ਜੇ ਸਰਕਾਰ ਰਾਫੇਲ ਸੌਦੇ 'ਚ ਸੱਚੀ ਫਿਰ ਜਾਂਚ ਤੋਂ ਕਿਉਂ ਭੱਜ ਰਹੀ : ਜਾਖੜ

Saturday, Dec 15, 2018 - 06:54 PM (IST)

ਜੇ ਸਰਕਾਰ ਰਾਫੇਲ ਸੌਦੇ 'ਚ ਸੱਚੀ ਫਿਰ ਜਾਂਚ ਤੋਂ ਕਿਉਂ ਭੱਜ ਰਹੀ : ਜਾਖੜ

ਚੰਡੀਗੜ੍ਹ (ਭੁੱਲਰ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਆਖਿਆ ਹੈ ਕਿ ਜੇਕਰ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਰਾਫੇਲ ਸੌਦੇ ਵਿਚ ਆਪਣੇ ਆਪ ਨੂੰ ਪਾਕ ਸਾਫ ਸਮਝਦੀ ਹੈ ਤਾਂ ਫਿਰ ਇਸ ਮਾਮਲੇ ਦੀ ਸੰਯੁਕਤ ਪਾਰਲੀਮਾਨੀ ਕਮੇਟੀ ਤੋਂ ਜਾਂਚ ਕਰਵਾਉਣ ਤੋਂ ਕਿਉਂ ਭੱਜ ਰਹੀ ਹੈ। ਅੱਜ ਇੱਥੋਂ ਜਾਰੀ ਬਿਆਨ ਵਿਚ ਜਾਖੜ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਨਾਲ ਜੁੜੇ ਅਤਿ ਸੰਵੇਦਨਸ਼ੀਲ ਮਸਲੇ ਦੀ ਜਾਂਚ ਲਈ ਸੰਯੁਕਤ ਪਾਰਲੀਮਾਨੀ ਕਮੇਟੀ ਦੀ ਜਾਂਚ ਹੀ ਸਭ ਤੋਂ ਬਿਹਤਰ ਬਦਲ ਹੈ। ਉਨ੍ਹਾਂ ਕਿਹਾ ਕਿ ਮਾਣਯੋਗ ਸਰਵਉਚ ਅਦਾਲਤ ਦੇ ਫੈਸਲੇ ਦੀ ਭਾਜਪਾ ਗਲਤ ਵਿਆਖਿਆ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਅਦਾਲਤੀ ਫੈਸਲੇ ਵਿਚ ਅਜਿਹਾ ਬਿਲਕੁੱਲ ਨਹੀਂ ਕਿਹਾ ਗਿਆ ਕਿ ਇਸ ਮਾਮਲੇ ਦੀ ਹੋਰ ਜਾਂਚ ਨਹੀਂ ਹੋ ਸਕਦੀ ਬਲਕਿ ਅਦਾਲਤ ਨੇ ਤਾਂ ਮੰਨਿਆ ਹੈ ਕਿ ਕੁਝ ਵਿਸ਼ੇ ਅਦਾਲਤੀ ਨਜ਼ਰਸਾਨੀ ਤੋਂ ਅੱਗੇ ਦੇ ਹਨ। ਉਨ੍ਹਾਂ ਕਿਹਾ ਕਿ ਅਦਾਲਤ ਨੇ ਵੀ ਮੰਨਿਆ ਹੈ ਕਿ ਕੁਝ ਸਵਾਲਾਂ ਦੀ ਸਮੀਖਿਆ ਉਸਦੇ ਨਿਆਂਇਕ ਦਾਇਰੇ ਵਿਚ ਨਹੀਂ ਆਉਂਦੀ ਹੈ ਅਤੇ ਉਸਦੀਆਂ ਕੁਝ ਸੀਮਾਵਾਂ ਹਨ।

ਜਾਖੜ ਨੇ ਕਿਹਾ ਕਿ ਮੋਦੀ ਸਰਕਾਰ ਨੇ ਅਦਾਲਤ ਕੋਲ ਵੀ ਝੂਠੇ ਤੱਥ ਪੇਸ਼ ਕੀਤੇ ਹਨ। ਉਨ੍ਹਾਂ ਕਿਹਾ ਕਿ ਅਦਾਲਤ ਨੂੰ ਮੋਦੀ ਸਰਕਾਰ ਵੱਲੋਂ ਮਨਘੜਤ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਜਹਾਜ਼ਾਂ ਦੀ ਕੀਮਤ ਆਦਿ ਸਬੰਧੀ ਜਾਣਕਾਰੀ ਕੈਗ ਨੂੰ ਦਿੱਤੀ ਗਈ ਸੀ ਜਿਸ ਨੂੰ ਪਾਰਲੀਮੈਂਟ ਦੀ ਪਬਲਿਕ ਅਕਾਊਂਟਸ ਕਮੇਟੀ ਪੀ.ਏ.ਸੀ. ਵੱਲੋਂ ਵੀ ਵਾਚਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੀ.ਏ.ਸੀ. ਦੇ ਚੇਅਰਮੈਨ ਤਾਂ ਕਾਂਗਰਸ ਪਾਰਟੀ ਦੇ ਲੋਕ ਸਭਾ ਵਿਚ ਆਗੂ ਮਲਿਕਾਅਰਜੁਨ ਖੜਗੇ ਹਨ ਅਤੇ ਉਨ੍ਹਾਂ ਦੀ ਕਮੇਟੀ ਕੋਲ ਅਜਿਹੀ ਕੋਈ ਵੀ ਕੈਗ ਦੀ ਰਿਪੋਟ ਨਹੀਂ ਆਈ ਹੈ, ਜਿਸ ਤੋਂ ਸੱਪਸ਼ਟ ਹੁੰਦਾ ਹੈ ਕਿ ਮੋਦੀ ਸਰਕਾਰ ਨਾ ਸਿਰਫ ਪੂਰੇ ਦੇਸ਼ ਨੂੰ ਇਸ ਮੁੱਦੇ 'ਤੇ ਹਨੇਰੇ ਵਿਚ ਰੱਖ ਰਹੀ ਹੈ ਸਗੋਂ ਇਸ ਨੇ ਮਾਣਯੋਗ ਅਦਾਲਤ ਨੂੰ ਵੀ ਗੁੰਮਰਾਹਕੁੰਨ ਜਾਣਕਾਰੀਆਂ ਪੇਸ਼ ਕੀਤੀਆਂ ਹਨ। 


author

Gurminder Singh

Content Editor

Related News