ਜਾਖੜ ਦੇ ਅਸਤੀਫੇ ਦੀ ਕੋਈ ਜ਼ਰੂਰਤ ਨਹੀਂ : ਕੈਪਟਨ

05/27/2019 8:17:39 PM

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਨੀਲ ਜਾਖੜ ਵਲੋਂ ਪੰਜਾਬ ਕਾਂਗਰਸ ਦੇ ਮੁਖੀ ਦੇ ਪਦ ਤੋਂ ਦਿੱਤੇ ਗਏ ਅਸਤੀਫੇ ਨੂੰ ਪੂਰੀ ਤਰ੍ਹਾਂ ਗੈਰ-ਜ਼ਰੂਰੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸੂਬੇ 'ਚ ਪਾਰਟੀ ਦੀ ਕਾਰਗੁਜਾਰੀ ਬਹੁਤ ਵਧੀਆ ਰਹੀ ਹੈ। ਅੱਜ ਇਥੇ ਜਾਰੀ ਇਕ ਬਿਆਨ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇ ਉਨ੍ਹਾਂ ਨੇ ਇਸ ਮਾਮਲੇ 'ਤੇ ਮੇਰੇ ਨਾਲ ਵਿਚਾਰ ਵਟਾਂਦਰਾ ਕੀਤਾ ਹੁੰਦਾ ਤਾਂ ਮੈਂ ਸਪਸ਼ਟ ਤੌਰ 'ਤੇ ਉਨ੍ਹਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਨਾ ਦੇਣ ਦੀ ਸਲਾਹ ਦਿੰਦਾ। ਮੁੱਖ ਮੰਤਰੀ ਨੇ ਕਿਹਾ ਕਿ ਜਾਖੜ ਵਲੋਂ ਪ੍ਰਧਾਨਗੀ ਛੱਡਣ ਦਾ ਕੋਈ ਵੀ ਕਾਰਨ ਨਹੀਂ ਹੈ। ਹੋਰਾਂ ਸੂਬਿਆਂ 'ਚ ਕਾਂਗਰਸ ਦੇ ਪ੍ਰਧਾਨਾਂ ਨੇ ਆਪਣੇ-ਆਪਣੇ ਸੂਬੇ 'ਚ ਪਾਰਟੀ ਦੀ ਮਾੜੀ ਕਾਰਗੁਜਾਰੀ ਦੀ ਜ਼ਿੰਮੇਵਾਰੀ ਲੈਂਦੇ ਹੋਏ ਅਸਤੀਫਾ ਦਿੱਤਾ ਹੈ ਪਰ ਉਨ੍ਹਾਂ ਦਾ ਕੇਸ ਜਾਖੜ ਦੇ ਨਾਲੋਂ ਵੱਖਰਾ ਹੈ ਕਿਉਂਕਿ ਜਾਖੜ ਦੀ ਅਗਵਾਈ 'ਚ ਪੰਜਾਬ ਕਾਂਗਰਸ ਨੇ ਰਾਸ਼ਟਰੀ ਪੱਧਰ ਤੇ ਬਹੁਤ ਸਾਰੇ ਸੂਬਿਆਂ ਦੇ ਚੋਣ ਰੁਝਾਨਾਂ ਨੂੰ ਉਲਦਿਆ ਹੈ।
ਅਮਰਿੰਦਰ ਨੇ ਕਿਹਾ ਕਿ ਜਾਖੜ ਨੇ ਪੀ. ਪੀ. ਸੀ. ਸੀ ਦੀ ਅਗਵਾਈ ਕੀਤੀ ਹੈ ਤੇ ਦੇਸ਼ ਭਰ 'ਚ ਭਾਰਤੀ ਜਨਤਾ ਪਾਰਟੀ ਦੇ ਹੱਕ 'ਚ ਲਹਿਰ ਦੇ ਬਾਵਜੂਦ ਲੋਕ ਸਭਾ ਚੋਣਾਂ 'ਚ ਵਧੀਆ ਕਾਰਗੁਜਾਰੀ ਦਿਖਾਈ ਹੈ। ਉਨ੍ਹਾਂ ਕਿਹਾ ਕਿ ਸੂਬਾ ਪਾਰਟੀ ਨੂੰ ਮਜ਼ਬੂਤ ਬਣਾਉਣ ਲਈ ਕਾਂਗਰਸ ਨੂੰ ਉਨ੍ਹਾਂ ਦੀ ਜ਼ਰੂਰਤ ਹੈ। ਗੁਰਦਾਸਪੁਰ ਤੋਂ ਹਾਰ ਦੇ ਸਬੰਧ 'ਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਪਾਰਟੀ ਦੀ ਪ੍ਰਧਾਨਗੀ ਛੱਡਣ ਲਈ ਕੋਈ ਵੀ ਕਾਰਨ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਹਾਰ ਲਈ ਪੀ. ਪੀ. ਸੀ. ਸੀ ਪ੍ਰਧਾਨ 'ਤੇ ਕੋਈ ਵੀ ਦੋਸ਼ ਨਹੀਂ ਲਾਇਆ ਜਾ ਸਕਦਾ। ਗੁਰਦਾਸਪੁਰ ਦੇ ਲੋਕਾਂ ਨੇ ਆਪਣੇ ਹਲਕੇ ਦੇ ਵਿਕਾਸ ਲਈ ਅਣਥਕ ਕੰਮ ਕਰਨ ਵਾਲੇ ਅਤੇ ਸਦਾਬਹਾਰ ਸਿਆਸਤਦਾਨ ਦੇ ਮੁਕਾਬਲੇ ਇਕ ਐਕਟਰ ਨੂੰ ਚੁਣਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ 18 ਮਹੀਨਿਆਂ ਦੌਰਾਨ ਜਾਖੜ ਨੇ ਬਹੁਤ ਸਾਰਾ ਕੰਮ ਕੀਤਾ ਹੈ ਅਤੇ ਇਹ ਹਾਰ ਉਨ੍ਹਾਂ ਦੀ ਯੋਗਤਾ ਅਤੇ ਸਮਰੱਥਾ ਨੂੰ ਰੱਦ ਨਹੀਂ ਕਰਦੀ।
ਉਨ੍ਹਾਂ ਕਿਹਾ ਕਿ ਫਿਲਮ ਸਟਾਰ ਸੰਨੀ ਦਿਓਲ ਦੇ ਹੱਥੋਂ ਜਾਖੜ ਦੀ ਹਾਰ ਮੰਦਭਾਗੀ ਹੈ ਅਤੇ ਇਹ ਦੇਸ਼ ਦੀ ਸਿਆਸਤ ਨੂੰ ਦਰਸਾਉਂਦੀ ਹੈ ਜੋ ਅਜਿਹੇ ਵੀ ਆਪਣਾ ਰਾਹ ਅਖਤਿਆਰ ਕਰ ਰਹੀ ਹੈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਲੋਕ ਅਹਿਮ ਫੈਸਲੇ ਲੈਣ ਵੇਲੇ ਉਮੀਦਵਾਰ ਦੇ ਮਿਆਰ ਸਬੰਧੀ ਸਿਖਣਗੇ ਅਤੇ ਉਹ ਸਿਰਫ਼ ਉਸ ਦੇ ਸਟਾਰ ਹੋਣ ਪਿਛੇ ਹੀ ਨਹੀਂ ਜਾਣਗੇ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਪਾਰਟੀ ਹਾਈ ਕਮਾਨ ਜਾਖੜ ਦਾ ਅਸਤੀਫ਼ਾ ਪ੍ਰਵਾਨ ਨਹੀ ਕਰੇਗੀ ਜੋ ਸਪਸ਼ਟ ਤੌਰ 'ਤੇ ਉਨ੍ਹਾਂ ਨੇ ਆਪਣੀ ਭਾਵਨਾਤਮਕ ਪ੍ਰਤੀਕਿਰਿਆ ਦੇ ਰੂਪ 'ਚ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸਤੀਫੇ ਸਬੰਧੀ ਜਾਖੜ ਦੀ ਭਾਵਨਾ ਨੂੰ ਪ੍ਰਵਾਨ ਕਰਨ ਨਾਲ ਅਤੇ ਉਸ ਦੀ ਸਖ਼ਤ ਮਿਹਨਤ ਅਤੇ ਇਕ ਦ੍ਰਿੜ ਆਗੂ ਦੀ ਗੱਲ ਨੂੰ ਇਕ ਪਾਸੇ ਰੱਖਣ ਨਾਲ ਪੰਜਾਬ ਕਾਂਗਰਸ ਦੇ ਆਗੂਆਂ ਤੇ ਵਰਕਰਾਂ 'ਚ ਗਲਤ ਸੰਦੇਸ਼ ਜਾਵੇਗਾ।


Related News