ਜਾਖੜ ਅਤੇ ਰੰਧਾਵਾ ਵਲੋਂ ਮੋਦੀ ਸਰਕਾਰ ''ਤੇ ਤਿੱਖੇ ਹਮਲੇ

04/19/2019 5:15:30 PM

ਜਲੰਧਰ/ਡੇਰਾ ਬਾਬਾ ਨਾਨਕ (ਧਵਨ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਪੰਜਾਬ ਦੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰ ਦੀ ਮੋਦੀ ਸਰਕਾਰ 'ਤੇ ਤਿੱਖੇ ਹਮਲੇ ਕੀਤੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਨਰਿੰਦਰ ਮੋਦੀ ਸਰਕਾਰ ਨੇ ਪਿਛਲੇ 5 ਸਾਲਾਂ 'ਚ ਨਾ ਤਾਂ ਕਿਸਾਨਾਂ ਦੀ ਗੱਲ ਕੀਤੀ ਅਤੇ ਨਾ ਹੀ ਜਵਾਨਾਂ ਦੀ। ਨਰਿੰਦਰ ਮੋਦੀ ਹਰ ਮਹੀਨੇ 'ਮਨ ਕੀ ਬਾਤ' ਪ੍ਰੋਗਰਾਮ ਰਾਹੀਂ ਹਵਾਈ ਗੱਲਾਂ ਕਰਦੇ ਰਹੇ। ਹੁਣ ਉਸ ਦਾ ਖਮਿਆਜ਼ਾ ਉਨ੍ਹਾਂ ਨੂੰ ਲੋਕ ਸਭਾ ਚੋਣਾਂ 'ਚ ਭੁਗਤਣਾ ਪਵੇਗਾ। 2014 'ਚ ਮੋਦੀ ਨੇ ਜੁਮਲੇਬਾਜ਼ੀ ਕਰ ਕੇ ਚੋਣਾਂ ਜਿੱਤ ਲਈਆਂ ਪਰ ਇਸ ਸਮੇਂ ਦੇਸ਼ 'ਚ ਕਿਤੇ ਵੀ ਮੋਦੀ ਹਵਾ ਨਜ਼ਰ ਨਹੀਂ ਆ ਰਹੀ।

ਦੋਹਾਂ ਆਗੂਆਂ ਨੇ ਡੇਰਾ ਬਾਬਾ ਨਾਨਕ ਵਿਖੇ ਚੋਣ ਰੈਲੀ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਰਿੰਦਰ ਮੋਦੀ ਨੇ ਨੌਜਵਾਨਾਂ ਨੂੰ ਹਰ ਸਾਲ 2 ਕਰੋੜ ਨੌਕਰੀਆਂ ਦੇਣ ਦਾ ਲਾਲਚ ਦਿੱਤਾ ਸੀ ਪਰ ਉਲਟਾ ਨੋਟਬੰਦੀ ਕਰ ਕੇ 50 ਲੱਖ ਨੌਕਰੀਆਂ ਦੀ ਬਲੀ ਦੇ ਦਿੱਤੀ। ਹੁਣ ਰੋਜ਼ਾਨਾ ਵੱਡੀਆਂ ਕੰਪਨੀਆਂ ਬੰਦ ਹੋ ਰਹੀਆਂ ਹਨ। ਜੈੱਟ ਏਅਰਵੇਜ਼ ਕੰਪਨੀ ਵੀ ਬੰਦ ਹੋ ਗਈ ਹੈ। ਇਸ ਕਾਰਨ ਲੱਖਾਂ ਬੇਰੋਜ਼ਗਾਰ 'ਤੇ ਅਸਰ ਪਵੇਗਾ। ਸਰਕਾਰ ਨੇ ਇਸ ਨੂੰ ਬਚਾਉਣ ਲਈ ਕੋਈ ਕੋਸ਼ਿਸ਼ ਨਹੀਂ ਕੀਤੀ। ਦੋਵਾਂ ਆਗੂਆਂ ਨੇ ਕਿਹਾ ਕਿ ਸਿਰਫ ਕਾਂਗਰਸ ਸਰਕਾਰ ਨੇ ਹੀ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ। ਪਠਾਨਕੋਟ 'ਚ 1200 ਕਰੋੜ ਦੀ ਲਾਗਤ ਨਾਲ ਪੈਪਸੀ ਦੀ ਫੈਕਟਰੀ ਸਥਾਪਿਤ ਕਰਵਾਈ ਜਿਸ ਰਾਹੀਂ 10 ਹਜ਼ਾਰ ਪਰਿਵਾਰਾਂ ਨੂੰ ਸਿੱਧੇ ਤੌਰ 'ਤੇ ਲਾਭ ਹੋਵੇਗਾ।

ਸ਼੍ਰੋਮਣੀ ਅਕਾਲੀ ਦਲ ਬਾਰੇ ਬੋਲਦਿਆਂ ਜਾਖੜ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਪੰਜਾਬ ਦੇ ਹਿੱਤ ਮੋਦੀ ਸਰਕਾਰ ਕੋਲ ਗਿਰਵੀ ਰੱਖ ਦਿੱਤੇ। ਮੋਦੀ ਸਰਕਾਰ ਨੇ ਲੰਗਰ 'ਤੇ ਵੀ ਜੀ. ਐੱਸ. ਟੀ. ਲਾ ਦਿੱਤਾ। ਬਾਦਲ ਪਰਿਵਾਰ ਨੇ ਕੇਂਦਰ 'ਚ ਇਕ ਮੰਤਰੀ ਦੇ ਅਹੁਦੇ ਦੇ ਲਾਲਚ ਕਾਰਨ ਇਸ ਵਿਰੁੱਧ ਆਵਾਜ਼ ਨਹੀਂ ਉਠਾਈ। ਦੇਸ਼ ਦੇ ਲੋਕ ਜਾਗਰੂਕ ਹਨ। ਚੋਣਾਂ 'ਚ ਇਸਦਾ ਜਵਾਬ ਮੋਦੀ ਸਰਕਾਰ ਵਿਰੁੱਧ ਜਾਵੇਗਾ। ਸੁਖਜਿੰਦਰ ਸਿੰਘ ਰੰਧਾਵਾ ਜਿਨ੍ਹਾਂ ਨਾਲ ਜ਼ਿਲਾ ਪ੍ਰਧਾਨ ਰੌਸ਼ਨ ਵੀ ਸਨ, ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦੇ 2-2 ਲੱਖ ਦੇ ਕਰਜ਼ੇ ਮੁਆਫ ਕੀਤੇ ਜਦਕਿ ਅਕਾਲੀ ਆਪਣੇ ਰਾਜਕਾਲ ਦੌਰਾਨ ਇਕ ਵੀ ਕਿਸਾਨ ਦਾ ਕਰਜ਼ਾ ਮੁਆਫ ਨਹੀਂ ਕਰਵਾ ਸਕੇ। ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਨੂੰ ਪੰਜਾਬ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਉਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਮਨਾਉਣ ਲਈ ਕੋਈ ਗ੍ਰਾਂਟ ਜਾਰੀ ਨਹੀਂ ਕੀਤੀ। ਪੰਜਾਬ ਸਰਕਾਰ ਦੇ ਯਤਨਾਂ ਨਾਲ ਹੀ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਬਣ ਰਿਹਾ ਹੈ।
 


Anuradha

Content Editor

Related News