ਕੈਪਟਨ ਅਮਰਿੰਦਰ ਸਿੰਘ ਦੀਆਂ ਸੁਖਪਾਲ ਖਹਿਰਾ ਨੂੰ ਖਰੀਆਂ-ਖਰੀਆਂ

Sunday, Aug 13, 2017 - 06:37 PM (IST)

ਕੈਪਟਨ ਅਮਰਿੰਦਰ ਸਿੰਘ ਦੀਆਂ ਸੁਖਪਾਲ ਖਹਿਰਾ ਨੂੰ ਖਰੀਆਂ-ਖਰੀਆਂ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੂੰ ਮਾਨਸਾ ਵਿਚ ਨਰਮੇ ਦੇ ਕਿਸਾਨਾਂ ਦੀ ਹਾਲਤ 'ਤੇ ਸਿਆਸੀ ਰੋਟੀਆਂ ਸੇਕਣ ਲਈ ਫਿਟਕਾਰ ਪਾਈ ਹੈ। ਐਤਵਾਰ ਨੂੰ ਇੱਥੋਂ ਜਾਰੀ ਇਕ ਬਿਆਨ ਵਿਚ ਮੁੱਖ ਮੰਤਰੀ ਨੇ ਸੁਖਪਾਲ ਖਹਿਰਾ 'ਤੇ ਵਰ੍ਹਦਿਆਂ ਆਖਿਆ ਕਿ 'ਆਪ' ਨੇਤਾ ਖਿੱਤੇ ਵਿਚ ਨਰਮੇ ਦੀ ਫਸਲ 'ਤੇ ਚਿੱਟੀ ਮੱਖੀ ਦੇ ਹਮਲੇ ਦੇ ਮੁੱਦੇ 'ਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਖਹਿਰਾ ਵਲੋਂ ਕਿਸਾਨਾਂ ਨੂੰ ਨਕਲੀ ਤੇ ਘਟੀਆ ਮਿਆਰ ਦੇ ਕੀਟਨਾਸ਼ਕ ਮੁਹੱਈਆ ਕਰਵਾਉਣ ਵਿਚ ਮੁੱਖ ਮੰਤਰੀ ਦਫ਼ਤਰ ਅਤੇ ਕੈਬਨਿਟ ਮੰਤਰੀ ਦੀ ਸਾਂਝੇਦਾਰੀ ਹੋਣ ਦੇ ਲਾਏ ਦੋਸ਼ਾਂ 'ਤੇ ਸਖ਼ਤ ਪ੍ਰਤੀਕ੍ਰਮ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਤੋਂ ਸਿੱਧ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦਾ ਨੇਤਾ ਜ਼ਮੀਨੀ ਸਥਿਤੀ ਨਾਲ ਜੁੜਿਆ ਹੋਇਆ ਨਹੀਂ ਹੈ। ਮੁੱਖ ਮੰਤਰੀ ਨੇ ਕਿਹਾ ਕਿ ਖਹਿਰਾ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਾ ਕੇ ਇਸ ਵਿਸ਼ੇ 'ਤੇ ਸਬਕ ਲੈਣਾ ਚਾਹੀਦਾ ਹੈ ਅਤੇ ਯੂਨੀਵਰਸਿਟੀ ਦੇ ਉਪ ਕੁਲਪਤੀ ਤੇ ਅਧਿਆਪਕਾਂ ਪਾਸੋਂ ਸੂਬੇ ਵਿਚ ਚਿੱਟੀ ਮੱਖੀ ਦੇ ਅਸਰ ਬਾਰੇ ਹੇਠਲੇ ਪੱਧਰ ਦੀ ਸਥਿਤੀ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਵਜੋਂ ਖਹਿਰਾ ਨੂੰ ਜ਼ਿੰਮੇਵਾਰੀ ਨਾਲ ਕੰਮ ਕਰਨ ਅਤੇ ਘਟੀਆ ਸਿਆਸਤ ਕਰਨ ਦੀ ਬਜਾਏ ਉਸਾਰੂ ਵਿਰੋਧ ਕਰਨ ਦਾ ਫਰਜ਼ ਅਦਾ ਕਰਨਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਖਹਿਰਾ ਦਾ ਅਹੁਦਾ ਸ਼ਿਸ਼ਟਾਚਾਰ ਤੇ ਸੁਹਿਰਦਤਾ ਦੀ ਮੰਗ ਕਰਦਾ ਹੈ ਜਿਸ ਬਾਰੇ ਵਿਰੋਧੀ ਧਿਰ ਦੇ ਨੇਤਾ ਪੂਰੀ ਤਰ੍ਹਾਂ ਅਣਜਾਣ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅਰਵਿੰਦਰ ਕੇਜਰੀਵਾਲ ਦਾ ਕੰਮ ਕਰਨ ਦਾ ਢੰਗ ਜਿਸ ਦੀ ਨਕਲ ਹੁਣ ਖਹਿਰਾ ਵੀ ਕਰ ਰਹੇ ਹਨ, ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਅਤੇ ਦਿੱਲੀ ਵਿਚ ਬੁਰੀ ਤਰ੍ਹਾਂ ਨਾਕਾਮ ਸਿੱਧ ਹੋਈਆਂ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਵਾਰ-ਵਾਰ ਇਹ ਸਿੱਧ ਕੀਤਾ ਹੈ ਕਿ ਇਸ ਦੀ ਲੋਕਾਂ ਨਾਲ ਜੁੜੇ ਮਸਲਿਆਂ ਪ੍ਰਤੀ ਭੋਰਾ ਵੀ ਦਿਲਚਸਪੀ ਨਹੀਂ ਸਗੋਂ ਲੋਕਾਂ ਵਿੱਚ ਫੋਕੀ ਵਾਹ-ਵਾਹ ਖੱਟਣ ਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਖਹਿਰਾ ਸ਼ਾਇਦ ਇਹ ਭੁੱਲ ਗਏ ਹਨ ਕਿ ਕੇਜਰੀਵਾਲ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਦੀ ਟਕਰਾਅ ਅਤੇ ਕੋਰੇ ਝੂਠ ਦੀ ਸਿਆਸਤ ਪੰਜਾਬ ਵਿਚ ਮੂਧੇ ਮੂੰਹ ਡਿੱਗੀ ਹੈ ਅਤੇ ਉਹ ਲੋਕਾਂ ਨੂੰ ਧੋਖਾ ਦੇਣ ਵਿਚ ਸਫਲ ਨਹੀਂ ਹੋ ਸਕਣਗੇ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਮੁੜ ਤਰੱਕੀ ਤੇ ਵਿਕਾਸ ਦੀ ਲੀਹ 'ਤੇ ਲਿਆਉਣ ਲਈ ਸੂਬਾ ਸਰਕਾਰ ਦੇ ਯਤਨਾਂ ਨੂੰ ਮਜ਼ਬੂਤੀ ਦੇਣ ਲਈ ਉਸਾਰੂ ਤੇ ਜ਼ਿੰਮੇਵਾਰ ਵਿਰੋਧੀ ਧਿਰ ਦੀ ਲੋੜ ਹੈ।


Related News