ਸ਼੍ਰੋਮਣੀ ਅਕਾਲੀ ਦਲ  ਅਤੇ ''ਆਪ'' ਦੱਸਣ ਕਿ ਉਹ ਕਿਸਾਨ ਕਰਜ਼ਾ ਮੁਆਫੀ ਦੇ ਹੱਕ ''ਚ ਜਾਂ ਵਿਰੋਧ ''ਚ : ਜਾਖੜ

Tuesday, Jan 09, 2018 - 06:51 AM (IST)

ਜਲੰਧਰ(ਧਵਨ)—ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ 'ਆਪ' ਦੋਵਾਂ 'ਤੇ ਸਿਆਸੀ ਹਮਲੇ ਬੋਲਦੇ ਹੋਏ ਕਿਹਾ ਹੈ ਕਿ ਦੋਵਾਂ ਪਾਰਟੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦੇ ਹੱਕ 'ਚ ਜਾਂ ਫਿਰ ਵਿਰੋਧ 'ਚ ਹਨ। ਉਨ੍ਹਾਂ ਅੱਜ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਆਪਣੇ 9-10 ਮਹੀਨਿਆਂ ਦੇ ਕਾਰਜਕਾਲ ਦੌਰਾਨ ਹੀ ਛੋਟੇ ਕਿਸਾਨਾਂ ਦਾ 2-2 ਲੱਖ ਰੁਪਏ ਦਾ ਕਰਜ਼ਾ ਮੁਆਫ ਕਰ ਦਿੱਤਾ। ਜਾਖੜ ਨੇ ਕਿਹਾ ਕਿ ਅਕਾਲੀ ਨੇਤਾਵਾਂ ਨੂੰ ਚਿੰਤਾ ਇਹ ਹੈ ਕਿ ਵੱਡੇ ਜਥੇਦਾਰਾਂ ਦਾ 90-90 ਲੱਖ ਦਾ ਕਰਜ਼ਾ ਸਰਕਾਰ ਨੇ ਮੁਆਫ ਨਹੀਂ ਕੀਤਾ ਹੈ ਕਿਉਂਕਿ ਅਮਰਿੰਦਰ ਸਰਕਾਰ ਸਿਰਫ ਗਰੀਬ ਅਤੇ ਛੋਟੇ ਕਿਸਾਨਾਂ ਨੂੰ ਰਾਹਤ ਦੇਣਾ ਚਾਹੁੰਦੀ ਹੈ। ਦੂਜੇ ਪੜਾਅ ਦੇ ਮੱਧ ਵਰਗ ਨਾਲ ਸੰਬੰਧਤ ਕਿਸਾਨਾਂ ਦਾ ਕਰਜ਼ਾ ਸਰਕਾਰ ਮੁਆਫ ਕਰੇਗੀ। ਉਨ੍ਹਾਂ ਨੇ ਅਕਾਲੀ ਲੀਡਰਸ਼ਿਪ ਤੋਂ ਪੁੱਛਿਆ ਕਿ ਉਨ੍ਹਾਂ ਦੀ ਸਰਕਾਰ 10 ਸਾਲਾਂ ਤਕ ਪੰਜਾਬ 'ਚ ਰਹੀ ਹੈ ਪਰ ਕੀ ਉਨ੍ਹਾਂ ਨੇ ਇਕ ਵੀ ਕਿਸਾਨ ਦਾ ਕਰਜ਼ਾ ਮੁਆਫ ਕੀਤਾ ਹੈ? ਉਨ੍ਹਾਂ ਕਿਹਾ ਕਿ ਸਿਆਸੀ ਲਾਭ ਲਈ ਸਰਕਾਰ 'ਤੇ ਹਮਲਾ ਕੀਤਾ ਜਾ ਰਿਹਾ ਹੈ ਜਦਕਿ 10 ਸਾਲਾਂ ਦਾ ਸਮਾਂ ਅਕਾਲੀ ਸਰਕਾਰ ਲਈ ਲੋੜੀਂਦਾ ਸੀ ਜਿਸ ਦੌਰਾਨ ਉਹ ਕਿਸਾਨਾਂ ਦਾ ਕਰਜ਼ਾ ਮੁਆਫ ਕਰ ਸਕਦੇ ਸਨ। ਉਨ੍ਹਾਂ ਕਿਹਾ ਕਿ ਕੇਂਦਰ ਦੀ  ਯੂ. ਪੀ. ਏ. ਸਰਕਾਰ ਨੇ ਹੀ ਡਾ. ਮਨਮੋਹਨ ਸਿੰਘ ਦੀ ਅਗਵਾਈ 'ਚ ਸਭ ਤੋਂ ਪਹਿਲਾਂ ਦੇਸ਼ ਦੇ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਸੀ। ਕੇਂਦਰ 'ਚ ਭਾਜਪਾ ਦੀ ਸਰਕਾਰ ਨੇ ਤਾਂ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਲਈ ਇਕ ਵੀ ਕਦਮ ਨਹੀਂ ਚੁੱਕਿਆ। ਨਾ ਹੀ ਪੰਜਾਬ ਸਰਕਾਰ ਨੂੰ ਕੋਈ ਮਦਦ ਦਿੱਤੀ।  ਉਨ੍ਹਾਂ ਕਿਹਾ ਕਿ ਪੰਜਾਬ 'ਚ ਕੈਪਟਨ ਸਰਕਾਰ ਨੇ ਹੋਰ ਸਾਰੇ ਸੂਬਾ ਸਰਕਾਰਾਂ ਦੀ ਤੁਲਨਾ 'ਚ ਕਿਸਾਨਾਂ ਦਾ ਸਭ ਤੋਂ ਵੱਧ ਕਰਜ਼ਾ ਮੁਆਫ ਕੀਤਾ ਹੈ। ਜਾਖੜ ਨੇ ਕਿਹਾ ਕਿ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਚਿੰਤਾ ਸਤਾ ਰਹੀ ਹੈ ਕਿ ਗਰੀਬ ਕਿਸਾਨ ਕਾਂਗਰਸ ਨਾਲ ਜੁੜ ਗਿਆ ਹੈ। ਇਸ ਲਈ ਉਹ ਕਰਜ਼ਾ ਮੁਆਫੀ ਪ੍ਰੋਗਰਾਮ 'ਚ ਰੁਕਾਵਟ ਪਾ ਰਹੇ ਹਨ। ਜਾਖੜ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਕਰਜ਼ਾ ਮੁਆਫੀ ਲਈ ਚੁੱਕੇ ਗਏ ਕਦਮਾਂ ਦੀ ਸ਼ਲਾਘਾ ਵੀ ਕੀਤੀ।


Related News