''ਆਪ'' ਦਾ ਬਿਸਤਰਾ ਬੰਨ੍ਹਣ ਲਈ ਕੀ ਖਹਿਰਾ ਬਣਾਉਣਗੇ ''ਆਪਣਾ ਪੰਜਾਬ''!
Sunday, Jul 29, 2018 - 05:10 AM (IST)
ਲੁਧਿਆਣਾ(ਜ.ਬ.)-ਆਮ ਆਦਮੀ ਪਾਰਟੀ ਦੇ ਸਾਬਕਾ ਵਿਰੋਧੀ ਆਗੂ ਸੁਖਪਾਲ ਸਿੰਘ ਖਹਿਰਾ, ਜਿਸ ਨੂੰ 'ਆਪ' ਨੇ ਬੜੀ ਬੁਰੀ ਤਰ੍ਹਾਂ ਵਿਰੋਧੀ ਧਿਰ ਦੀ ਕੁਰਸੀ ਤੋਂ ਲਾਂਭੇ ਕੀਤਾ ਹੈ। ਭਾਵੇਂ ਖਹਿਰਾ ਦੀ ਟੀਮ ਨੇ ਅਜੇ ਕੁਝ ਦਿਨਾਂ ਦਾ 'ਆਪ' ਨੂੰ ਅਲਟੀਮੇਟਮ ਦਿੱਤਾ ਹੈ ਪਰ ਜਾਣਕਾਰ ਸੂਤਰਾਂ ਨੇ ਦੱਸਿਆ ਕਿ ਜੇਕਰ ਦਿੱਲੀ ਵਾਲੀ 'ਆਪ' ਨਾ ਮੰਨੀ ਤਾਂ ਸੁਖਪਾਲ ਸਿੰਘ ਖਹਿਰਾ ਪੰਜਾਬ 'ਚ ਨਿਰੋਲ ਪੰਜਾਬੀਆਂ ਦੀ 'ਆਪਣਾ ਪੰਜਾਬ' ਜਾਂ ਇਸ ਨਾਂ ਨਾਲ ਮਿਲਦੀ-ਜੁਲਦੀ ਪਾਰਟੀ ਬਣਾ ਕੇ ਪੰਜਾਬ ਦੇ ਲੋਕਾਂ ਦੀ ਕਚਹਿਰੀ 'ਚ ਜਾ ਸਕਦੇ ਹਨ। ਸੂਤਰਾਂ ਨੇ ਦੱਸਿਆ ਕਿ ਇਸ ਬਣਨ ਵਾਲੀ ਸੰਭਾਵੀ ਪਾਰਟੀ 'ਚ ਪੰਜਾਬ 'ਚੋਂ ਬਾਹਰਲੇ ਕਿਸੇ ਆਗੂ ਦਾ ਕੋਈ ਦਖਲ ਨਹੀਂ ਹੋਵੇਗਾ। ਇਹ ਨਿਰੋਲ ਪੰਜਾਬ ਦੀ ਰਾਜਸੀ ਪਾਰਟੀ ਹੋਵੇਗੀ, ਜਿਸ 'ਚ ਪਟਿਆਲਾ ਤੋਂ ਐੱਮ. ਪੀ. ਸ਼੍ਰੀ ਗਾਂਧੀ, ਲੁਧਿਆਣਾ ਤੋਂ ਦੋ ਆਜ਼ਾਦ ਵਿਧਾਇਕ ਬੈਂਸ ਭਰਾ, ਸੰਗਰੂਰ ਤੋਂ ਭਗਵੰਤ ਮਾਨ, ਇਕ ਸਾਬਕਾ ਕੇਂਦਰੀ ਮੰਤਰੀ, ਸਾਬਕਾ ਮੰਤਰੀ ਸੁੱਚਾ ਸਿੰਘ ਛੋਟੇਪੁਰ, ਸਾਬਕਾ ਡਿਪਟੀ ਸਪੀਕਰ ਅਤੇ ਸਾਬਕਾ ਕਨਵੀਨਰ ਗੁਰਪ੍ਰੀਤ ਘੁੱਗੀ ਤੇ ਹੋਰ ਹਮਖਿਆਲੀ ਆਗੂਆਂ ਤੋਂ ਇਲਾਵਾ ਪੰਜਾਬ 'ਚ ਵੱਖ-ਵੱਖ ਪਾਰਟੀਆਂ ਦੇ ਨਾਰਾਜ਼ ਬੈਠੇ ਆਗੂ ਵੀ ਇਸ ਗੱਡੀ ਚੜ੍ਹ ਸਕਦੇ ਹਨ ਅਤੇ ਇਹ ਨਵੀਂ ਬਣੀ ਪਾਰਟੀ ਲੋਕ ਸਭਾ ਚੋਣਾਂ 'ਚ ਭਾਵੇਂ ਹੱਥ ਦਿਖਾਵੇ ਨਾ ਪਰ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਅਤੇ ਅਕਾਲੀਆਂ ਲਈ ਜ਼ਰੂਰ ਖਤਰੇ ਦੀ ਘੰਟੀ ਬਣ ਕੇ 2022 'ਚ ਸਰਕਾਰ ਬਣਾਉਣ ਲਈ ਪੂਰਾ ਜ਼ੋਰ ਲਾ ਸਕਦੀ ਹੈ।
