੱਡਿਆ ਜਾ ਚੁੱਕਾ ਹੈ ਅਤੇ ਸੰਭਾਵਨਾ ਹੈ ਕਿ ਸ਼ਾਮ ਤੱਕ ਦਰਿਆ ਵਿਚ 1.50 ਲੱਖ ਕਿਊਸਿਕ ਤੋਂ ਵੱਧ ਪਾਣੀ ਆ ਸਕਦਾ ਹੈ ਜਿਸ ਕਾਰਨ ਪ੍ਰਸ਼ਾਸਨ ਵਲੋਂ ਦਰਿਆ ਕਿਨਾਰੇ ਵੱਸਦੇ ਮਾਛੀਵਾੜਾ ਇਲਾਕੇ ਦੇ ਦਰਜਨਾਂ ਪਿੰਡਾਂ ਨੂੰ ਅਲਰਟ ਜਾਰੀ ਕਰ ਦਿੱਤਾ ਗਿਆ ਹੈ। 

ਪ੍ਰਸ਼ਾਸਨ ਵਲੋਂ ਪਿੰਡਾਂ 'ਚ ਅਨਾਊਂਸਮੈਂਟ ਕਰਵਾ ਦਿੱਤੀ ਹੈ ਕਿ ਉਹ ਆਪਣਾ ਸਮਾਨ ਤੇ ਡੰਗਰ ਸੰਭਾਲ ਲੈਣ, ਜੇਕਰ ਧੁੱਸੀ ਬੰਨ੍ਹ ਨੂੰ ਪਾੜ ਪਿਆ ਤਾਂ ਉਸ ਤੋਂ ਪਹਿਲਾਂ ਪ੍ਰਸ਼ਾਸਨ ਪਿੰਡ ਵਾਸੀਆਂ ਨੂੰ ਉਨ੍ਹਾਂ ਦੇ ਸਮਾਨ ਤੇ ਡੰਗਰਾਂ ਨੂੰ ਰਾਹਤ ਕੈਂਪਾਂ ਵਿਚ ਤਬਦੀਲ ਕਰ ਦੇਵੇਗੀ। ਐੱਸ.ਡੀ.ਐਮ ਸਮਰਾਲਾ ਗੀਤਿਕਾ ਸਿੰਘ ਅੱਜ ਸਵੇਰ ਤੋਂ ਹੀ ਮਾਛੀਵਾੜਾ ਨੇੜੇ ਸਤਲੁਜ ਦਰਿਆ ਕਿਨਾਰੇ ਵੱਸਦੇ ਪਿੰਡਾਂ ਦਾ ਦੌਰਾ ਕਰਦੇ ਰਹੇ। ਜਾਣਕਾਰੀ ਅਨੁਸਾਰ ਮਾਛੀਵਾੜਾ ਨੇੜੇ ਵਗਦੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦੇ 2 ਨਾਜ਼ੁਕ ਸਥਾਨ ਹਨ, ਜਿੱਥੇ ਪਾਣੀ ਬੰਨ੍ਹ ਦੇ ਬਿਲਕੁਲ ਨਾਲ ਦੀ ਗੁਜ਼ਰ ਰਿਹਾ ਹੈ ਅਤੇ ਜੇਕਰ ਪਾਣੀ ਆਉਂਦਾ ਹੈ ਤਾਂ ਇੱਥੇ ਬੰਨ੍ਹ ਨੂੰ ਪਾੜ ਪੈ ਸਕਦਾ ਹੈ। ਪ੍ਰਸ਼ਾਸਨ ਵਲੋਂ ਨਾਜ਼ੁਕ ਸਥਾਨ ਧੁੱਲੇਵਾਲ ਤੇ ਸੈਸੋਂਵਾਲ ਵਿਖੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ। 

ਇਸ ਤੋਂ ਇਲਾਵਾ ਮਾਛੀਵਾੜਾ ਇਲਾਕੇ 'ਚ ਪਿਛਲੇ 16 ਘੰਟੇ ਲਗਾਤਾਰ ਮੀਂਹ ਪੈਣ ਕਾਰਨ ਪਿੰਡਾਂ 'ਚ ਫਸਲਾਂ ਦੀ ਕਾਫ਼ੀ ਤਬਾਹੀ ਹੋਈ ਹੈ ਅਤੇ ਕਈ ਥਾਵਾਂ 'ਤੇ ਸੜਕਾਂ ਨੂੰ ਪਾੜ ਪੈ ਗਿਆ ਹੈ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਰਤੀਪੁਰ ਤੋਂ ਪਵਾਤ ਨੂੰ ਜਾਂਦੀ ਸੜਕ ਅਤੇ ਮਾਛੀਵਾੜਾ ਸ਼ਹਿਰ ਦੇ ਸ਼ਾਂਤੀ ਨਗਰ ਨੂੰ ਜਾਂਦੀ ਸੜਕ 'ਚ ਪਾੜ ਪੈਣ ਨਾਲ ਮੀਂਹ ਦਾ ਪਾਣੀ ਖੇਤਾਂ ਤੇ ਆਸ-ਪਾਸ ਕੁੱਝ ਘਰਾਂ ਵਿਚ ਵੀ ਵੜ ਗਿਆ ਜਿਸ ਨਾਲ ਕਾਫ਼ੀ ਨੁਕਸਾਨ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।


Gurminder Singh

Content Editor

Related News