ਭਗਵੰਤ ਮਾਨ ਲਈ ਧੂਰੀ ਪੁੱਜਾ ਕੇਜਰੀਵਾਲ ਦਾ ਪਰਿਵਾਰ, ਮਾਂ-ਧੀ ਕਰਨਗੇ ਚੋਣ ਪ੍ਰਚਾਰ
Friday, Feb 11, 2022 - 12:04 PM (IST)
ਸੰਗਰੂਰ (ਵਿਜੈ ਕੁਮਾਰ ਸਿੰਗਲਾ) : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਧਰਮ ਪਤਨੀ ਸੁਨੀਤਾ ਕੇਜਰੀਵਾਲ ਅਤੇ ਉਨ੍ਹਾਂ ਦੀ ਬੇਟੀ ਹਰਸ਼ਿਤਾ ਕੇਜਰੀਵਾਲ ਧੂਰੀ ਤੋਂ ਉਮੀਦਵਾਰ ਭਗਵੰਤ ਮਾਨ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਅੱਜ ਦਿੱਲੀ ਤੋਂ ਸ਼ਤਾਬਦੀ ਐਕਸਪ੍ਰੈਸ ਰਾਹੀਂ ਇੱਥੇ ਪੁੱਜੇ। ਇੱਥੇ ਉਨ੍ਹਾਂ ਦਾ ਭਗਵੰਤ ਮਾਨ ਦੀ ਮਾਤਾ ਹਰਪਾਲ ਕੌਰ ਅਤੇ ਭੈਣ ਮਨਪ੍ਰੀਤ ਕੌਰ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।
ਸੁਨੀਤਾ ਕੇਜਰੀਵਾਲ ਦਾ ਸਵਾਗਤ ਕਰਨ ਲਈ ਪਹਿਲਾਂ ਤੋਂ ਹੀ ਭਗਵੰਤ ਮਾਨ ਦੇ ਮਾਤਾ ਅਤੇ ਭੈਣ ਸਮੇਤ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਸਮਰਥਕ ਸੰਗਰੂਰ ਰੇਲਵੇ ਸਟੇਸ਼ਨ 'ਤੇ ਪੁੱਜੇ ਹੋਏ ਸਨ। ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਸੰਗਰੂਰ ਪੁਲਸ ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ ਅਤੇ ਭਾਰੀ ਗਿਣਤੀ ਵਿਚ ਪੁਲਸ ਫੋਰਸ ਤਾਇਨਾਤ ਕੀਤੀ ਗਈ ਸੀ।
ਇਹ ਵੀ ਪੜ੍ਹੋ : ਫਗਵਾੜਾ 'ਚ ਵੱਡੀ ਵਾਰਦਾਤ, ਸੰਘਣੀ ਆਬਾਦੀ ਵਾਲੇ ਇਲਾਕੇ 'ਚ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਦੱਸਣਯੋਗ ਹੈ ਕਿ ਬੀਤੇ ਦਿਨ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਟਵੀਟ ਕਰ ਕੇ ਕਿਹਾ ਸੀ,''ਕੱਲ ਬੇਟੀ ਨਾਲ ਆਪਣੇ ਦਿਓਰ ਭਗਵੰਤ ਮਾਨ ਲਈ ਵੋਟ ਮੰਗਣ ਧੂਰੀ ਜਾ ਰਹੀ ਹਾਂ।'' ਇਹ ਵੀ ਦੱਸ ਦੇਈਏ ਕਿ ਧੂਰੀ ਵਿਧਾਨ ਸਭਾ ਖੇਤਰ 'ਚ ਜ਼ਿਆਦਾਤਰ ਪਿੰਡ ਹਨ। ਧੂਰੀ ਵਿਧਾਨ ਸਭਾ ਖੇਤਰ 'ਚ ਕਿਸਾਨ ਅੰਦੋਲਨ ਬੇਹੱਦ ਵੱਡਾ ਮੁੱਦਾ ਹੈ, ਕਿਉਂਕਿ ਇੱਥੋਂ ਦੇ ਲੋਕਾਂ ਨੇ ਤਿੰਨੋਂ ਖੇਤੀ ਕਾਨੂੰਨਾਂ ਖ਼ਿਲਾਫ਼ ਲੜਾਈ 'ਚ ਹਿੱਸਾ ਲਿਆ ਸੀ। ਇਸ ਖੇਤਰ 'ਚ ਕੁੱਲ 1,64,322 ਵੋਟਰ ਭਗਵੰਤ ਮਾਨ ਦੀ ਕਿਸਮਤ ਦਾ ਫ਼ੈਸਲਾ ਕਰਨਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ