ਸੁਖਜਿੰਦਰ ਰੰਧਾਵਾ ਦਾ ਵੱਡਾ ਬਿਆਨ, ਰੈਲੀਆਂ ’ਚ ਉਮੀਦਵਾਰਾਂ ਦਾ ਐਲਾਨ ਕਾਂਗਰਸ ਕਲਚਰ ਨਹੀਂ

Saturday, Jan 01, 2022 - 11:12 AM (IST)

ਜਲੰਧਰ (ਸੁਨੀਲ ਧਵਨ)- ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸੀ ਰਾਜਨੀਤੀ ਗਰਮਾਈ ਹੋਈ ਹੈ। ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਕਾਂਗਰਸ ਆਲਾ ਕਮਾਨ ਨੇ ਫ਼ੈਸਲਾ ਕੀਤਾ ਹੈ ਕਿ ਪਾਰਟੀ ਸਮੂਹਿਕ ਅਗਵਾਈ ਦੇ ਸਿਧਾਂਤ ’ਤੇ ਅਮਲ ਕਰੇਗੀ, ਜਦੋਂ ਕਿ ਪੰਜਾਬ ਕਾਂਗਰਸ ਕਮੇਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਲਗਾਤਾਰ ਦਬਾਅ ਪਾ ਰਹੇ ਹਨ ਕਿ ਪਾਰਟੀ ਆਲਾ ਕਮਾਨ ਵਿਧਾਨ ਸਭਾ ਚੋਣ ਤੋਂ ਪਹਿਲਾਂ ਹੀ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਐਲਾਨ ਕਰੇ। ਕਾਂਗਰਸ ਰਾਜਨੀਤੀ ’ਚ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਜੋ ਇਸ ਸਮੇਂ ਸੂਬੇ ਦੇ ਗ੍ਰਹਿ ਮੰਤਰੀ ਵੀ ਹਨ, ਦਾ ਮਹੱਤਵਪੂਰਨ ਸਥਾਨ ਹੈ। ਕਾਂਗਰਸ ਨਾਲ ਜੁੜੇ ਮਹੱਤਵਪੂਰਨ ਮੁੱਦਿਆਂ ’ਤੇ ਅੱਜ ਉਨ੍ਹਾਂ ਨੂੰ ਸਿੱਧੇ ਸਵਾਲ-ਜਵਾਬ ਕੀਤੇ ਗਏ, ਜਿਨ੍ਹਾਂ ਦੇ ਉਨ੍ਹਾਂ ਨੇ ਬੇਬਾਕੀ ਨਾਲ ਜਵਾਬ ਵੀ ਦਿੱਤੇ।

ਸਵਾਲ: ਕਾਂਗਰਸ ਆਲਾ ਕਮਾਨ ਨੇ ਚੋਣ ਜੰਗ ’ਚ ਸਮੂਹਿਕ ਅਗਵਾਈ ਨੂੰ ਲੈ ਕੇ ਉੱਤਰਨ ਦਾ ਐਲਾਨ ਕੀਤਾ ਹੈ। ਤੁਸੀਂ ਕੀ ਕਹਿਣਾ ਚਾਹੋਗੇ?
ਜਵਾਬ:
ਕਾਂਗਰਸ ਆਲਾ ਕਮਾਨ ਨੇ ਜੋ ਵੀ ਫ਼ੈਸਲਾ ਲਿਆ ਹੈ ਉਹ ਸਾਨੂੰ ਸਾਰਿਆਂ ਨੂੰ ਮਨਜ਼ੂਰ ਹੈ। ਕਾਂਗਰਸ ਆਲਾ ਕਮਾਨ ਨੇ ਪਾਰਟੀ ਹਿੱਤਾਂ ਨੂੰ ਧਿਆਨ ’ਚ ਰੱਖ ਕਰ ਹੀ ਉਕਤ ਫ਼ੈਸਲਾ ਲਿਆ ਹੋਵੇਗਾ ਤੇ ਸਾਨੂੰ ਉਨ੍ਹਾਂ ਦੇ ਦੇ ਹਰ ਇਕ ਫ਼ੈਸਲੇ ਨੂੰ ਖੁੱਲ੍ਹੇ ਦਿਲ ਨਾਲ ਸਵੀਕਾਰ ਕਰਨਾ ਚਾਹੀਦਾ ਹੈ।

ਸਵਾਲ: ਕਾਂਗਰਸ ਦੀਆਂ ਰੈਲੀਆਂ ’ਚ ਪੰਜਾਬ ਕਾਂਗਰਸ ਪ੍ਰਧਾਨ ਵੱਲੋਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਕੀ ਤੁਸੀ ਇਸ ਨੂੰ ਸਹੀ ਮੰਨਦੇ ਹੋ?
ਜਵਾਬ:
ਕਾਂਗਰਸ ਦਾ ਇਹ ਕਲਚਰ ਨਹੀਂ ਹੈ ਕਿ ਕਾਂਗਰਸ ਰੈਲੀਆਂ ’ਚ ਪਾਰਟੀ ਉਮੀਦਵਾਰਾਂ ਦੀ ਐਲਾਨ ਕੀਤਾ ਜਾਵੇ। ਅਜਿਹਾ ਅਤੀਤ ’ਚ ਕਦੇ ਵੀ ਨਹੀਂ ਹੋਇਆ , ਜੇਕਰ ਰੈਲੀਆਂ ’ਚ ਹੀ ਉਮੀਦਵਾਰਾਂ ਦਾ ਐਲਾਨ ਕਰਨਾ ਹੈ ਤਾਂ ਫਿਰ ਸਕਰੀਨਿੰਗ ਕਮੇਟੀ ਤੇ ਕੇਂਦਰੀ ਚੋਣ ਕਮੇਟੀ ਦੀ ਕੀ ਅਹਿਮੀਅਤ ਰਹਿ ਜਾਵੇਗੀ। ਉਮੀਦਵਾਰਾਂ ਨੂੰ ਤਾਂ ਪਹਿਲਾਂ ਤੋਂ ਹੀ ਪਤਾ ਚੱਲ ਜਾਵੇਗਾ ਕਿ ਉਨ੍ਹਾਂ ਨੂੰ ਟਿਕਟ ਮਿਲਣੀ ਹੀ ਹੈ। ਮੇਰੇ ਪਿਤਾ ਸਵ. ਸੰਤੋਖ ਸਿੰਘ ਰੰਧਾਵਾ ਵੀ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਰਹੇ ਹਨ। ਉਸ ਸਮੇਂ ਵੀ ਕਦੇ ਵੀ ਰੈਲੀਆਂ ’ਚ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਨਹੀਂ ਕੀਤਾ ਜਾਂਦਾ ਸੀ, ਜਿਵੇਂ ਕ‌ਿ ਹੁਣ ਕੀਤਾ ਜਾ ਰਿਹਾ ਹੈ। ਉਸ ਸਮੇਂ ਵੀ ਉਨ੍ਹਾਂ ਦੇ ਪਿਤਾ ਉਮੀਦਵਾਰਾਂ ਦੀ ਚੋਣ ਦਾ ਮਾਮਲਾ ਕਾਂਗਰਸ ਆਲਾ ਕਮਾਨ ’ਤੇ ਹੀ ਛੱਡਿਆ ਕਰਦੇ ਸਨ। ਆਮ ਤੌਰ ’ਤੇ ਕਾਂਗਰਸ ਦਾ ਕਲਚਰ ਰਿਹਾ ਹੈ ਕਿ ਸਕਰੀਨਿੰਗ ਕਮੇਟੀ ਹਰ ਇਕ ਸੀਟ ’ਤੇ ਉਮੀਦਵਾਰਾਂ ਦੇ ਨਾਵਾਂ ਦਾ ਪੈਨਲ ਬਣਾ ਕੇ ਕੇਂਦਰੀ ਚੋਣ ਕਮੇਟੀ ਨੂੰ ਭੇਜਦੀ ਹੈ। ਕੇਂਦਰੀ ਚੋਣ ਕਮੇਟੀ ਦੀ ਬੈਠਕ ’ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਤੇ ਹੋਰ ਸੀਨੀਅਰ ਨੇਤਾ ਬੈਠਦੇ ਹਨ, ਜਿਸ ’ਚ ਉਮੀਦਵਾਰਾਂ ਦੇ ਨਾਵਾਂ ’ਤੇ ਮੋਹਰ ਲਾਈ ਜਾਂਦੀ ਹੈ। ਇਸ ਨਾਲ ਕੇਂਦਰੀ ਆਲਾ ਕਮਾਨ ਦੀ ਮਹੱਤਤਾ ਬਣੀ ਰਹਿੰਦੀ ਹੈ , ਜੇਕਰ ਉਮੀਦਵਾਰ ਪਹਿਲਾਂ ਹੀ ਐਲਾਨ ਕੀਤੇ ਜਾਣ ਤਾਂ ਫਿਰ ਭਵਿੱਖ ’ਚ ਨਾ ਤਾਂ ਕੋਈ ਸਕਰੀਨਿੰਗ ਕਮੇਟੀ ਨੂੰ ਪੁੱਛੇਗਾ ਤੇ ਨਹੀਂ ਹੀ ਕੇਂਦਰੀ ਚੋਣ ਕਮੇਟੀ ਦੀ ਕੋਈ ਮਹੱਤਤਾ ਰਹਿ ਜਾਵੇਗੀ।

ਇਹ ਵੀ ਪੜ੍ਹੋ: ਜਲੰਧਰ ਵਿਖੇ PAP ਕੈਂਪਸ ’ਚ ਪੁੱਜੇ CM ਚੰਨੀ ਬੋਲੇ, ਪੰਜਾਬ ਪੁਲਸ ਕਰਕੇ ਸੂਬੇ ’ਚ ਅਮਨ-ਸ਼ਾਂਤੀ

ਸਵਾਲ: ਕਾਂਗਰਸ ਦੇ 3 ਵਿਧਾਇਕ ਰਾਣਾ ਸੋਢੀ, ਫਤਿਹਜੰਗ ਬਾਜਵਾ ਤੇ ਬਲਵਿੰਦਰ ਸਿੰਘ ਲਾਡੀ ਨੇ ਭਾਜਪਾ ਦਾ ਪੱਲਾ ਫੜ ਲਿਆ ਹੈ । ਇਸ ਦਾ ਕੀ ਅਸਰ ਪਵੇਗਾ?
ਜਵਾਬ:
ਜਿੱਥੋਂ ਤੱਕ ਕਾਂਗਰਸ ਵਿਧਾਇਕ ਫਤਿਹਜੰਗ ਬਾਜਵਾ ਦਾ ਸਵਾਲ ਹੈ ਤਾਂ ਉਹ ਇਸ ਲਈ ਭਾਜਪਾ ’ਚ ਸ਼ਾਮਿਲ ਹੋ ਗਏ ਹਨ ਕਿਉਂਕਿ ਉਨ੍ਹਾਂ ਦੇ ਭਰਾ ਪ੍ਰਤਾਪ ਬਾਜਵਾ ਨੂੰ ਪਾਰਟੀ ਅਾਲਾ ਕਮਾਨ ਟਿਕਟ ਦੇਣ ਜਾ ਰਿਹਾ ਸੀ। ਇਸ ਤਰ੍ਹਾਂ ਬਲਵਿੰਦਰ ਸਿੰਘ ਲਾਡੀ ਦੀ ਰਿਪੋਰਟ ਚੰਗੀ ਨਹੀਂ ਸੀ, ਜਿਸ ਕਾਰਨ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਜਾ ਰਹੀ ਸੀ। ਦੂਜੇ ਪਾਸੇ ਰਾਣਾ ਸੋਢੀ ਗੁਰੂਹਰਸਹਾਇ ਦੀ ਬਜਾਏ ਫਿਰੋਜ਼ਪੁਰ ਤੋਂ ਟਿਕਟ ਮੰਗ ਰਹੇ ਸਨ, ਜੋ ਕਾਂਗਰਸ ਉਨ੍ਹਾਂ ਨੂੰ ਨਹੀਂ ਦੇਣ ਰਹੀ ਸੀ। ਹਰ ਇਕ ਵਿਧਾਇਕ ਦੀਆਂ ਵਿਅਕਤੀਗਤ ਸਮੱਸਿਆਵਾਂ ਸਨ, ਜਿਸ ਕਾਰਨ ਉਨ੍ਹਾਂ ਨੂੰ ਟਿਕਟਾਂ ਤੋਂ ਵਾਂਝਾ ਹੋਣਾ ਪੈ ਸਕਦਾ ਸੀ। ਇਸ ਲਈ ਉਨ੍ਹਾਂ ਨੇ ਆਪਣਾ ਰਾਜਨੀਤਕ ਭਵਿੱਖ ਭਾਜਪਾ ’ਚ ਸੁਰੱਖਿਅਤ ਵੇਖਿਆ ਤੇ ਉਹ ਭਾਜਪਾ ’ਚ ਸ਼ਾਮਿਲ ਹੋ ਗਏ। ਇਸ ਦਾ ਪਾਰਟੀ ਦੀਆਂ ਚੋਣ ਸੰਭਾਵਨਾਵਾਂ ’ਤੇ ਕੋਈ ਅਸਰ ਪੈਣ ਵਾਲਾ ਨਹੀਂ ਹੈ। ਕਾਂਗਰਸ ਇਕ ਵੱਡਾ ਪਰਿਵਾਰ ਹੈ, ਜਿਸ ’ਚੋਂ ਜੇਕਰ ਕੁਝ ਲੋਕ ਚਲੇ ਵੀ ਜਾਂਦੇ ਹਨ ਤਾਂ ਉਸ ’ਤੇ ਕੋਈ ਅਸਰ ਨਹੀਂ ਪੈਂਦਾ ਹੈ।

ਸਵਾਲ: ਕੀ ਤੁਹਾਨੂੰ ਲੱਗਦਾ ਹੈ ਕਿ ਪਾਰਟੀ ਦੋਬਾਰਾ ਸਰਕਾਰ ਬਣਾਉਣ ’ਚ ਕਾਮਯਾਬ ਹੋ ਜਾਵੇਗੀ?
ਜਵਾਬ:
ਮੈਨੂੰ ਸਾਰਾ ਭਰੋਸਾ ਹੈ ਕਿ ਲੋਕ ਕਾਂਗਰਸ ਨੂੰ ਫਿਰ ਤੋਂ ਮੌਕਾ ਦੇਣਗੇ। ਕਾਂਗਰਸ ਨੇ ਆਪਣੇ ਸਾਰੇ ਵਾਅਦਿਆਂ ਨੂੰ ਪੂਰਾ ਕਰ ਦਿੱਤਾ ਹੈ। ਡਰੱਗਸ ਦੇ ਮਾਮਲੇ ’ਤੇ ਵੀ ਕਾਂਗਰਸ ਸਰਕਾਰ ਨੇ ਵਿਆਪਕ ਕਦਮ ਚੁੱਕੇ ਹਨ। ਇਸੇ ਤਰ੍ਹਾਂ ਸਾਬਕਾ ਅਕਾਲੀ ਮੰਤਰੀ ਬਿਕਰਮਜੀਤ ਸਿੰਘ ਮਜੀਠਿਆ ਖ਼ਿਲਾਫ਼ ਵੀ ਚੰਨੀ ਸਰਕਾਰ ਨੇ ਐਕਸ਼ਨ ਲੈ ਲਿਆ ਹੈ। ਹੁਣ ਵਿਰੋਧੀਆਂ ਕੋਲ ਕਾਂਗਰਸ ਸਰਕਾਰ ਖਿਲਾਫ ਕਹਿਣ ਨੂੰ ਕੁਝ ਵੀ ਨਹੀਂ ਬਚਿਆ। ਇਹੀ ਨਹੀਂ ਚੰਨੀ ਸਰਕਾਰ ਨੇ ਪਿਛਲੇ 3 ਮਹੀਨਿਆਂ ਦੌਰਾਨ ਸਮਾਜ ਦੇ ਸਾਰੇ ਵਰਗਾਂ ਨੂੰ ਕੁਝ ਨਾ ਕੁਝ ਦਿੱਤਾ ਹੈ। ਲੋਕ ਵੀ ਚੰਨੀ ਸਰਕਾਰ ਦੀ ਕਾਰਗੁਜ਼ਾਰੀ ਦੀ ਤਾਰੀਫ ਕਰਦੇ ਹਨ।

ਇਹ ਵੀ ਪੜ੍ਹੋ: ਜਾਂਦਾ-ਜਾਂਦਾ ਸਾਲ ਦੇ ਗਿਆ ਪਰਿਵਾਰ ਨੂੰ ਡੂੰਘਾ ਸਦਮਾ, ਮੋਰਿੰਡਾ ਵਿਖੇ ਸ਼ੱਕੀ ਹਾਲਾਤ 'ਚ ਵਿਆਹੁਤਾ ਦੀ ਮੌਤ

ਸਵਾਲ: ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਕਾਰਪੋਰੇਸ਼ਨ ਚੋਣਾਂ ਜਿੱਤੀਆਂ ਹਨ। ਉਹ ਦਾਅਵਾ ਕਰ ਰਹੀ ਹੈ ਕਿ ਚੰਡੀਗੜ੍ਹ ’ਚ ਤਾਂ ਟ੍ਰੇਲਰ ਸੀ ਹੁਣੇ ਪੂਰੀ ਫਿਲਮ ਬਾਕੀ ਹੈ ।
ਜਵਾਬ:
ਆਮ ਆਦਮੀ ਪਾਰਟੀ ਦੇ ਦਾਅਵਿਆਂ ’ਚ ਕੋਈ ਦਮ ਨਹੀਂ ਹੈ। ਚੰਡੀਗੜ੍ਹ ਤੇ ਪੰਜਾਬ ਦੀ ਰਾਜਨੀਤੀ ’ਚ ਭਾਰੀ ਅੰਤਰ ਹੈ। ਪੰਜਾਬ ਇਕ ਪੂਰਨ ਸੂਬਾ ਹੈ। ਕਾਂਗਰਸ ਦੇ ਸਮਰਥਕਾਂ ਦਾ ਜਾਲ ਹਰ ਇਕ ਗਲੀ-ਮੁਹੱਲੇ ’ਚ ਵਿਛਿਆ ਹੋਇਆ ਹੈ। 2017 ’ਚ ਵੀ ਆਮ ਆਦਮੀ ਪਾਰਟੀ ਨੇ ਇੰਝ ਹੀ ਹਵਾ ’ਚ 100 ਤੋਂ ਜ਼ਿਆਦਾ ਸੀਟਾਂ ਜਿੱਤਣ ਦੇ ਦਾਅਵੇ ਕੀਤੇ ਸਨ, ਜਦੋਂ ਕਿ ਆਮ ਆਦਮੀ ਪਾਰਟੀ ਦਾ ਗੁਬਾਰਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਫਟ ਗਿਆ ਸੀ। ਇਸ ਵਾਰ ਵੀ ਅਜਿਹੇ ਹੀ ਹਾਲਾਤ ਬਣਨ ਦੇ ਆਸਾਰ ਹਨ। ਲੋਕ ਆਮ ਆਦਮੀ ਪਾਰਟੀ ’ਤੇ ਭਰੋਸਾ ਨਹੀਂ ਕਰ ਰਹੇ ਹਨ। ਆਮ ਆਦਮੀ ਪਾਰਟੀ ਸੂਬੇ ’ਚ ਸਥਿਰ ਸਰਕਾਰ ਨਹੀਂ ਦੇ ਸਕਦੀ ਹੈ।

ਸਵਾਲ: ਕੀ ਸ਼ਹਿਰਾਂ ’ਚ ਹਿੰਦੂ ਵੋਟਰ ਕਾਂਗਰਸ ਦੇ ਪੱਖ ’ਚ 2017 ਵਾਂਗ ਦੋਬਾਰਾ ਫਤਵਾ ਦੇਵੇਗਾ?
ਜਵਾਬ:
ਮੈਨੂੰ ਇਸ ਗੱਲ ਨੂੰ ਲੈ ਕੇ ਸਾਰਾ ਭਰੋਸਾ ਹੈ। ਹਿੰਦੂ ਲੋਕਾਂ ਅੰਦਰ ਵਿਰੋਧੀ ਪਾਰਟੀਆਂ ਖਾਸ ਕਰ ਕੇ ਆਮ ਆਦਮੀ ਪਾਰਟੀ ਨੇ ਬੇਚੈਨੀ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ ਪਰ ਹਿੰਦੂ ਵੋਟਰ ਸੂਝਵਾਨ ਹਨ। ਉਹ ਪੰਜਾਬ ’ਚ ਨਵਾਂ ਪ੍ਰਯੋਗ ਨਹੀਂ ਕਰਨਗੇ। ਪਿਛਲੀ ਵਾਰ ਵੀ ਉਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਨਕਾਰ ਦਿੱਤਾ ਸੀ।

ਸਵਾਲ: ਕੀ ਤੁਹਾਡੇ ਅੰਦਰ ਇਹ ਟੀਸ ਪੈਦਾ ਨਹੀਂ ਹੁੰਦੀ ਹੈ ਕਿ ਮੁੱਖ ਮੰਤਰੀ ਦਾ ਅਹੁਦਾ ਤੁਹਾਡੇ ਵਰਗੇ ਸੀਨੀਅਰ ਨੇਤਾ ਨੂੰ ਮਿਲਣਾ ਚਾਹੀਦਾ ਸੀ?
ਜਵਾਬ:
ਕਾਂਗਰਸ ਹਾਈਕਮਾਨ ਨੇ ਜੋ ਵੀ ਫ਼ੈਸਲਾ ਕੀਤਾ ਹੈ ਉਸ ਨੂੰ ਅਸੀਂ ਸਾਰਿਆਂ ਨੇ ਖੁਸ਼ੀ ਨਾਲ ਸਵੀਕਾਰ ਕੀਤਾ ਹੈ। ਭਵਿੱਖ ’ਚ ਵੀ ਕਾਂਗਰਸ ਹਾਈਕਮਾਨ ਜੋ ਵੀ ਫੈਸਲਾ ਪੰਜਾਬ ਦੇ ਹਿੱਤਾਂ ਨੂੰ ਵੇਖਦਿਆਂ ਲਵੇਗੀ ਉਹ ਸਾਨੂੰ ਮਨਜ਼ੂਰ ਹੋਵੇਗਾ। ਉੱਪ ਮੁੱਖ ਮੰਤਰੀ ਤੇ ਗ੍ਰਹਿ ਵਿਭਾਗ ਦੇ ਕੇ ਹਾਈਕਮਾਨ ਨੇ ਉਨ੍ਹਾਂ ਦਾ ਮਾਣ ਵਧਾਇਆ ਹੈ ਅਤੇ ਇਸ ਦੇ ਲਈ ਉਹ ਹਾਈਕਮਾਨ ਦੇ ਅਹਿਸਾਨਮੰਦ ਹਨ।

ਸਵਾਲ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਦਾ ਤੁਸੀ ਕੀ ਭਵਿੱਖ ਵੇਖਦੇ ਹੋ?
ਜਵਾਬ:
ਮੈਨੂੰ ਉਨ੍ਹਾਂ ਦਾ ਕੋਈ ਭਵਿੱਖ ਵਿਖਾਈ ਨਹੀਂ ਦੇ ਰਿਹਾ ਹੈ। ਉਨ੍ਹਾਂ ਨੇ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਕੀਤੀ ਹੈ। ਕਾਂਗਰਸ ’ਚ ਉਨ੍ਹਾਂ ਦਾ ਨਾਂ ਸੀ ਪਰ ਭਾਜਪਾ ਨਾਲ ਹੱਥ ਮਿਲਾ ਕੇ ਉਨ੍ਹਾਂ ਨੇ ਆਪਣੇ ਨਾਂ ’ਤੇ ਧੱਬਾ ਲਾਇਆ ਹੈ।

ਇਹ ਵੀ ਪੜ੍ਹੋ: ਜਲੰਧਰ ਤੋਂ ਵੱਡੀ ਖ਼ਬਰ, ਪ੍ਰਾਚੀਨ ਸ਼ਿਵ ਮੰਦਿਰ ’ਚ ਵਾਪਰੀ ਬੇਅਦਬੀ ਦੀ ਘਟਨਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News