ਬਟਾਲਾ ਤੋਂ ਸੁਲਤਾਨਪੁਰ ਲੋਧੀ ਪੁੱਜੀਆਂ ਸੰਗਤਾਂ, ਸਵੇਰੇ ਰਵਾਨਾ ਹੋਵੇਗਾ ਬਾਰਾਤ ਰੂਪੀ ਨਗਰ ਕੀਰਤਨ

Tuesday, Sep 03, 2019 - 09:38 PM (IST)

ਬਟਾਲਾ ਤੋਂ ਸੁਲਤਾਨਪੁਰ ਲੋਧੀ ਪੁੱਜੀਆਂ ਸੰਗਤਾਂ, ਸਵੇਰੇ ਰਵਾਨਾ ਹੋਵੇਗਾ ਬਾਰਾਤ ਰੂਪੀ ਨਗਰ ਕੀਰਤਨ

ਸੁਲਤਾਨਪੁਰ ਲੋਧੀ (ਸੋਢੀ ) ਮਨੁੱਖਤਾ ਦੇ ਰਹਿਬਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀ ਯਾਦ 'ਚ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਬਟਾਲਾ ਲਈ 4 ਸਤੰਬਰ ਦੀ ਸਵੇਰੇ 7.30 ਵਜੇ ਰਵਾਨਾ ਹੋਵੇਗਾ । ਵਿਆਹ ਪੁਰਬ ਦੀ ਪੁਰਾਤਨ ਪ੍ਰੰਪਰਾ ਅਨੁਸਾਰ ਅੱਜ ਰਾਤ ਬਟਾਲਾ ਤੋਂ ਭਾਰੀ ਗਿਣਤੀ 'ਚ ਸ਼ਰਧਾਲੂ ਸੰਗਤਾਂ ਸ਼੍ਰੋਮਣੀ ਕਮੇਟੀ ਮੈਂਬਰ ਜਥੇ ਗੁਰਿੰਦਰਪਾਲ ਸਿੰਘ ਗੋਰਾ ਦੀ ਅਗਵਾਈ ਹੇਠ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਪੁੱਜੀਆਂ ਜਿਨ੍ਹਾਂ ਲਈ ਗੁਰੂ ਕੇ ਲੰਗਰ ਲਗਾਏ ਗਏ ਤੇ ਵੱਖ-ਵੱਖ ਮਿਠਿਆਈਆਂ ਵਰਤਾਈਆਂ ਗਈਆਂ ।

PunjabKesari

ਇਸ ਸਮੇਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਸਤਨਾਮ ਸਿੰਘ ਰਿਆੜ ਨੇ ਬਟਾਲਾ ਤੋਂ ਪੁੱਜੀਆਂ ਸ਼ਖਸ਼ੀਅਤਾਂ ਦਾ ਸਨਮਾਨ ਕੀਤਾ ਤੇ ਦੱਸਿਆ ਕਿ ਸਦੀਆਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਤੋਂ ਬਾਰਾਤ ਲੈ ਕੇ ਬਟਾਲਾ ਗਏ ਸਨ ਤੇ ਹਰ ਸਾਲ ਸੁਲਤਾਨਪੁਰ ਲੋਧੀ ਤੋਂ ਬਾਰਾਤ ਦੇ ਰੂਪ 'ਚ ਇਕ ਵਿਸ਼ਾਲ ਨਗਰ ਕੀਰਤਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਹੇਠ ਬਟਾਲੇ ਜਾਂਦਾ ਹੈ ਜੋ ਕਿ ਭਲਕੇ 4 ਸਿਤੰਬਰ ਨੂੰ ਸੁਲਤਾਨਪੁਰ ਲੋਧੀ ਤੋਂ ਰਵਾਨਾ ਹੋਵੇਗਾ।  ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਤਲਵੰਡੀ ਚੌਧਰੀਆ, ਫੱਤੂ ਢੀਂਗਾ, ਉੱਚਾ, ਸੁਰਖਪੁਰ, ਢਿੱਲਵਾਂ, ਬਿਆਸ ਤੇ ਬਾਬਾ ਬਕਾਲਾ ਤੋਂ ਹੁੰਦਾ ਹੋਇਆ ਬਟਾਲਾ ਪੁੱਜੇਗਾ ।

PunjabKesari

ਨਗਰ ਕੀਰਤਨ ਨੂੰ ਲੈਣ ਲਈ ਬਟਾਲਾ ਤੋਂ ਅੱਜ ਸੰਗਤ ਸੁਲਤਾਨਪੁਰ ਲੋਧੀ ਪਹੁੰਚੀ ਹੈ ਇਸ ਖੁਸ਼ੀ 'ਚ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਭਾਈ ਮਰਦਾਨਾ ਜੀ ਦੀਵਾਨ ਹਾਲ ਵਿਖੇ ਧਾਰਮਿਕ ਦੀਵਾਨ ਸਜਾਏ ਗਏ ਤੇ ਵੱਖ ਵੱਖ ਢਾਡੀ , ਰਾਗੀ ਤੇ ਕਵੀਸ਼ਰੀ ਜਥਿਆਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਤੇ ਗੁਰ ਇਤਿਹਾਸ ਨਾਲ ਨਿਹਾਲ ਕੀਤਾ ।


author

Karan Kumar

Content Editor

Related News