ਮੈਂ ਅਕਾਲੀਆਂ ਤੋਂ ਡਰਨ ਵਾਲਾ ਨਹੀਂ : ਰੰਧਾਵਾ

Wednesday, Nov 27, 2019 - 02:06 PM (IST)

ਮੈਂ ਅਕਾਲੀਆਂ ਤੋਂ ਡਰਨ ਵਾਲਾ ਨਹੀਂ : ਰੰਧਾਵਾ

ਮੋਹਾਲੀ (ਨਿਆਮੀਆਂ) : ਪੰਜਾਬ ਕ੍ਰਿਸ਼ਚੀਅਨ ਵੈੱਲਫ਼ੇਅਰ ਬੋਰਡ ਦੇ ਨਵ-ਨਿਯੁਕਤ ਚੇਅਰਮੈਨ ਡਾ. ਸਲਾਮਤ ਮਸੀਹ ਅਤੇ ਉਨ੍ਹਾਂ ਦੀ ਟੀਮ ਨੇ ਸੂਬੇ ਦੇ 3 ਕੈਬਨਿਟ ਮੰਤਰੀਆਂ, ਸੂਬਾ ਕਾਂਗਰਸ ਦੇ ਪ੍ਰਧਾਨ ਅਤੇ 7 ਵਿਧਾਇਕਾਂ ਦੀ ਮੌਜੂਦਗੀ 'ਚ ਵਣ ਵਿਭਾਗ ਵਿਖੇ ਸਥਿਤ ਦਫ਼ਤਰ 'ਚ ਆਪਣਾ ਅਹੁਦਾ ਸੰਭਾਲਿਆ। ਇਸ ਸਮਾਗਮ ਦੌਰਾਨ ਸਹਿਕਾਰਤਾ ਅਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ 7 ਵਿਧਾਇਕ ਹਾਜ਼ਰ ਰਹੇ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਵਲੋਂ ਤੋਹਮਤਾਂ ਦੀ ਵਿੱਢੀ ਮੁਹਿੰਮ ਨੂੰ ਗੁੰਮਰਾਹਕੁੰਨ ਤੇ ਝੂਠਾ ਕਰਾਰ ਦਿੰਦਿਆਂ ਸਹਿਕਾਰਤਾ ਅਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਚਲ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਵਲੋਂ ਉਨ੍ਹਾਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਜਵਾਬ ਵਿਚ ਰੰਧਾਵਾ ਨੇ ਕਿਹਾ ਕਿ ਜੋ ਵਿਅਕਤੀ ਸ਼੍ਰੋਮਣੀ ਅਕਾਲੀ ਦਲ ਦੇ ਇਨ੍ਹਾਂ ਆਗੂਆਂ ਨੂੰ ਨੱਥ ਪਾਏਗਾ, ਬੇਅਦਬੀ ਮਾਮਲਿਆਂ 'ਚ ਅਕਾਲੀਆਂ ਦੀ ਸ਼ਮੂਲੀਅਤ ਬਾਰੇ ਦੱਸੇਗਾ, ਇਨ੍ਹਾਂ ਦੇ ਨਸ਼ੇ ਦੇ ਕਾਰੋਬਾਰ ਨੂੰ ਉਜਾਗਰ ਕਰੇਗਾ ਅਤੇ ਇਨ੍ਹਾਂ ਦੇ ਗੈਂਗਸਟਰਾਂ ਨਾਲ ਸਬੰਧਾਂ ਨੂੰ ਜਗ ਜ਼ਾਹਰ ਕਰੇਗਾ, ਜ਼ਾਹਿਰ ਤੌਰ 'ਤੇ ਇਹ ਲੋਕ ਉਸ ਵਿਅਕਤੀ ਨੂੰ ਨਿਸ਼ਾਨਾ ਬਣਾਉਣਗੇ ਪਰ ਮੈਂ ਡਰਨ ਵਾਲਾ ਨਹੀਂ ਅਤੇ ਸੱਚ 'ਤੇ ਬੇਝਿਜਕ ਹੋ ਕੇ ਪਹਿਰਾ ਦਿਆਂਗਾ।

ਸ਼੍ਰੋਮਣੀ ਅਕਾਲੀ ਦਲ ਨੂੰ ਕਰੜੇ ਹੱਥੀਂ ਲੈਂਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਅਸਲ 'ਚ ਕਾਂਗਰਸ ਦੀ ਚੜ੍ਹਤ ਨੂੰ ਵੇਖ ਕੇ ਅਕਾਲੀ ਮੁੱਦਾਹੀਣ ਹੋ ਗਏ ਹਨ ਅਤੇ ਲੋਕਾਂ ਦੀ ਖ਼ੈਰ-ਖ਼ੁਆਹ ਬਣਨ ਦਾ ਢਕਵੰਜ ਰਚ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਬਾਦਲ ਪਰਿਵਾਰ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਲੋਕਾਂ ਦੀ ਇੰਨੀ ਹੀ ਪ੍ਰਵਾਹ ਹੈ ਤਾਂ ਉਹ ਸੂਬਾ ਸਰਕਾਰ ਦੇ ਹਿੱਸੇ ਦਾ 4100 ਕਰੋੜ ਰੁਪਏ ਦਾ ਬਣਦਾ ਜੀ. ਐੱਸ. ਟੀ. ਮੁਆਵਜ਼ਾ ਦਿਵਾਉਣ ਅਤੇ ਬਾਦਲ ਸਰਕਾਰ ਵਲੋਂ ਵਿਰਸੇ ਵਿਚ ਦਿੱਤੇ ਗਏ 31,000 ਕਰੋੜ ਰੁਪਏ ਦੇ ਸੀ. ਸੀ. ਐੱਲ. ਘਪਲੇ ਦਾ ਕੇਂਦਰ ਸਰਕਾਰ ਤੋਂ ਛੇਤੀ ਤੋਂ ਛੇਤੀ ਹੱਲ ਕਰਾਉਣ।

ਲਗਾਤਾਰ 10 ਸਾਲ ਗੁਰਦਾਸਪੁਰ ਟਰੱਕ ਯੂਨੀਅਨ ਦੇ ਪ੍ਰਧਾਨ ਅਤੇ 35 ਸਾਲ ਸਰਪੰਚ ਰਹੇ ਡਾ. ਮਸੀਹ ਨੇ ਕਿਹਾ ਕਿ ਉਹ ਆਪਣੇ ਅਹੁਦੇ ਦੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਦਿਨ-ਰਾਤ ਈਸਾਈ ਭਾਈਚਾਰੇ ਦੀ ਭਲਾਈ ਲਈ ਯਤਨਸ਼ੀਲ ਰਹਿਣਗੇ। ਇਸ ਮੌਕੇ 7 ਵਿਧਾਇਕ ਗੁਰਦਾਸਪੁਰ ਤੋਂ ਬਰਿੰਦਰਮੀਤ ਸਿੰਘ ਪਾਹੜਾ, ਬਾਬਾ ਬਕਾਲਾ ਤੋਂ ਸੰਤੋਖ ਸਿੰਘ ਭਲਾਈਪੁਰ, ਸ੍ਰੀ ਹਰਗੋਬਿੰਦਪੁਰ ਤੋਂ ਬਲਵਿੰਦਰ ਸਿੰਘ ਲਾਡੀ, ਬਾਘਾਪੁਰਾਣਾ ਤੋਂ ਦਰਸ਼ਨ ਸਿੰਘ ਬਰਾੜ, ਮੋਗਾ ਤੋਂ ਹਰਜੋਤ ਕਮਲ ਸਿੰਘ, ਜ਼ੀਰਾ ਤੋਂ ਕੁਲਬੀਰ ਸਿੰਘ ਜ਼ੀਰਾ ਤੇ ਫ਼ਾਜ਼ਿਲਕਾ ਤੋਂ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਅਤੇ ਜ਼ਿਲਾ ਗੁਰਦਾਸਪੁਰ ਕਾਂਗਰਸ ਕਮੇਟੀ ਦੇ ਪ੍ਰਧਾਨ ਰੌਸ਼ਨ ਜੋਜ਼ਫ਼ ਤੇ ਸਾਬਕਾ ਪ੍ਰਧਾਨ ਅਸ਼ੋਕ ਚੌਧਰੀ ਹਾਜ਼ਰ ਰਹੇ ਜਦਕਿ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਸਮਾਗਮ ਤੋਂ ਕੁੱਝ ਸਮਾਂ ਪਹਿਲਾਂ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਬਾਅਦ 'ਚ ਡਾ. ਮਸੀਹ ਨੂੰ ਮੁਬਾਰਕਬਾਦ ਦੇਣ ਪਹੁੰਚੇ।


author

Anuradha

Content Editor

Related News