ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਖਤਮ ਕਰਨ ਲਈ ਲੋਕ ਪੁਲਸ ਨੂੰ ਸਹਿਯੋਗ ਦੇਣ: ਡੀ.ਐੱਸ.ਪੀ
Wednesday, Dec 06, 2017 - 01:31 PM (IST)
ਔੜ (ਛਿੰਝੀ)— ਕਸਬਾ ਔੜ ਦੇ ਪੰਚਾਇਤ ਘਰ ਵਿਖੇ ਔੜ-ਗੜੁੱਪੜ ਦੇ ਪਤਵੰਤਿਆਂ ਨਾਲ ਡੀ. ਐੱਸ. ਪੀ. ਪਰਮਜੀਤ ਸਿੰਘ ਬੰਗਾ ਵੱਲੋਂ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਦੌਰਾਨ ਡੀ. ਐੱਸ. ਪੀ. ਨੇ ਕਿਹਾ ਕਿ ਪੰਜਾਬ ਅੰਦਰ ਸੱਚਮੁੱਚ ਹੀ ਛੇਵਾਂ ਦਰਿਆ ਨਸ਼ਿਆਂ ਦਾ ਚੱਲ ਪਿਆ ਸੀ ਤੇ ਪੁਲਸ ਨੇ ਸਖ਼ਤ ਸੰਘਰਸ਼ ਸਕਦਾ ਭਾਰੀ ਗਿਣਤੀ 'ਚ ਨਸ਼ਾ ਸਮੱਗਲਰਾਂ ਨੂੰ ਸਲਾਖਾਂ ਪਿੱਛੇ ਕੀਤਾ ਹੈ, ਜਿਸ ਵਿਚ ਪਬਲਿਕ ਦਾ ਸਹਿਯੋਗ ਲਿਆ ਗਿਆ ਪਰ ਹੁਣ ਨਸ਼ਿਆਂ ਖਿਲਾਫ ਮਾਰੇ ਜਾ ਰਹੇ ਆਖਰੀ ਹੰਭਲੇ 'ਚ ਵੀ ਲੋਕ ਪੁਲਸ ਦਾ ਸਹਿਯੋਗ ਕਰਨ ਤਾਂ ਜੋ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਖਤਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਨਸ਼ਾ ਸਮੱਗਲਰਾਂ ਦੀ ਹਮਾਇਤ ਬਰਦਾਸ਼ਤ ਨਹੀਂ ਕੀਤੀ ਜਾ ਰਹੀ ਹੈ ਤੇ ਬਿਨਾਂ ਕਿਸੇ ਦਬਾਅ ਦੇ ਇਨ੍ਹਾਂ ਨਸ਼ਾ ਸਮੱਗਲਰਾਂ ਨੂੰ ਜੇਲ ਭੇਜਿਆ ਗਿਆ ਹੈ ਅਤੇ ਹੁਣ ਫਿਰ ਤੋਂ ਪੰਜਾਬ ਦੀ ਜਵਾਨੀ ਲੀਹ 'ਤੇ ਆਉਣੀ ਸ਼ੁਰੂ ਹੋਈ ਹੈ ਅਤੇ ਭਾਰੀ ਗਿਣਤੀ 'ਚ ਨਸ਼ੇ 'ਚ ਫਸੇ ਨੌਜਵਾਨਾਂ ਨੂੰ ਨਸ਼ਾ ਛੁਡਾਊ ਕੇਂਦਰ ਭੇਜਿਆ ਜਾ ਚੁੱਕਾ ਹੈ, ਜਿਥੇ ਉਹ ਨਸ਼ਾ ਛੱਡ ਕੇ ਆਪਣੀ ਅਤੇ ਆਪਣੇ ਪਰਿਵਾਰ ਦੀ ਤਰੱਕੀ 'ਚ ਜੁਟ ਗਏ ਹਨ। ਡੀ. ਐੱਸ. ਪੀ. ਨੇ ਕਿਹਾ ਕਿ ਪੁਲਸ ਕੋਈ ਅੰਤਰਯਾਮੀ ਨਹੀਂ ਹੈ। ਜੇਕਰ ਲੋਕ ਆਪਣਾ ਤੇ ਆਪਣੇ ਬੱਚਿਆਂ ਦਾ ਭਲਾ ਚਾਹੁੰਦੇ ਹਨ ਤਾਂ ਉਹ ਨਸ਼ਾ ਸਮੱਗਲਰਾਂ ਦੀ ਸੂਚਨਾ ਪੁਲਸ ਨੂੰ ਦੇਣ ਇਸ 'ਤੇ ਉਨ੍ਹਾਂ ਦਾ ਨਾਮ ਗੁਪਤ ਰੱਖਿਆ ਜਾਵੇਗਾ।
ਇਸ ਮੌਕੇ ਰਮਨਦੀਪ ਸਿੰਘ ਐੱਸ. ਐੱਚ. ਓ. ਮੁਕੰਦਪੁਰ, ਬਿਕਰਮਜੀਤ ਸਿੰਘ ਚੌਕੀ ਇੰਚਾਰਜ ਔੜ, ਸਰਪੰਚ ਜੀਵਨ ਕੁਮਾਰ, ਜੋਗ ਰਾਜ, ਰਾਮਾ ਨੰਦ ਭਨੋਟ, ਕਮਲਜੀਤ ਰਾਣਾ, ਹਰਬੰਸ ਸਿੰਘ ਨਾਮਧਾਰੀ, ਦਵਿੰਦਰ ਕੁਮਾਰ, ਕੇਸ਼ਵ ਖੱਤਰੀ, ਡਾ. ਵਿਨੇ ਮਦਾਨ, ਮਨਦੀਪ, ਹੁਸਨ ਚੰਦ ਮਾਨ, ਡਾ. ਰਕੇਸ਼, ਸੁਰਜੀਤ ਸਿੰਘ ਆਦਿ ਹਾਜ਼ਰ ਸਨ।