ਕਾਂਗਰਸ ਹਾਈਕਮਾਨ ਨੇ ਆਪਣੀ ਹੀ ਸੂਬਾ ਸਰਕਾਰ ਨੂੰ ਦਿੱਤਾ ਫੇਲ ਕਰਾਰ : ਰੱਖੜਾ

Saturday, Jan 25, 2020 - 05:06 PM (IST)

ਕਾਂਗਰਸ ਹਾਈਕਮਾਨ ਨੇ ਆਪਣੀ ਹੀ ਸੂਬਾ ਸਰਕਾਰ ਨੂੰ ਦਿੱਤਾ ਫੇਲ ਕਰਾਰ : ਰੱਖੜਾ

ਪਟਿਆਲਾ/ਰੱਖੜਾ (ਰਾਣਾ) : ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਦਿਹਾਤੀ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਾਂਗਰਸ ਨੂੰ ਹੁਣ ਤੱਕ ਦੀ ਸਭ ਤੋਂ ਫੇਲ ਸਰਕਾਰ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਹੋਇਆ ਹੈ ਕਿ ਕਾਂਗਰਸ ਹਾਈਕਮਾਨ ਨੇ ਇਹ ਮੰਨ ਲਿਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਚੋਣ ਵਾਅਦਿਆਂ ਨੂੰ ਪੂਰਾ ਕਰਨ ਵਿਚ ਬੁਰੀ ਤਰ੍ਹਾਂ ਫੇਲ ਸਾਬਤ ਹੋਈ ਹੈ, ਇਹੋ ਕਾਰਨ ਹੈ ਕਿ ਅਚਾਨਕ ਪਾਰਟੀ ਹਾਈਕਮਾਨ ਨੇ ਸਮੁੱਚੀਆਂ ਕਮੇਟੀਆਂ ਨੂੰ ਭੰਗ ਕਰਕੇ ਚੋਣ ਵਾਅਦਿਆਂ ਨੂੰ ਪੂਰਾ ਕਰਨ ਲਈ ਇਕ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਹੈ। ਰੱਖੜਾ ਨੇ ਕਿਹਾ ਕਿ ਸੂਬੇ ਅੰਦਰ ਕਾਂਗਰਸ ਸਰਕਾਰ ਨੂੰ ਸੱਤਾ 'ਤੇ ਬੈਠਿਆਂ ਤਿੰਨ ਸਾਲ ਤੋਂ ਵੀ ਵੱਧ ਦਾ ਸਮਾਂ ਹੋਣ ਜਾ ਰਿਹਾ ਹੈ, ਜਿਸ ਵਲੋਂ ਸੈਂਕੜੇ ਵਾਅਦਿਆਂ ਵਿਚੋਂ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਜਿਸ ਨਾਲ ਲੋਕਾਂ ਦੀਆਂ ਆਸਾਂ 'ਤੇ ਪਾਣੀ ਫਿਰਿਆ ਹੈ। ਜੋ ਪੰਜਾਬ ਦੇ ਲੋਕਾਂ ਨੂੰ ਕਾਂਗਰਸ ਪਾਰਟੀਆਂ ਤੋਂ ਉਮੀਦਾਂ ਸਨ ਉਹ ਧਰੀਆਂ ਧਰਾਈਆਂ ਰਹਿ ਗਈਆਂ ਹਨ। 

ਇਸ ਮੌਕੇ ਕਰਤਾਰ ਵਿਲਾ ਰੱਖੜਾ ਵਿਖੇ ਪ੍ਰੋ. ਬਲਦੇਵ ਸਿੰਘ ਬੱਲੂਆਣਾ ਤੇ ਚਰਨਜੀਤ ਸਿੰਘ ਵਲੋਂ ਫੁੱਲਾਂ ਦਾ ਬੁੱਕਾ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਸਾਬਕਾ ਚੇਅਰਮੈਨ ਰਣਧੀਰ ਸਿੰਘ ਰੱਖੜਾ, ਜਸਪਾਲ ਕਲਿਆਣ, ਮਲਕੀਤ ਸਿੰਘ ਧਰਮਹੇੜੀ, ਲਾਡੀ ਚੀਮਾ, ਬਿੰਦਰ ਨਿਜਾਮਨੀਵਾਲਾ, ਗੋਸਾ ਢੀਂਡਸਾ, ਰਾਣਾ ਸੇਖੋਂ ਸਮਾਣਾ, ਜਗਰੂਪ ਫਤਿਹਪੁਰ, ਅਜਮੇਰ ਪਸਿਆਣਾ, ਕੁਲਵੰਤ ਦਦਹੇੜਾ, ਜਸਵਿੰਦਰ ਮੂੰਡਖੇੜਾ, ਹਮੀਰ ਉਚਾਗਾਓਂ, ਨਰਿੰਦਰ ਖੇੜੀਮਾਨੀਆਂ, ਰਘਵੀਰ ਕਲਿਆਣ, ਗੁਰਧਿਆਨ ਸਿੰਘ ਭਾਨਰੀ, ਮਨਪ੍ਰੀਤ ਸਵਾਜਪੁਰ, ਭੁਪਿੰਦਰ ਸਿੰਘ ਰੋਡਾ ਡਕਾਲਾ ਆਦਿ ਵੀ ਹਾਜ਼ਰ ਸਨ।


author

Gurminder Singh

Content Editor

Related News