ਗੁਰਦਾਸਪੁਰ ਤੋਂ ਸੰਨੀ ਦਿਓਲ ਦੇ ਚੋਣ ਲੜਨ 'ਤੇ ਦੇਖੋ ਕੀ ਬੋਲੇ ਸੁਨੀਲ ਜਾਖੜ

04/24/2019 3:56:45 PM

ਜਲੰਧਰ (ਧਵਨ) : ਭਾਜਪਾ ਵਲੋਂ ਫਿਲਮ ਅਭਿਨੇਤਾ ਸੰਨੀ ਦਿਓਲ ਨੂੰ ਪਾਰਟੀ 'ਚ ਸ਼ਾਮਲ ਕਰਨ ਅਤੇ ਗੁਰਦਾਸਪੁਰ ਤੋਂ ਉਮੀਦਵਾਰ ਬਣਾਉਣ ਦੇ ਫੈਸਲੇ 'ਤੇ ਸੂਬਾਈ ਕਾਂਗਰਸ ਨੇ ਜਵਾਬੀ ਹਮਲਾ ਕੀਤਾ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਲੋਕ ਨੌਕਰੀਆਂ ਚਾਹੁੰਦੇ ਹਨ, ਇੰਡਸਟਰੀ ਚਾਹੁੰਦੇ ਹਨ ਅਤੇ ਆਪਣੇ ਖੇਤਰ ਦਾ ਵਿਕਾਸ ਚਾਹੁੰਦੇ ਹਨ। ਫਿਲਮੀ ਸਿਤਾਰੇ ਲੋਕਾਂ ਨੂੰ ਕੀ ਦੇ ਸਕਦੇ ਹਨ? ਉਨ੍ਹਾਂ ਸੰਨੀ ਦਿਓਲ ਦੀ ਭਾਜਪਾ 'ਚ ਸ਼ਮੂਲੀਅਤ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਹੁਣ ਲੋਕਾਂ 'ਚ ਜਾਗਰੂਕਤਾ ਆ ਚੁੱਕੀ ਹੈ। ਲੋਕ ਫਿਲਮੀ ਸਿਤਾਰਿਆਂ ਦੇ ਚਿਹਰੇ ਦੇਖ ਕੇ ਵੋਟਾਂ ਨਹੀਂ ਪਾਉਂਦੇ। ਜਾਖੜ ਨੇ ਕਿਹਾ ਕਿ ਫਿਲਮੀ ਸਿਤਾਰੀਆਂ ਦਾ ਕੰਮ ਫਿਲਮਾਂ 'ਚ ਅਦਾਕਾਰੀ ਕਰਨਾ ਹੈ। ਉਨ੍ਹਾਂ ਦਾ ਮੰਤਵ ਲੋਕਾਂ ਦਾ ਮਨੋਰੰਜਨ ਕਰਨਾ ਹੈ। ਇਸ ਮਨੋਰੰਜਨ ਲਈ ਵੀ ਲੋਕਾਂ ਕੋਲੋਂ ਟਿਕਟਾਂ ਦੇ ਪੈਸੇ ਵਸੂਲੇ ਜਾਂਦੇ ਹਨ। ਅਜਿਹੇ ਫਿਲਮੀ ਸਿਤਾਰਿਆਂ ਤੋਂ ਲੋਕ ਕੀ ਉਮੀਦ ਕਰ ਸਕਦੇ ਹਨ? ਉਨ੍ਹਾਂ ਕਿਹਾ ਕਿ ਸੰਨੀ ਦਿਓਲ ਕਹਿ ਰਹੇ ਹਨ ਕਿ ਉਨ੍ਹਾਂ ਪ੍ਰਧਾਨ ਮੰਤਰੀ  ਨਰਿੰਦਰ ਮੋਦੀ ਨੂੰ ਕੇਂਦਰ 'ਚ ਪੰਜ ਸਾਲ ਹੋਰ ਦੇਣ ਦੇ ਮੁੱਦੇ ਨੂੰ ਲੈ ਕੇ ਭਾਜਪਾ ਜੁਆਇੰਨ ਕੀਤੀ ਹੈ। ਜਾਖੜ ਨੇ ਕਿਹਾ ਕਿ ਸੰਨੀ ਦਿਓਲ 'ਚ ਇੰਨੀ ਹਿੰਮਤ ਹੈ ਕਿ ਉਹ ਮੋਦੀ ਨਾਲ ਅੱਖ 'ਚ ਅੱਖ ਮਿਲਾ ਕੇ ਨੋਟਬੰਦੀ ਅਤੇ ਜੀ.ਐੱਸ.ਟੀ ਕਾਰਨ ਵਪਾਰੀਆਂ, ਉਦਮੀਆਂ ਅਤੇ ਕਿਸਾਨਾਂ ਨੂੰ ਪੁੱਜੇ ਨੁਕਸਾਨ ਬਾਰੇ ਹਿਸਾਬ ਮੰਗ ਸਕੇ। ਭਾਜਪਾ ਨੂੰ ਗੁਰਦਾਸਪੁਰ 'ਚ ਸਥਾਨਕ ਪੱਧਰ 'ਤੇ ਕੋਈ ਵੀ ਨੇਤਾ ਨਹੀਂ ਮਿਲ ਰਿਹਾ ਸੀ। ਅਜਿਹੀ ਹੀ ਹਾਲਤ ਅੰਮ੍ਰਿਤਸਰ ਵਿਖੇ ਵੀ ਸੀ। ਦੋਹਾਂ ਥਾਵਾਂ 'ਤੇ ਪੰਜਾਬ ਤੋਂ ਬਾਹਰ ਦੇ ਆਗੂਆਂ ਨੂੰ ਚੋਣ ਮੈਦਾਨ 'ਚ ਉਤਾਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਹੁਣ ਗੁਰਦਾਸਪੁਰ ਦੇ ਲੋਕ ਵੀ ਫਿਲਮੀ ਅਭਿਨੇਤਾ ਕੋਲੋਂ ਇਹ ਸਵਾਲ ਪੁੱਛਣਗੇ ਕਿ ਪਿਛਲੇ ਪੰਜ ਸਾਲਾਂ 'ਚ ਮੋਦੀ ਸਰਕਾਰ ਨੇ ਆਪਣੇ ਚੋਣ ਵਾਅਦੇ ਪੂਰੇ ਕਿਉਂ ਨਹੀਂ ਕੀਤੇ। ਜਾਖੜ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਸੰਨੀ ਦਿਓਲ ਇਨ੍ਹਾਂ ਸਵਾਲਾ ਦਾ ਜਵਾਬ ਦੇ ਸਕਣਗੇ।

ਆਮ ਲੋਕ ਸੰਨੀ ਦਿਓਲ ਨਾਲ ਕਿਸ ਥਾਂ 'ਤੇ ਮੁਲਾਕਾਤ ਕਰਨਗੇ
ਜਾਖੜ ਨੇ ਕਿਹਾ ਕਿ ਗੁਰਦਾਸਪੁਰ ਦੇ ਲੋਕ ਹੁਣ ਆਪਣਾ ਕੰਮ ਕਰਵਾਉਣ ਲਈ ਮੁੰਬਈ ਜਾਇਆ ਕਰਨਗੇ? ਕੀ ਸੰਨੀ ਦਿਓਲ ਦੱਸਣਗੇ ਕਿ ਆਮ ਲੋਕ ਉਨ੍ਹਾਂ ਨਾਲ ਕਿਸ ਥਾਂ 'ਤੇ    ਮੁਲਾਕਾਤ ਕਰ ਸਕਣਗੇ। ਜਾਖੜ ਨੇ ਕਿਹਾ ਕਿ ਫਿਲਮੀ ਸਿਤਾਰੀਆਂ ਦਾ ਮੋਹ ਹੁਣ ਕੰਮ ਕਰਨ ਵਾਲਾ ਨਹੀਂ ਹੈ। ਭਾਜਪਾ ਦੀ ਸੂਬਾਈ ਇਕਾਈ 'ਤੇ ਵਿਅੰਗ ਕਰਦਿਆਂ ਜਾਖੜ ਨੇ ਕਿਹਾ ਕਿ ਪਾਰਟੀ ਨੂੰ ਗੁਰਦਾਸਪੁਰ 'ਚ ਕੋਈ ਵੀ ਯੋਗ ਨੇਤਾ ਨਹੀਂ ਮਿਲਿਆ। ਲੋਕਾਂ ਨੇ ਪਿਛਲੀਆਂ ਉਪ ਚੋਣਾਂ 'ਚ ਮੈਨੂੰ ਇਥੋਂ ਜਿਤਾ ਕੇ ਲੋਕ ਸਭਾ 'ਚ ਭੇਜਿਆ। ਮੈਂ ਆਪਣੇ ਛੋਟੇ ਜਿਹੇ ਕਾਰਜਕਾਲ ਦੌਰਾਨ ਗੁਰਦਾਸਪੁਰ ਅਤੇ ਪੰਜਾਬ ਦੇ ਲੋਕਾਂ ਦੇ ਮਸਲੇ ਅਸਰਦਾਰ ਢੰਗ ਨਾਲ ਲੋਕ ਸਭਾ 'ਚ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਮਣੇ ਉਠਾਏ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕਰ ਕੇ ਗੁਰਦਾਸਪੁਰ ਲਈ ਕਈ ਪ੍ਰਾਜੈਕਟ ਸ਼ੁਰੂ ਕਰਵਾਏ। ਆਉਣ ਵਾਲੇ ਸਮੇਂ 'ਚ ਕਈ ਹੋਰ ਪ੍ਰਾਜੈਕਟ ਸ਼ੁਰੂ ਕਰਵਾਏ ਜਾਣਗੇ।


Anuradha

Content Editor

Related News