ਲੁਧਿਆਣਾ ''ਚ ਕੋਰੋਨਾ ਦੇ 142 ਸ਼ੱਕੀ ਮਰੀਜ਼ਾਂ ਨੂੰ ਇਕਾਂਤਵਾਸ ''ਚ ਭੇਜਿਆ
Wednesday, Apr 29, 2020 - 11:49 AM (IST)
ਲੁਧਿਆਣਾ (ਸਹਿਗਲ) : ਜ਼ਿਲਾ ਸਿਹਤ ਵਿਭਾਗ ਨੇ ਬੀਤੇ ਦਿਨ ਕਈ ਇਲਾਕਿਆਂ 'ਚ ਸਰਵੇ ਦੌਰਾਨ 142 ਅਜਿਹੇ ਵਿਅਕਤੀ ਪਛਾਣ ਕੇ ਉਨ੍ਹਾਂ ਨੂੰ ਇਕਾਂਤਵਾਸ 'ਚ ਭੇਜਿਆ ਹੈ, ਜਿਨ੍ਹਾਂ ’ਤੇ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਹੋਣ ਦਾ ਸ਼ੱਕ ਹੈ। ਸਿਵਲ ਸਰਜ਼ਨ ਰਾਜੇਸ਼ ਬੱਗਾ ਨੇ ਦੱਸਿਆ ਕਿ ਕੋਟਾ ਅਤੇ ਨਾਂਦੇੜ ਸਾਹਿਬ ਤੋਂ ਆਉਣ ਵਾਲੇ ਲਗਭਗ 112 ਅਜਿਹੇ ਵਿਅਕਤੀਆਂ ਨੂੰ ਰਜਿਸਟਰਡ ਕੀਤਾ ਗਿਆ ਹੈ। ਉਨ੍ਹਾਂ ਨੂੰ ਇਕਾਂਤਵਾਸ 'ਚ ਭੇਜ ਕੇ ਉਨ੍ਹਾਂ ਦੀ ਸੈਂਪਲਿੰਗ ਆਦਿ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਦੇਰ ਸ਼ਾਮ ਤੱਕ ਇਹ ਕਾਰਵਾਈ ਜਾਰੀ ਸੀ। ਸਿਹਤ ਵਿਭਾਗ ਦੀਆਂ ਟੀਮਾਂ ਅਜਿਹੇ ਹਰ ਵਿਅਕਤੀ ਦੀ ਸਕ੍ਰੀਨਿੰਗ ਕਰ ਰਹੀਆਂ ਹਨ, ਜੋ ਉਕਤ ਦੋ ਥਾਵਾਂ ਤੋਂ ਪਰਤ ਕੇ ਆਏ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ 152 ਵਿਅਕਤੀਆਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। ਹੁਣ ਤੱਕ ਭੇਜੇ ਕੁੱਲ ਸੈਂਪਲਾਂ ਦੀ ਗਿਣਤੀ 1991 ਹੈ, ਜਿਨ੍ਹਾਂ 'ਚੋਂ 670 ਦੀ ਰਿਪੋਰਟ ਉਨ੍ਹਾਂ ਨੂੰ ਪ੍ਰਾਪਤ ਹੋ ਚੁੱਕੀ ਹੈ। ਇਨ੍ਹਾਂ 'ਚੋਂ 1649 ਵਿਅਕਤੀਆਂ ਦੇ ਟੈਸਟ ਨੈਗੇਟਿਵ ਆ ਚੁੱਕੇ ਹਨ ਅਤੇ 321 ਵਿਅਕਤੀਆਂ ਦੀ ਰਿਪੋਰਟ ਅਜੇ ਪੈਂਡਿੰਗ ਹੈ।
ਡਾਕਟਰ ਬੱਗਾ ਦੇ ਮੁਤਾਬਕ ਹੁਣ ਤੱਕ ਜ਼ਿਲੇ 'ਚ 21 ਵਿਅਕਤੀ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਹੋ ਕੇ ਸਾਹਮਣੇ ਆਏ ਹਨ। ਇਨ੍ਹਾਂ 'ਚੋਂ 18 ਲੁਧਿਆਣਾ ਅਤੇ 3 ਦੂਜੇ ਜ਼ਿਲਿਆਂ ਨਾਲ ਸਬੰਧਤ ਹਨ। 7 ਵਿਅਕਤੀ ਠੀਕ ਹੋ ਕੇ ਘਰ ਵਾਪਸ ਜਾ ਚੁੱਕੇ ਹਨ। ਜਗਰਾਓਂ 'ਚ ਸਿਹਤ ਵਿਭਾਗ ਦੀ ਟੀਮ ਨੇ ਬੀਤੇ ਦਿਨ 170 ਘਰਾਂ ਦਾ ਸਰਵੇ ਕੀਤਾ ਅਤੇ 692 ਵਿਅਕਤੀਆਂ ਦੀ ਸਕ੍ਰੀਨਿੰਗ ਇਸੇ ਤਰ੍ਹਾਂ ਚੌਕੀਮਾਨ ਪਿੰਡ ਦੇ ਇਲਾਕੇ 'ਚ 453 ਵਿਅਕਤੀਆਂ ਦੀ ਸਕ੍ਰੀਨਿੰਗ ਕੀਤੀ ਗਈ।