ਸ਼ਹੀਦਾਂ ਦੇ ਨਾਂ ''ਤੇ ਭਾਜਪਾ ਤੇ ਕਾਂਗਰਸ ਗੰਧਲੀ ਸਿਆਸਤ ਨਾ ਖੇਡੇ : ਖਹਿਰਾ

03/06/2019 12:01:14 PM

ਦਸੂਹਾ (ਝਾਵਰ)— ਭਾਜਪਾ ਅਤੇ ਕਾਂਗਰਸ ਪਾਰਟੀ ਨੂੰ ਸ਼ਹੀਦਾਂ ਦੇ ਨਾਂ 'ਤੇ ਗੰਧਲੀ ਸਿਆਸਤ ਨਹੀਂ ਕਰਨੀ ਚਾਹੀਦੀ ਜਦਕਿ ਸੀ. ਆਰ. ਪੀ. ਐੱਫ. ਅਤੇ ਫੌਜ ਦੇ ਸ਼ਹੀਦ ਪਰਿਵਾਰਾਂ ਦੀਆਂ ਵਿਧਵਾਵਾਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਦਿਲਾਸਾ ਦੇਣ ਦੇ ਨਾਲ-ਨਾਲ ਆਰਥਿਕ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਦਸੂਹਾ ਨਜ਼ਦੀਕ ਖੈਰਾਬਾਦ ਵਿਖੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਕੀਤਾ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਏਅਰ ਸਟ੍ਰਾਈਕ 'ਚ ਕਿੰਨੇ ਅੱਤਵਾਦੀ ਪਾਕਿਸਤਾਨ ਦੇ ਕੈਂਪਾਂ 'ਚ ਮਾਰੇ, ਇਸ ਸਬੰਧੀ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਅਣਗੌਲਿਆਂ ਕਰਕੇ ਰਾਜਨੀਤਕ ਲਾਭ ਨਹੀਂ ਲੈਣਾ ਚਾਹੀਦਾ। ਪੰਜਾਬ 'ਚ ਰਜਵਾੜਾ ਸ਼ਾਹੀ ਅਤੇ ਪਰਿਵਾਰਵਾਦ ਦਾ ਰਾਜ ਹੀ ਚੱਲ ਰਿਹਾ ਹੈ ਜਦਕਿ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਇਕੋ ਵਿਚਾਰਧਾਰਾ ਦੇ ਮਾਲਕ ਹਨ। ਇਨ੍ਹਾਂ ਦੋਹਾਂ ਦੇ ਰਾਜ 'ਚ ਗਰੀਬ, ਮਜ਼ਦੂਰ, ਕਿਸਾਨ ਅਤੇ ਵਪਾਰੀ ਪਿਸ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਨਸ਼ਿਆਂ ਦੇ ਕੇਸਾਂ 'ਚੋਂ ਬਚਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਐੱਸ. ਆਈ. ਟੀ. ਨਰਮੀ ਨਾਲ ਕੰਮ ਕਰ ਰਹੀ ਹੈ। ਉਹ ਅੱਜ ਵੀ ਇਸ ਗੱਲ 'ਤੇ ਕਾਇਮ ਹਨ ਕਿ ਬਿਕਰਮ ਸਿੰਘ ਮਜੀਠੀਆ ਨਸ਼ਿਆਂ ਦੇ ਸਰਗਣਾ ਹਨ। ਉਨ੍ਹਾਂ ਨੇ ਸੁਖਬੀਰ ਬਾਦਲ ਨੂੰ ਰਜਵਾੜਾ ਸ਼ਾਹੀ ਦਾ ਨਾਂ ਦਿੰਦਿਆਂ ਕਿਹਾ ਕਿ ਚੰਡੀਗੜ੍ਹ ਨਜ਼ਦੀਕ ਪਲਮਪੁਰ ਸੜਕ 'ਤੇ ਜੋ ਸੈਵਨ ਸਟਾਰ ਹੋਟਲ ਉਸਾਰਿਆ ਗਿਆ ਹੈ, ਉਸ ਦੇ ਇਕ ਕਮਰੇ ਦਾ ਰਾਤ ਦਾ ਕਿਰਾਇਆ 5 ਲੱਖ ਤੋਂ ਵੱਧ ਹੈ।ਉਨ੍ਹਾਂ ਨੇ ਕਿਹਾ ਕਿ ਪੰਜਾਬ ਆਰਥਿਕ ਪੱਖੋਂ ਬਹੁਤ ਪਛੜ ਗਿਆ ਹੈ, ਕਿਸਾਨ ਅਤੇ ਮੁਲਾਜ਼ਮ ਖੁਦਕੁਸ਼ੀਆਂ ਕਰ ਰਹੇ ਹਨ ਅਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਰਾਜਨੀਤਕ ਚਾਲ ਖੇਡਦਿਆਂ ਆਪਣੇ ਚੋਣ ਵਾਅਦੇ ਹੀ ਭੁੱਲ ਗਏ ਹਨ।


ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਪਾਕਿਸਤਾਨ ਦੇ ਮਾਰੇ ਗਏ ਅੱਤਵਾਦੀਆਂ ਸਬੰਧੀ ਜੋ ਬਿਆਨ ਦੇ ਰਹੇ ਹਨ, ਸਰਕਾਰ ਨੂੰ ਇਸ ਸਬੰਧੀ ਆਪਣਾ ਬਿਆਨ ਜਾਰੀ ਕਰਨਾ ਚਾਹੀਦਾ ਹੈ ਤਾਂ ਜੋ ਅਸਲੀਅਤ ਸਾਹਮਣੇ ਆ ਸਕੇ। ਉਨ੍ਹਾਂ ਨੇ ਕਿਹਾ ਕਿ ਆਈ. ਜੀ. ਉਮਰਾਨੰਗਲ ਨਾਲ ਜੋ ਪਟਿਆਲਾ ਜੇਲ 'ਚ ਮੁਲਾਕਾਤ ਕਰਵਾਈ ਹੈ, ਇਸ ਸਬੰਧੀ ਜੇਲ ਮੈਨੁਅਲ ਅਨੁਸਾਰ ਹੀ ਕੈਦੀ ਨਾਲ ਮੁਲਾਕਾਤ ਹੋ ਸਕਦੀ ਹੈ। ਉਨ੍ਹਾਂ ਨੇ ਸ੍ਰੀ ਅੰਮ੍ਰਿਤਸਰ ਵਿਖੇ ਰੇਲਵੇ ਲਾਈਨ 'ਤੇ ਧਰਨਾ ਦੇ ਰਹੇ ਕਿਸਾਨਾਂ ਦੇ ਹੱਕ 'ਚ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਕਿਸਾਨਾਂ ਦੇ ਹਿੱਤਾਂ ਲਈ ਕੁਝ ਵੀ ਨਹੀਂ ਕਰ ਰਹੀ, ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ ਅਤੇ ਉਹ ਉਨ੍ਹਾਂ ਦਾ ਸਮਰਥਨ ਕਰਦੇ ਹਨ। ਉਨ੍ਹਾਂ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਉਹ 7 ਮਾਰਚ ਨੂੰ ਚੰਡੀਗੜ੍ਹ ਵਿਖੇ ਵਿਧਾਨ ਸਭਾ ਦੇ ਸਪੀਕਰ ਨੂੰ ਆਪਣਾ ਨੋਟਿਸ ਲੈਣ ਲਈ ਮਿਲ ਰਹੇ ਹਨ। ਇਸ ਬਾਰੇ ਉਹ ਆਪਣਾ ਕੋਈ ਬਚਾਅ ਨਹੀਂ ਕਰ ਰਹੇ। ਇਸ ਮੌਕੇ ਐਡਵੋਕੇਟ ਭੁਪਿੰਦਰ ਸਿੰਘ ਘੁੰਮਣ, ਜਗਦੀਸ਼ ਕੌਰ ਨਾਗਰਾ, ਪ੍ਰਿੰ. ਫਕੀਰ ਸਿੰਘ ਆਦਿ ਹਾਜ਼ਰ ਸਨ।


shivani attri

Content Editor

Related News