ਸੁਖਪਾਲ ਖਹਿਰਾ ਦੇ ''ਆਪ'' ਤੇ ਵੱਡੇ ਇਲਜ਼ਾਮ-''ਪੰਜਾਬ ''ਤੇ 4.50 ਲੱਖ ਕਰੋੜ ਦੇ ਕਰਜ਼ੇ ਦਰਮਿਆਨ''...

Sunday, Feb 01, 2026 - 05:53 PM (IST)

ਸੁਖਪਾਲ ਖਹਿਰਾ ਦੇ ''ਆਪ'' ਤੇ ਵੱਡੇ ਇਲਜ਼ਾਮ-''ਪੰਜਾਬ ''ਤੇ 4.50 ਲੱਖ ਕਰੋੜ ਦੇ ਕਰਜ਼ੇ ਦਰਮਿਆਨ''...

ਚੰਡੀਗੜ੍ਹ/ਮੋਹਾਲੀ (ਅੰਕੁਰ) : ਸੀਨੀਅਰ ਕਾਂਗਰਸੀ ਆਗੂ ਅਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਪੰਜਾਬ 'ਚ ਆਮ ਆਦਮੀ ਪਾਰਟੀ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਮੋਹਾਲੀ 'ਚ ਨਵਾਂ ਬਣਿਆ ਵੀ. ਆਈ. ਪੀ. ਹੈਲੀਪੈਡ ਪੂਰੀ ਤਰ੍ਹਾਂ ਅਣ-ਵਰਤਿਆ ਰਹਿਣ ਦੀ ਖ਼ੁਲਾਸੇਦਾਰ ਜਾਣਕਾਰੀ ਇਹ ਦਰਸਾਉਂਦੀ ਹੈ ਕਿ ਸਿਆਸੀ ਦਿਖਾਵੇ ਨੂੰ ਲੋਕ ਹਿੱਤ ਤੋਂ ਉੱਪਰ ਰੱਖਿਆ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਖਹਿਰਾ ਨੇ ਕਿਹਾ ਕਿ ਗਮਾਡਾ ਵੱਲੋਂ ਫੇਜ਼-8 'ਚ ਵਿਕਾਸ ਭਵਨ ਨੇੜੇ ਬਣਾਇਆ ਗਿਆ ਇਹ ਹੈਲੀਪੈਡ ਹਕੀਕਤ 'ਚ ਗੈਰ-ਕਾਰਗਰ ਸਾਬਤ ਹੋਇਆ ਹੈ ਕਿਉਂਕਿ ਇਹ ਮੋਹਾਲੀ ਹਵਾਈ ਅੱਡੇ ਦੇ ਉਡਾਣ ਖੇਤਰ 'ਚ ਆਉਂਦਾ ਹੈ ਅਤੇ ਭਾਰਤੀ ਹਵਾਈ ਫ਼ੌਜ ਤੋਂ ਲੰਬੀਆਂ ਮਨਜ਼ੂਰੀਆਂ ਲੋੜੀਂਦੀਆਂ ਹਨ। ਉਨ੍ਹਾਂ ਪੁੱਛਿਆ ਕਿ ਜੇਕਰ ਹੈਲੀਕਾਪਟਰਾਂ ਨੂੰ ਉਤਰਣ ਜਾਂ ਉੱਡਣ ਲਈ 3-4 ਘੰਟੇ ਇੰਤਜ਼ਾਰ ਕਰਨਾ ਪਵੇ ਅਤੇ ਕਈ ਮਨਜ਼ੂਰੀਆਂ ਲੈਣੀਆਂ ਪੈਣ ਤਾਂ ਫਿਰ ਇਸ ਤਰ੍ਹਾਂ ਦੇ ਪ੍ਰਾਜੈਕਟ ‘ਤੇ ਸਰਕਾਰੀ ਪੈਸਾ ਖ਼ਰਚਣ ਦੀ ਕੀ ਤੁੱਕ ਹੈ? ਕੀ ਕੋਈ ਤਕਨੀਕੀ ਯੋਗਤਾ ਅਧਿਐਨ ਨਹੀਂ ਕੀਤਾ ਗਿਆ ਸੀ ਜਾਂ ਇਹ ਸਿਰਫ਼ ਇੱਕ ਹੋਰ ਵੀ. ਆਈ. ਪੀ. ਦਿਖਾਵਾ ਸੀ? 

ਇਹ ਵੀ ਪੜ੍ਹੋ : PM ਮੋਦੀ ਦੇ ਡੇਰਾ ਬੱਲਾਂ ਆਉਣ ਤੋਂ ਪਹਿਲਾਂ ਸੁਨੀਲ ਜਾਖੜ ਨੇ ਆਖੀ ਵੱਡੀ ਗੱਲ, ਪੜ੍ਹੋ ਕੀ ਕਿਹਾ

ਖਹਿਰਾ ਨੇ ਕਿਹਾ ਕਿ ਇਹ ਸਾਫ਼ ਹੈ ਕਿ ਇਹ ਸਹੂਲਤ ਮੁੱਖ ਤੌਰ ‘ਤੇ 'ਆਪ' ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੀਆਂ ਯਾਤਰਾਵਾਂ ਲਈ ਬਣਾਈ ਗਈ, ਜੋ ਪੰਜਾਬ 'ਚ ਕੋਈ ਸੰਵਿਧਾਨਕ ਅਹੁਦਾ ਨਹੀਂ ਰੱਖਦੇ ਅਤੇ ਰਾਜ ਪ੍ਰਸ਼ਾਸਨ ਨਾਲ ਕੋਈ ਜ਼ਿੰਮੇਵਾਰੀ ਨਹੀਂ ਰੱਖਦੇ। ਫਿਰ ਵੀ ਪੰਜਾਬ ਦੇ ਖ਼ਰਚ ‘ਤੇ ਵੀ. ਆਈ. ਪੀ. ਸਹੂਲਤਾਂ ਲੈ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਕੇਜਰੀਵਾਲ ਦੇ ਦੌਰਿਆਂ ਦੌਰਾਨ ਵਿਕਾਸ ਭਵਨ ਨੂੰ ਲਗਜ਼ਰੀ ਰਿਹਾਇਸ਼ ਬਣਾਉਣ ਲਈ ਕਰੋੜਾਂ ਰੁਪਏ ਖ਼ਰਚ ਕੀਤੇ ਗਏ ਹਨ।  ਉਨ੍ਹਾਂ ਕਿਹਾ ਕਿ ਇਹ ਬਹੁਤ ਸ਼ਰਮਨਾਕ ਹੈ। ਸਰਹੱਦੀ ਰਾਜ ਪੰਜਾਬ, ਜੋ ਗੰਭੀਰ ਆਰਥਿਕ ਦਬਾਅ ਹੇਠ ਹੈ, ਨੂੰ ਦਿੱਲੀ ਦੇ ਇੱਕ ਨੇਤਾ ਦੇ ਆਰਾਮ ਅਤੇ ਸਿਆਸੀ ਦੌਰਿਆਂ ਦਾ ਖ਼ਰਚਾ ਝੱਲਣ ਲਈ ਮਜਬੂਰ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : PM ਮੋਦੀ ਦੇ ਡੇਰਾ ਬੱਲਾਂ ਆਉਣ ਤੋਂ ਪਹਿਲਾਂ ਸੁਨੀਲ ਜਾਖੜ ਨੇ ਆਖੀ ਵੱਡੀ ਗੱਲ, ਪੜ੍ਹੋ ਕੀ ਕਿਹਾ

ਕੀ ਹੁਣ ਪੰਜਾਬ ਦਾ ਖ਼ਜ਼ਾਨਾ ਆਪ ਸੁਪਰੀਮੋ ਦਾ ਨਿੱਜੀ ਮਹਿਮਾਨ ਨਿਵਾਜ਼ੀ ਫੰਡ ਬਣ ਗਿਆ ਹੈ? ਖਹਿਰਾ ਨੇ ਕਿਹਾ ਕਿ ਇਹ ਮਾਮਲਾ ਹੋਰ ਵੀ ਗੰਭੀਰ ਇਸ ਲਈ ਹੈ ਕਿਉਂਕਿ ਪੰਜਾਬ ਇਸ ਵੇਲੇ ਲਗਭਗ ਕਰੀਬ 4.50 ਲੱਖ ਕਰੋੜ ਦੇ ਵੱਡੇ ਕਰਜ਼ੇ ਹੇਠ ਦੱਬਿਆ ਹੋਇਆ ਹੈ, ਕਿਸਾਨ ਪਰੇਸ਼ਾਨ ਹਨ, ਨੌਜਵਾਨ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਹੇ ਹਨ ਅਤੇ ਸਿੱਖਿਆ ਤੇ ਸਿਹਤ ਵਰਗੇ ਅਹਿਮ ਖੇਤਰਾਂ ਨੂੰ ਤੁਰੰਤ ਨਿਵੇਸ਼ ਦੀ ਲੋੜ ਹੈ। ਉਨ੍ਹਾਂ ਜੋੜਿਆ ਕਿ ਇਸ ਤਰ੍ਹਾਂ ਦੇ ਸਮੇਂ ‘ਚ ਇੱਕ ਅਣ-ਵਰਤਿਆ ਹੈਲੀਪੈਡ ਅਤੇ ਗੈਰ-ਅਧਿਕਾਰਤ ਮਹਿਮਾਨ ਲਈ ਲਗਜ਼ਰੀ ਇੰਤਜ਼ਾਮਾਂ ‘ਤੇ ਸਰਕਾਰੀ ਪੈਸਾ ਖ਼ਰਚਣਾ ਅਪਰਾਧਿਕ ਬੇਹਿਸੀ ਤੋਂ ਘੱਟ ਨਹੀਂ। 
ਖਹਿਰਾ ਦੀਆਂ ਮੰਗਾਂ
1. ਮੋਹਾਲੀ ਹੈਲੀਪੈਡ ਅਤੇ ਵਿਕਾਸ ਭਵਨ 'ਚ ਕੀਤੀਆਂ ਸਾਰੀਆਂ ਤਬਦੀਲੀਆਂ ਜਾਂ ਲਗਜ਼ਰੀ ਇੰਤਜ਼ਾਮਾਂ ‘ਤੇ ਹੋਏ ਕੁੱਲ ਖ਼ਰਚ ਦੀ ਜਾਣਕਾਰੀ ਸਮੇਤ ਇੱਕ ਵਾਈਟ ਪੇਪਰ ਜਾਰੀ ਕੀਤਾ ਜਾਵੇ।
2. ਤਕਨੀਕੀ ਤੌਰ ‘ਤੇ ਅਣਯੋਗ ਪ੍ਰਾਜੈਕਟ ਨੂੰ ਮਨਜ਼ੂਰੀ ਦੇਣ ਵਾਲੇ ਅਧਿਕਾਰੀਆਂ ਅਤੇ ਫ਼ੈਸਲਾ ਕਰਨ ਵਾਲਿਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ।
3. ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਪੱਸ਼ਟ ਜਵਾਬ ਦਿੱਤਾ ਜਾਵੇ ਕਿ ਪੰਜਾਬ ਦੇ ਸੀਮਤ ਆਰਥਿਕ ਸਰੋਤ ਇੱਕ ਅਜੇਹੇ ਵਿਅਕਤੀ ਦੀ ਸੁਵਿਧਾ ਲਈ ਕਿਉਂ ਵਰਤੇ ਜਾ ਰਹੇ ਹਨ, ਜਿਸਦਾ ਸੂਬੇ 'ਚ ਕੋਈ ਅਧਿਕਾਰਕ ਰੋਲ ਨਹੀਂ।
ਖਹਿਰਾ ਨੇ ਕਿਹਾ ਕਿ ਪੰਜਾਬ ਦਾ ਪੈਸਾ ਪੰਜਾਬ ਦੇ ਲੋਕਾਂ ਦਾ ਹੈ। ਇਸ ਨੂੰ ਰਾਜਨੀਤਿਕ ਟੂਰਿਜ਼ਮ, ਵੀ. ਆਈ. ਪੀ. ਕਲਚਰ ਅਤੇ ਆਪ ਆਗੂਆ ਦੀਆਂ ਨਿੱਜੀ ਲਗਜ਼ਰੀਆਂ ਲਈ ਨਹੀਂ ਵਰਤਿਆ ਜਾ ਸਕਦਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News