ਕਾਂਗਰਸ ਦੀ ਬਿੱਲੀ ਥੈਲਿਓਂ ਬਾਹਰ ਆ ਗਈ ਹੈ : ਸੁਖਪਾਲ ਖਹਿਰਾ

02/13/2018 7:03:58 AM

ਨੂਰਪੁਰਬੇਦੀ(ਅਵਿਨਾਸ਼/ ਸ਼ਰਮਾ/ਸ਼ਮਸ਼ੇਰ)-ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਵਿਚ ਗੈਰ-ਕਾਨੂੰਨੀ ਮਾਈਨਿੰਗ ਅੱਜ ਵੀ ਬਾਦਸਤੂਰ ਜਾਰੀ ਹੈ। ਇਸ ਨੂੰ ਰੋਕਣ ਵਿਚ ਪੰਜਾਬ ਦੀ ਕੈਪਟਨ ਸਰਕਾਰ ਬੁਰੀ ਤਰ੍ਹਾਂ ਫੇਲ ਹੋਈ ਹੈ। ਪੰਜਾਬ ਵਿਚ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣਾ ਪੁਲਸ ਅਤੇ ਸੂਬਾ ਸਰਕਾਰ ਦੇ ਵੱਸ ਦੀ ਗੱਲ ਨਹੀਂ ਰਹੀ। ਖਹਿਰਾ ਅੱਜ ਨੂਰਪੁਰਬੇਦੀ ਬਲਾਕ ਦੇ ਪਿੰਡ ਭਾਓਵਾਲ ਵਿਖੇ ਇਕ ਖੇਡ ਮੇਲੇ ਵਿਚ ਸ਼ਮੂਲੀਅਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਪੰਜਾਬ ਸਰਕਾਰ ਨੂੰ ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਦੀ ਇਕ ਕਮੇਟੀ ਬਣਾਉਣੀ ਚਾਹੀਦੀ ਹੈ, ਜੋ ਕਿ ਪੰਜਾਬ ਵਿਚ ਹੋ ਰਹੀ ਗੈਰ-ਕਾਨੂੰਨੀ ਮਾਈਨਿੰਗ ਨੂੰ ਚੈੱਕ ਕਰੇ। ਉਨ੍ਹਾਂ ਆਖਿਆ ਕਿ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਵਿਚ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਚ ਸਿੱਖਿਆ, ਸਿਹਤ, ਰੋਜ਼ਗਾਰ ਅਤੇ ਹੋਰ ਮੁੱਦੇ ਉਠਾਏ ਜਾਣਗੇ। ਖਹਿਰਾ ਨੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਨੂੰ ਛੋਟਾ ਕਰਨ 'ਤੇ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਵਿਧਾਨ ਸਭਾ ਦਾ ਸੈਸ਼ਨ ਲੰਬਾ ਹੋਣਾ ਚਾਹੀਦਾ ਹੈ ਤਾਂ ਕਿ ਪੰਜਾਬ ਦੇ ਮੁੱਦਿਆਂ ਦੀ ਗੱਲ ਵਿਧਾਨ ਸਭਾ ਵਿਚ ਕੀਤੀ ਜਾ ਸਕੇ। ਖਹਿਰਾ ਨੇ ਕਿਹਾ ਕਿ ਇਕ ਸਮਾਗਮ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀਆਂ ਸਿਫਤਾਂ ਕਰ ਕੇ ਇਹ ਸਿੱਧ ਕਰ ਦਿੱਤਾ ਹੈ ਕਿ ਦੋਵੇਂ ਪਾਰਟੀਆਂ ਇਕ-ਮਿਕ ਹਨ ਅਤੇ ਇਸ ਨਾਲ ਕਾਂਗਰਸ ਦੀ ਬਿੱਲੀ ਥੈਲਿਓਂ ਬਾਹਰ ਆ ਗਈ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਰੂਪਨਗਰ ਵਿਧਾਨ ਸਭਾ ਹਲਕੇ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ, ਬਲਵੀਰ ਸਿੰਘ ਭੱਟੋਂ, ਜਥੇਦਾਰ ਜਰਨੈਲ ਸਿੰਘ ਔਲਖ, ਬਲਵਿੰਦਰ ਸਿੰਘ ਧਨੋਆ, ਕਮਿੱਕਰ ਸਿੰਘ ਡਾਢੀ, ਹਰਤੇਗਵੀਰ ਸਿੰਘ ਤੇਗੀ, ਰਾਮ ਕੁਮਾਰ ਮੁਕਾਰੀ, ਰਾਮ ਸਿੰਘ ਮੁੰਨੇ, ਮਾ. ਰਜਿੰਦਰ ਸਿੰਘ, ਜਰਨੈਲ ਸਿੰਘ ਪਟਵਾਰੀ, ਡਾ. ਗੁਰਮੀਤ ਸਿੰਘ, ਸ਼ਿੰਗਾਰਾ ਸਿੰਘ, ਬਲਜੀਤ ਸਿੰਘ ਬੰਗਾ ਅਤੇ ਹੋਰ ਵੀ ਹਾਜ਼ਰ ਸਨ।


Related News