ਚੀਫ਼ ਸੈਕਟਰੀ ਖਿਲਾਫ਼ ਹੁਣ ਸਿੱਧੇ ਮੈਦਾਨ ’ਚ ਉਤਰੇ ਸੁਨੀਲ ਜਾਖੜ

5/22/2020 1:00:52 AM

ਚੰਡੀਗੜ੍ਹ,(ਅਸ਼ਵਨੀ)- ਪੰਜਾਬ ’ਚ ਚੀਫ਼ ਸੈਕਟਰੀ ਅਤੇ ਮੰਤਰੀਆਂ ਵਿਚਕਾਰ ਉਪਜੇ ਵਿਵਾਦ ’ਚ ਹੁਣ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਸਿੱਧੇ-ਸਿੱਧੇ ਚੀਫ਼ ਸੈਕਟਰੀ ਖਿਲਾਫ਼ ਮੈਦਾਨ ’ਚ ਉਤਰ ਆਏ। ਵੀਰਵਾਰ ਨੂੰ ਮੀਡੀਆ ਨਾਲ ਮੁਖਾਤਿਬ ਹੁੰਦਿਆਂ ਜਾਖੜ ਨੇ ਬੇਹੱਦ ਤਿੱਖੇ ਸੁਰ ’ਚ ਕਿਹਾ ਕਿ ਚੀਫ਼ ਸੈਕਟਰੀ ਮੁੱਖ ਮੰਤਰੀ ਦੇ ਭਰੋਸੇ ਦਾ ਨਾਜਾਇਜ਼ ਫਾਇਦਾ ਉਠਾ ਰਹੇ ਹਨ। ਜਾਖੜ ਨੇ ਕਿਹਾ ਕਿ ਬੇਸ਼ੱਕ ਚੀਫ਼ ਸੈਕਟਰੀ ਨੂੰ ਅਹੁਦੇ ਤੋਂ ਹਟਾਉਣ ਜਾਂ ਨਾ ਹਟਾਉਣ ਦਾ ਫੈਸਲਾ ਮੁੱਖ ਮੰਤਰੀ ਦੇ ਅਧਿਕਾਰ ਖੇਤਰ ’ਚ ਆਉਂਦਾ ਹੈ ਪਰ ਉਨ੍ਹਾਂ ਦਾ ਨਿੱਜੀ ਮੰਨਣਾ ਹੈ ਕਿ ਚੀਫ਼ ਸੈਕਟਰੀ ਹੀ ਨਹੀਂ, ਉਨ੍ਹਾਂ ਸਾਰਿਆਂ ਨੂੰ ਇਸ ਸਿਸਟਮ ਤੋਂ ਬਾਹਰ ਕਰ ਦਿੱਤਾ ਜਾਣਾ ਚਾਹੀਦਾ ਹੈ, ਜੋ ਭਰੋਸੇ ਦਾ ਨਾਜਾਇਜ਼ ਫਾਇਦਾ ਚੁੱਕਦੇ ਹਨ ਜਾਂ ਸਰਕਾਰ ਦੀਆਂ ਨੀਤੀਆਂ ਨੂੰ ਜਨਤਾ ਤੱਕ ਪਹੁੰਚਾਉਣ ’ਚ ਅੜਚਨ ਬਣਦੇ ਹਨ। ਜਾਖੜ ਨੇ ਕਿਹਾ ਕਿ ਚੀਫ਼ ਸੈਕਟਰੀ ਦੇ ਵਰਤਾਅ ਨੂੰ ਲੈ ਕੇ ਮੰਤਰੀਆਂ ਅਤੇ ਵਿਧਾਇਕਾਂ ਨੇ ਆਪਣੀ ਗੱਲ ਮੁੱਖ ਮੰਤਰੀ ਤੱਕ ਪਹੁੰਚਾ ਦਿੱਤੀ ਹੈ। ਇਸ ਤੋਂ ਪਹਿਲਾਂ ਤੱਕ ਕੋਰੋਨਾ ਮਹਾਮਾਰੀ ਦੇ ਚਲਦੇ ਨਿੱਜੀ ਮੁਲਾਕਾਤਾਂ ਤੋਂ ਦੂਰ ਹੋਣ ਕਾਰਨ ਮੁੱਖ ਮੰਤਰੀ ਕੋਲ ਅੱਧੀਆਂ-ਅਧੂਰੀਆਂ ਗੱਲਾਂ ਹੀ ਪਹੁੰਚੀਆਂ ਸਨ। ਦੱਸਿਆ ਗਿਆ ਸੀ ਕਿ ਸ਼ਾਇਦ ਚੀਫ਼ ਸੈਕਟਰੀ ਨੇ ਮੁਆਫ਼ੀ ਮੰਗ ਲਈ ਸੀ, ਪਰ ਬੁੱਧਵਾਰ ਨੂੰ ਦੁਪਹਿਰ ਭੋਜ ’ਤੇ ਮੰਤਰੀਆਂ ਵਲੋਂ ਵਿਧਾਇਕਾਂ ਨਾਲ ਮੁਲਾਕਾਤ ਤੋਂ ਬਾਅਦ ਮੁੱਖ ਮੰਤਰੀ ਨੂੰ ਕਾਫ਼ੀ ਗੱਲਾਂ ਸਪੱਸ਼ਟ ਕੀਤੀਆਂ ਗਈਆਂ ਹਨ। ਹੁਣ ਜੋ ਵੀ ਪੰਜਾਬ ਲਈ ਬਿਹਤਰ ਹੋਵੇਗਾ, ਮੁੱਖ ਮੰਤਰੀ ਉਹ ਫੈਸਲਾ ਲੈਣਗੇ।

ਅਫ਼ਸਰਸ਼ਾਹੀ ਦੇ ਬੁਰੇ ਵਰਤਾਅ ਦੀ ਮਰਜ ਤਿੰਨ ਸਾਲ ਪੁਰਾਣੀ :

ਗੱਲਾਂ-ਗੱਲਾਂ ’ਚ ਜਾਖੜ ਨੇ ਇਹ ਗੱਲ ਵੀ ਕਹਿ ਦਿੱਤੀ ਕਿ ਪੰਜਾਬ ’ਚ ਅਫ਼ਸਰਸ਼ਾਹੀ ਦੇ ਬੁਰੇ ਵਰਤਾਅ ਦੀ ਇਹ ਮਰਜ ਤਿੰਨ ਸਾਲ ਪੁਰਾਣੀ ਹੈ। ਉਨ੍ਹਾਂ ਕਿਹਾ ਕਿ ਚੀਫ਼ ਸੈਕਟਰੀ ਦੇ ਵਰਤਾਅ ਦਾ ਇਹ ਤਾਜ਼ਾ ਘਟਨਾਚੱਕਰ ਤਾਂ ਸਿਰਫ਼ ਰੋਗ ਦੇ ਉਪਰੀ ਲੱਛਣ ਹਨ ਪਰ ਅਸਲ ’ਚ ਰੋਗ ਅੰਦਰ ਗੰਭੀਰ ਰੂਪ ’ਚ ਬੈਠਾ ਹੈ। ਇਸ ਤੋਂ ਪਹਿਲਾਂ ਵੀ ਸੁਨੀਲ ਜਾਖੜ ਆਮ ਤੌਰ ’ਤੇ ਪੰਜਾਬ ਦੀ ਬਿਊਰੋਕ੍ਰੇਸੀ ਨੂੰ ਨਿਸ਼ਾਨੇ ’ਤੇ ਲੈਂਦੇ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਮੰਤਰੀਆਂ ਅਤੇ ਵਿਧਾਇਕਾਂ ਦੇ ਅਫ਼ਸਰਸ਼ਾਹੀ ਖਿਲਾਫ ਨਾਰਾਜ਼ਗੀ ਜਤਾਉਣ ਨਾਲ ਸੁਨੀਲ ਜਾਖੜ ਦੀ ਗੱਲ ਨੂੰ ਵੀ ਬਲ ਮਿਲਿਆ ਹੈ। ਇਸ ਲਈ ਉਹ ਵੀ ਹੁਣ ਖੁਲ ਕੇ ਮੰਤਰੀਆਂ ਅਤੇ ਵਿਧਾਇਕਾਂ ਨਾਲ ਖੜ੍ਹੇ ਹੋ ਗਏ ਹਨ।

ਵੀਰਵਾਰ ਨੂੰ ਦਿਨਭਰ ਚੱਲਿਆ ਬੈਠਕਾਂ ਦਾ ਦੌਰ :

ਉਧਰ, ਵੀਰਵਾਰ ਨੂੰ ਦਿਨ ਭਰ ਵਿਧਾਇਕਾਂ ਦੀਆਂ ਬੈਠਕਾਂ ਦਾ ਦੌਰ ਚਲਦਾ ਰਿਹਾ। ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਨੂੰ ਮੁੱਖ ਮੰਤਰੀ ਨਾਲ ਹੋਈ ਮੁਲਾਕਾਤ ਤੋਂ ਬਾਅਦ ਤੋਂ ਹੀ ਨਾਰਾਜ਼ ਵਿਧਾਇਕ ਲਗਾਤਾਰ ਆਪਣੀ ਅਗਲੀ ਰਣਨੀਤੀ ਨੂੰ ਲੈ ਕੇ ਮੰਥਨ ਕਰਨ ’ਚ ਜੁਟੇ ਹੋਏ ਹਨ। ਨਾਰਾਜ਼ ਵਿਧਾਇਕ ਕੋਸ਼ਿਸ਼ ’ਚ ਹਨ ਕਿ ਛੇਤੀ ਤੋਂ ਛੇਤੀ ਸ਼ਰਾਬ ਤੋਂ ਪ੍ਰਾਪਤ ਸਰਕਾਰੀ ਮਾਲੀਏ ’ਤੇ ਪੂਰੀ ਤਸਵੀਰ ਸਾਫ਼ ਹੋਵੇ। ਇਸ ਮਾਮਲੇ ’ਚ ਕੁੱਝ ਵਿਧਾਇਕ ਲਗਾਤਾਰ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਸੰਪਰਕ ’ਚ ਵੀ ਹਨ। ਵਿਧਾਇਕ ਰਾਜਾ ਵੜਿੰਗ ਨੇ ਤਾਂ ਸੋਸ਼ਲ ਮੀਡੀਆ ’ਤੇ ਪਹਿਲਾਂ ਹੀ ਵਿੱਤ ਮੰਤਰੀ ਤੋਂ ਮਾਲੀਏ ’ਤੇ ਸਥਿਤੀ ਸਪੱਸ਼ਟ ਕਰਨ ਦੀ ਮੰਗ ਕਰ ਚੁੱਕੇ ਹਨ। ਇਸ ਰਣਨੀਤੀ ਦੇ ਤਹਿਤ ਵਿਧਾਇਕ ਫ਼ਤਹਿ ਜੰਗ ਸਿੰਘ ਬਾਜਵਾ ਨੇ ਵੀ ਵੀਰਵਾਰ ਨੂੰ ਇਕ ਵਾਰ ਫੇਰ ਸੋਸ਼ਲ ਮੀਡੀਆ ਰਾਹੀਂ ਮੁੱਖ ਮੰਤਰੀ ’ਤੇ ਨਿਸ਼ਾਨਾ ਸਾਧਿਆ। ਬਾਜਵਾ ਨੇ ਮੁੱਖ ਮੰਤਰੀ ਨੂੰ ਟਵੀਟ ਕਰਦਿਆਂ ਲਿਖਿਆ ਕਿ ਸੰਕਟ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ। ਸ਼ਰਾਬ ਦੇ ਗੈਰ-ਕਾਨੂਨੀ ਧੰਦੇ ਨੂੰ ਲੈ ਕੇ ਸਿਰਫ਼ ਇਕ ਦੂਸਰੇ ’ਤੇ ਦੋਸ਼ ਲਗਾਉਣ ਤੋਂ ਬਚਿਆ ਨਹੀਂ ਜਾ ਸਕਦਾ। ਜ਼ਰੂਰਤ ਸਖ਼ਤ ਕਦਮ ਚੁੱਕਣ ਦੀ ਹੈ। ਪੰਜਾਬ ਦੀ ਜਨਤਾ ਦੇਖ ਰਹੀ ਹੈ ਅਤੇ ਜਵਾਬ ਦਾ ਇੰਤਜ਼ਾਰ ਕਰ ਰਹੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Bharat Thapa

Content Editor Bharat Thapa