ਸੁਖਪਾਲ ਖਹਿਰਾ ਨੇ ਭੁਲਾਏ ਮਤਭੇਦ, ''ਆਪ'' ਵਿਧਾਇਕਾਂ ਨੂੰ ਦਿੱਤਾ ਖਾਸ ਸੁਨੇਹਾ
Friday, Jul 27, 2018 - 04:36 PM (IST)
ਚੰਡੀਗੜ੍ਹ : ਪੰਜਾਬ ਦੇ ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਸੁਖਪਾਲ ਖਹਿਰਾ ਨੇ ਜਿੱਥੇ ਪ੍ਰੈੱਸ ਕਾਨਫਰੰਸ ਕਰਕੇ ਆਪਣੇ ਮਨ ਦੀ ਭੜਾਸ ਕੱਢੀ, ਉੱਥੇ ਹੀ ਇਕ ਵਾਰ ਦੁਬਾਰਾ ਲਾਈਵ ਹੋ ਕੇ ਉਨ੍ਹਾਂ ਨੇ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਮਿਲ ਕੇ ਚੱਲਣ ਦਾ ਸੱਦਾ ਦਿੱਤਾ ਹੈ। ਸੁਖਪਾਲ ਖਹਿਰਾ ਨੇ ਕਿਹਾ ਹੈ ਕਿ ਉਹ ਮੰਨਦੇ ਹਨ ਕਿ ਪਾਰਟੀ 'ਚ ਕਈ ਵਾਰ ਮਤਭੇਦ ਹੋ ਜਾਂਦੇ ਹਨ ਪਰ ਉਨ੍ਹਾਂ ਨੇ ਸਾਰੇ ਮਤਭੇਦ ਖਤਮ ਕਰ ਦਿੱਤੇ ਹਨ ਅਤੇ ਉਹ ਵਿਧਾਇਕਾਂ ਨੂੰ ਅਪੀਲ ਕਰਦੇ ਹਨ ਕਿ ਇਕੱਠੇ ਮਿਲ ਕੇ ਕੰਮ ਕਰੀਏ ਤਾਂ ਜੋ ਪਾਰਟੀ ਦੇ ਆਧਾਰ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਉਨ੍ਹਾਂ ਵਿਧਾਇਕਾਂ ਨੂੰ ਸੁਨੇਹਾ ਦਿੱਤਾ ਕਿ ਆਪਣੇ ਜ਼ਮੀਰ ਦੀ ਆਵਾਜ਼ ਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜ ਕੇ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਸਭ ਨੂੰ 2 ਅਗਸਤ ਨੂੰ ਬਠਿੰਡਾ 'ਚ ਹੋਣ ਵਾਲੀ ਕਨਵੈਨਸ਼ਨ 'ਚ ਪੁੱਜਣ ਲਈ ਵੀ ਕਿਹਾ ਹੈ।
ਸੁਖਪਾਲ ਖਹਿਰਾ ਨੇ ਕਿਹਾ ਕਿ ਉਹ ਮੰਨਦੇ ਹਨ ਕਿ ਉਨ੍ਹਾਂ ਦੀ ਵੀ ਕਈ ਵਾਰ ਕਈ ਵਿਧਾਇਕਾਂ ਨਾਲ ਗੁੱਸਾ-ਗਿਲ੍ਹਾ ਹੋ ਜਾਂਦਾ ਹੈ ਪਰ ਜਿੱਥੇ ਵੀ ਕਿਸੇ ਵਿਧਾਇਕ ਨੂੰ ਉਨ੍ਹਾਂ ਦੇ ਸਾਥ ਦੀ ਲੋੜ ਪਈ ਹੈ, ਉਹ ਹਮੇਸ਼ਾ ਮਤਭੇਦਾਂ ਤੋਂ ਉੱਪਰ ਉੱਠ ਕੇ ਉਸ ਦੀ ਮਦਦ ਲਈ ਅੱਗੇ ਆਏ ਹਨ।
