INDO-US ਵਪਾਰਕ ਸਮਝੌਤਾ ਕਿਸਾਨੀ ਲਈ ਖ਼ਤਰੇ ਦੀ ਘੰਟੀ: ਸੁਖਪਾਲ ਖਹਿਰਾ

Monday, Feb 09, 2026 - 03:22 PM (IST)

INDO-US ਵਪਾਰਕ ਸਮਝੌਤਾ ਕਿਸਾਨੀ ਲਈ ਖ਼ਤਰੇ ਦੀ ਘੰਟੀ: ਸੁਖਪਾਲ ਖਹਿਰਾ

ਜਲੰਧਰ/ਕਪੂਰਥਲਾ (ਵੈੱਬ ਡੈਸਕ)- ਕਾਂਗਰਸੀ ਆਗੂ ਸੁਖਪਾਲ ਖਹਿਰਾ ਨੇ ਕੇਂਦਰ ਦੀ ਮੋਦੀ ਸਰਕਾਰ 'ਤੇ ਤਿੱਖੇ ਹਮਲੇ ਕਰਦਿਆਂ ਦੋਸ਼ ਲਾਇਆ ਹੈ ਕਿ ਭਾਰਤ ਸਰਕਾਰ ਨੇ ਅਮਰੀਕੀ ਪ੍ਰਸ਼ਾਸਨ ਅੱਗੇ ਮੁਕੰਮਲ ਤੌਰ 'ਤੇ 'ਸਰੈਂਡਰ' ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ 7 ਫਰਵਰੀ ਨੂੰ ਅਮਰੀਕਾ ਨਾਲ ਹੋਏ ਵਪਾਰਕ ਸਮਝੌਤੇ ਦੇ ਸਿੱਟੇ ਵਜੋਂ ਦੇਸ਼ ਦੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦਾ ਭਾਰੀ ਨੁਕਸਾਨ ਹੋਣ ਜਾ ਰਿਹਾ ਹੈ।

ਇਹ ਵੀ ਪੜ੍ਹੋ: ਬਿਕਰਮ ਮਜੀਠੀਆ ਦਾ ਵੱਡਾ ਬਿਆਨ! ਪੰਜਾਬ ਨੂੰ ਦਬਾਉਣ ਦੀ ਕੋਸ਼ਿਸ਼ ਬਰਦਾਸ਼ਤ ਨਹੀਂ, ਫ਼ੈਸਲਾ ਪੰਜਾਬੀ ਆਪ ਕਰਨਗੇ

ਅਮਰੀਕੀ ਖੇਤੀ ਨਾਲ ਮੁਕਾਬਲਾ ਅਸੰਭਵ 
ਸੁਖਪਾਲ ਖਹਿਰਾ ਨੇ ਕਿਹਾ ਕਿ ਭਾਰਤ 'ਚ ਔਸਤਨ ਕਿਸਾਨ ਕੋਲ ਸਿਰਫ਼ ਤਿੰਨ-ਚਾਰ ਕਿੱਲੇ ਜ਼ਮੀਨ ਬਚੀ ਹੈ, ਜਦਕਿ ਅਮਰੀਕਾ 'ਚ ਇਕ ਆਮ ਕਿਸਾਨ ਕੋਲ ਹਜ਼ਾਰਾਂ ਏਕੜ ਰਕਬਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਅਮਰੀਕੀ ਸਰਕਾਰ ਆਪਣੇ ਕਿਸਾਨਾਂ ਨੂੰ ਵੱਡੀਆਂ ਸਬਸਿਡੀਆਂ ਦਿੰਦੀ ਹੈ, ਇੱਥੋਂ ਤੱਕ ਕਿ ਫ਼ਸਲ ਨਾ ਬੀਜਣ ਲਈ ਵੀ ਪੂਰਾ ਮੁੱਲ੍ਹ ਦਿੱਤਾ ਜਾਂਦਾ ਹੈ। ਅਜਿਹੇ ਹਾਲਾਤ 'ਚ ਜਦੋਂ ਅਮਰੀਕੀ ਉਤਪਾਦ ਭਾਰਤ ਵਿੱਚ 'ਜ਼ੀਰੋ ਟੈਕਸ' 'ਤੇ ਆਉਣਗੇ ਤਾਂ ਭਾਰਤੀ ਕਿਸਾਨਾਂ ਦੀ ਕਣਕ, ਮੱਕੀ, ਸੋਇਆਬੀਨ ਅਤੇ ਡੇਰੀ ਉਤਪਾਦਾਂ ਦਾ ਕੋਈ ਖ਼ਰੀਦਦਾਰ ਨਹੀਂ ਰਹੇਗਾ ਕਿਉਂਕਿ ਅਮਰੀਕੀ ਮਾਲ ਸਸਤਾ ਵਿਕੇਗਾ।
ਉਨ੍ਹਾਂ ਦਾਅਵਾ ਕੀਤਾ ਕਿ ਰੂਸ ਤੋਂ ਸਸਤਾ ਤੇਲ ਖ਼ਰੀਦਣ ਕਾਰਨ ਅਮਰੀਕਾ ਭਾਰਤ 'ਤੇ ਦਬਾਅ ਬਣਾ ਰਿਹਾ ਸੀ। ਖਹਿਰਾ ਨੇ ਖਦਸ਼ਾ ਪ੍ਰਗਟਾਇਆ ਕਿ ਵਿਸ਼ਵ ਵਪਾਰ ਸੰਗਠਨ (WTO) ਰਾਹੀਂ ਹੁਣ ਭਾਰਤੀ ਕਿਸਾਨਾਂ ਨੂੰ ਮਿਲਣ ਵਾਲੀ ਬਿਜਲੀ ਅਤੇ ਹੋਰ ਮਾਮੂਲੀ ਸਬਸਿਡੀਆਂ ਨੂੰ ਵੀ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ, ਜੋਕਿ ਸਮਝੌਤੇ ਦੀ ਇਕ ਗੁਪਤ ਸ਼ਰਤ ਹੋ ਸਕਦੀ ਹੈ।

ਇਹ ਵੀ ਪੜ੍ਹੋ: ਮੁਅੱਤਲ 2 ਸੀਨੀਅਰ IPS ਅਧਿਕਾਰੀਆਂ ਦੀ ਚਾਰਜਸ਼ੀਟ ਜਨਤਕ ਕਰੇ 'ਆਪ' ਸਰਕਾਰ : ਸੁਖਜਿੰਦਰ ਰੰਧਾਵਾ

ਪੰਜਾਬ ਸਰਕਾਰ ਦੀ ਚੁੱਪ 'ਤੇ ਸਵਾਲ 
ਸੁਖਪਾਲ ਖਹਿਰਾ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਵੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਸ ਮੁੱਦੇ 'ਤੇ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਬੁਲਾ ਕੇ ਕੇਂਦਰ ਕੋਲ ਵਿਰੋਧ ਦਰਜ ਕਰਵਾਉਣਾ ਚਾਹੀਦਾ ਸੀ ਪਰ ਸਰਕਾਰ ਸਿਰਫ਼ 'ਮੁਫਤਖੋਰੀ' ਦੀਆਂ ਸਕੀਮਾਂ ਦੇ ਪ੍ਰਚਾਰ ਅਤੇ ਵਿਰੋਧੀਆਂ ਨੂੰ ਗਾਲਾਂ ਕੱਢਣ ਵਿੱਚ ਮਸ਼ਰੂਫ਼ ਹੈ।

ਪਾਰਲੀਮੈਂਟ ਦੇ ਘਿਰਾਓ ਦੀ ਚਿਤਾਵਨੀ 
ਸੁਖਪਾਲ ਖਹਿਰਾ ਨੇ ਐਲਾਨ ਕੀਤਾ ਕਿ ਕਾਂਗਰਸ ਪਾਰਟੀ ਇਸ ਕਿਸਾਨ ਵਿਰੋਧੀ ਸੰਧੀ ਦਾ ਡੱਟ ਕੇ ਵਿਰੋਧ ਕਰੇਗੀ। ਉਨ੍ਹਾਂ ਕਿਹਾ ਕਿ 9 ਮਾਰਚ ਤੋਂ ਸ਼ੁਰੂ ਹੋਣ ਵਾਲੇ ਪਾਰਲੀਮੈਂਟ ਸੈਸ਼ਨ ਦੌਰਾਨ ਰਾਹੁਲ ਗਾਂਧੀ ਦੀ ਅਗਵਾਈ ਹੇਠ ਇਸ ਮੁੱਦੇ ਨੂੰ ਜ਼ੋਰ-ਸ਼ੋਰ ਨਾਲ ਉਠਾਇਆ ਜਾਵੇਗਾ ਅਤੇ ਲੋੜ ਪੈਣ 'ਤੇ ਪਾਰਲੀਮੈਂਟ ਦਾ ਘਿਰਾਓ ਵੀ ਕੀਤਾ ਜਾ ਸਕਦਾ ਹੈ।

 

ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ 'ਚ ਬਦਲਾਅ! 13 ਫਰਵਰੀ ਤੱਕ ਵਿਭਾਗ ਦੀ ਵੱਡੀ ਭਵਿੱਖਬਾਣੀ, ਬਾਰਿਸ਼ ਨੂੰ ਲੈ ਕੇ ਦਿੱਤੇ ਇਹ ਸੰਕੇਤ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News