ਮੋਦੀ ਨੇ ਸਰਕਾਰ ਨੂੰ ਬਣਾਇਆ ਵਪਾਰ, ਲੋਕ ਹਿੱਤ ਵਿਸਾਰੇ : ਸੁਨੀਲ ਜਾਖੜ
Sunday, Jun 17, 2018 - 07:04 AM (IST)
ਬੱਸੀ ਪਠਾਣਾਂ(ਰਾਜਕਮਲ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਕਾਰ ਨੂੰ ਵਪਾਰ ਬਣਾ ਦਿੱਤਾ ਹੈ ਅਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਲੋਕ-ਹਿੱਤ ਭੁੱਲ ਚੁੱਕੀ ਹੈ। ਉਹ ਅੱਜ ਬੱਸੀ ਪਠਾਣਾਂ ਹਲਕੇ ਵਿਚ ਉੱਚਾ ਪਿੰਡ ਵਿਚ ਮੋਦੀ ਸਰਕਾਰ ਦੀਆਂ ਨਾਕਾਮੀਆਂ ਖਿਲਾਫ ਕੀਤੇ ਰੋਸ ਵਿਖਾਵੇ ਮੌਕੇ ਸੰਬੋਧਨ ਕਰ ਰਹੇ ਸਨ। ਇਸ ਮੌਕੇ ਸਥਾਨਕ ਵਿਧਾਇਕ ਗੁਰਪ੍ਰੀਤ ਸਿੰਘ ਅਤੇ ਜ਼ਿਲਾ ਪ੍ਰਧਾਨ ਹਰਿੰਦਰ ਸਿੰਘ ਭਾਂਬਰੀ ਵੀ ਹਾਜ਼ਰ ਸਨ। ਸ਼੍ਰੀ ਸੁਨੀਲ ਜਾਖੜ ਨੇ ਕਿਹਾ ਕਿ ਤੇਲ ਦੀਆਂ ਕੀਮਤਾਂ ਵਿਚ ਵਾਧੇ ਨਾਲ ਕੇਂਦਰ ਸਰਕਾਰ ਸਾਲਾਨਾ 3 ਲੱਖ ਕਰੋੜ ਦੀ ਕਮਾਈ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਵਪਾਰੀ ਬਣ ਕੇ ਸਰਕਾਰ ਚਲਾ ਰਹੇ ਹਨ ਜਦਕਿ ਸਰਕਾਰ ਲਈ ਲੋਕ ਭਲਾਈ ਸਭ ਤੋਂ ਵੱਡੀ ਤਰਜੀਹ ਹੁੰਦੀ ਹੈ। ਉਨ੍ਹਾਂ ਕਿਹਾ ਕਿ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਅਤੇ ਮਹਿੰਗਾਈ ਦਰ ਵਿਚ ਤੇਜ਼ੀ ਨੇ ਕਿਸਾਨੀ ਸਮੇਤ ਸਮਾਜ ਦੇ ਸਾਰੇ ਵਰਗਾਂ ਦੀ ਆਰਥਿਕਤਾ 'ਤੇ ਮਾੜਾ ਅਸਰ ਪਾਇਆ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਕੇਂਦਰ ਦੀ ਮੋਦੀ ਸਰਕਾਰ ਕਿਸਾਨ ਹਿਤੈਸ਼ੀ ਹੋਣ ਦਾ ਢੌਂਗ ਕਰਦੀ ਹੈ ਜਦਕਿ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਲਈ ਇਹ ਸਰਕਾਰ 10 ਹਜ਼ਾਰ ਕਰੋੜ ਰੁਪਏ ਵੀ ਖਰਚਣ ਨੂੰ ਤਿਆਰ ਨਹੀਂ ਜਦਕਿ ਇਹੀ ਮੋਦੀ ਸਰਕਾਰ ਹਾਲੇ ਕੁਝ ਦਿਨ ਪਹਿਲਾਂ ਹੀ ਵੱਡੇ ਉਦਯੋਗਾਂ ਨੂੰ 1 ਲੱਖ 44 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਮੁਆਫ ਕਰ ਚੁੱਕੀ ਹੈ। ਇਹ ਇਸ ਸਰਕਾਰ ਦੇ ਦੋਹਰੇ ਕਿਰਦਾਰ ਦਾ ਪ੍ਰਮਾਣ ਹੈ। ਜਾਖੜ ਨੇ ਕਿਹਾ ਕਿ 2014 ਵਿਚ ਸੁਪਨਿਆਂ ਦੇ ਸੌਦਾਗਰ ਪ੍ਰਧਾਨ ਮੰਤਰੀ ਨੇ ਦੇਸ਼ ਦੀ ਜਨਤਾ ਨੂੰ ਗੁੰਮਰਾਹ ਕਰ ਕੇ ਕੇਂਦਰ ਵਿਚ ਸਰਕਾਰ ਬਣਾਈ ਸੀ। ਉਨ੍ਹਾਂ ਕਿਹਾ ਕਿ ਲੋਕਤੰਤਰ ਅਤੇ ਆਪਣੇ ਅਧਿਕਾਰਾਂ ਪ੍ਰਤੀ ਜਨ-ਜਾਗਰੂਕਤਾ ਹੀ ਅਜਿਹਾ ਸਾਧਨ ਹੁੰਦੀ ਹੈ ਜੋ ਸਰਕਾਰ ਨੂੰ ਸਹੀ ਦਿਸ਼ਾ ਵਿਚ ਚੱਲਣ ਲਈ ਮਜਬੂਰ ਕਰਦੀ ਹੈ ਅਤੇ ਇਹੀ ਚੇਤਨਾ ਪੰਜ ਸਾਲ ਬਾਅਦ ਸਹੀ ਸਰਕਾਰ ਚੁਣਨ ਦਾ ਸੰਕਲਪ ਬਣਦੀ ਹੈ। ਇਸ ਲਈ ਉਨ੍ਹਾਂ ਪੰਜਾਬੀਆਂ ਨੂੰ ਸਮਾਜਿਕ ਤੇ ਆਰਥਿਕ ਮੋਰਚਿਆਂ 'ਤੇ ਜਾਗਰੂਕ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਹਰ ਇਕ ਨਾਗਰਿਕ ਨੂੰ ਮੋਦੀ ਸਰਕਾਰ ਦੀਆਂ ਕੋਝੀਆਂ ਨੀਤੀਆਂ ਨੂੰ ਸਮਝਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਕਸ਼ਮੀਰ ਅਤੇ ਬਾਰਡਰ 'ਤੇ ਸਾਡੇ ਜਵਾਨ ਸ਼ਹੀਦ ਹੋ ਰਹੇ ਹਨ, ਦੇਸ਼ ਦਾ ਕਿਸਾਨ ਆਤਮ-ਹੱਤਿਆਵਾਂ ਕਰ ਰਿਹਾ ਹੈ ਅਤੇ ਨਿੱਤ-ਦਿਨ ਵਿਦੇਸ਼ੀ ਸੈਰ 'ਤੇ ਰਹਿਣ ਵਾਲੇ ਪ੍ਰਧਾਨ ਮੰਤਰੀ ਦੇ ਰਾਜ ਦੌਰਾਨ ਯੂ. ਐੱਨ. ਦੀ ਕਸ਼ਮੀਰ ਬਾਰੇ ਆਈ ਗੁੰਮਰਾਹਕੁੰਨ ਰਿਪੋਰਟ ਨੇ ਦੇਸ਼ ਦੇ ਵੱਕਾਰ ਨੂੰ ਸੱਟ ਮਾਰੀ ਹੈ। ਉਨ੍ਹਾਂ ਕਿਹਾ ਕਿ ਇਹ ਸਾਰੇ ਤੱਥ ਜ਼ਾਹਿਰ ਕਰਦੇ ਹਨ ਕਿ ਮੋਦੀ ਸਰਕਾਰ ਅੰਦਰੂਨੀ ਅਤੇ ਬਾਹਰੀ ਹਰ ਮੋਰਚੇ 'ਤੇ ਅਸਫਲ ਸਿੱਧ ਹੋਈ ਹੈ।
ਉਨ੍ਹਾਂ ਕਿਹਾ ਕਿ ਜਦੋਂ ਕੇਂਦਰ ਵਿਚ ਕਾਂਗਰਸ ਦੇ ਪ੍ਰਧਾਨ ਮੰਤਰੀ ਸ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਸੀ ਤਾਂ ਕੇਂਦਰ ਸਰਕਾਰ ਵਿਦੇਸ਼ ਤੋਂ ਮਹਿੰਗਾ ਤੇਲ ਖਰੀਦ ਕੇ ਦੇਸ਼ ਦੇ ਲੋਕਾਂ ਨੂੰ ਸਸਤਾ ਤੇਲ ਦੇ ਰਹੀ ਸੀ ਜਦਕਿ ਹੁਣ ਮੋਦੀ ਸਰਕਾਰ ਸਸਤਾ ਤੇਲ ਖਰੀਦ ਕੇ ਦੇਸ਼ ਦੇ ਲੋਕਾਂ ਨੂੰ ਮਹਿੰਗਾ ਵੇਚ ਕੇ ਲੁੱਟ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਨਾਲੋਂ ਡੀਜ਼ਲ 15 ਰੁਪਏ ਪ੍ਰਤੀ ਲਿਟਰ ਮਹਿੰਗਾ ਹੋ ਗਿਆ। ਇਸ ਸਾਲ ਪੰਜਾਬ ਦੇ ਕਿਸਾਨ ਨੂੰ ਝੋਨਾ ਪੈਦਾ ਕਰਨ 'ਤੇ 1800 ਕਰੋੜ ਰੁਪਏ ਵੱਧ ਖਰਚਾ ਕੇਵਲ ਡੀਜ਼ਲ 'ਤੇ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀ ਇਸ ਲੁੱਟ 'ਤੇ ਅਕਾਲੀ ਆਗੂਆਂ ਦੀ ਚੁੱਪ ਇਨ੍ਹਾਂ ਵੱਲੋਂ ਵੀ ਲੋਕ-ਹਿੱਤਾਂ ਤੋਂ ਮੁੰਹ ਮੋੜ ਲੈਣ ਦਾ ਸਬੂਤ ਹੈ। ਸ਼੍ਰੀ ਜਾਖੜ ਨੇ ਕਿਹਾ ਕਿ ਸ. ਮਨਮੋਹਨ ਸਿੰਘ ਦੀ ਸਰਕਾਰ ਮੌਕੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਜਦ ਵੀ ਉਨ੍ਹਾਂ ਕੋਲ ਗਏ ਤਾਂ ਸ. ਮਨਮੋਹਨ ਸਿੰਘ ਨੇ ਕਦੇ ਪੰਜਾਬ ਨੂੰ ਨਾਂਹ ਨਹੀਂ ਕੀਤੀ ਅਤੇ ਹੁਣ ਅਕਾਲੀਆਂ ਦੀ ਆਪਣੀ ਭਾਈਵਾਲ ਭਾਜਪਾ ਦੀ ਸਰਕਾਰ ਹੈ ਤਾਂ ਇਨ੍ਹਾਂ ਪੰਜਾਬ ਲਈ ਕੇਂਦਰ ਤੋਂ ਕੋਈ ਪੈਕੇਜ ਤਾਂ ਕੀ ਲਿਆਉਣਾ ਸੀ ਸਗੋਂ ਇਨ੍ਹਾਂ ਨੂੰ ਪ੍ਰਧਾਨ ਮੰਤਰੀ ਨੂੰ ਮਿਲਣ ਲਈ ਸਿਫਾਰਸ਼ਾਂ ਲੱਭਣੀਆਂ ਪੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਦੀ ਪਿਛਲੀ ਸਰਕਾਰ ਨੇ ਲੋਕ-ਹਿੱਤਾਂ ਤੋਂ ਮੁੰਹ ਮੋੜ ਲਿਆ ਸੀ ਤਾਂ ਵੋਟਰਾਂ ਨੇ ਇਨ੍ਹਾਂ ਨੂੰ ਤੀਜੇ ਥਾਂ 'ਤੇ ਬਿਠਾ ਦਿੱਤਾ ਅਤੇ 2019 ਵਿਚ ਭਾਜਪਾ ਨਾਲ ਵੀ ਦੇਸ਼ ਦੇ ਲੋਕ ਇਹੀ ਸਲੂਕ ਕਰਨ ਵਾਲੇ ਹਨ। ਇਥੇ ਜ਼ਿਕਰਯੋਗ ਹੈ ਕਿ ਪਾਰਟੀ ਵੱਲੋਂ ਮੋਦੀ ਸਰਕਾਰ ਦੀਆਂ ਨੀਤੀਆਂ ਖਿਲਾਫ ਸਾਰੇ ਪਿੰਡਾਂ ਵਿਚ 14 ਤੋਂ 21 ਜੂਨ ਤੱਕ ਰੋਸ ਵਿਖਾਵੇ ਕਰਨ ਦਾ ਫੈਸਲਾ ਕੀਤਾ ਗਿਆ ਹੈ ਅਤੇ ਇਸੇ ਲੜੀ ਤਹਿਤ ਇਹ ਵਿਖਾਵੇ ਕੀਤੇ ਜਾ ਰਹੇ ਹਨ।
