ਜੇਲ ਮੰਤਰੀ ਰੰਧਾਵਾ ਨੂੰ ਸਕੇ ਭਰਾ ਦਾ ਵੱਡਾ ਚੈਲੇਂਜ
Tuesday, Dec 18, 2018 - 11:36 AM (IST)

ਗੁਰਦਾਸਪੁਰ (ਗੁਰਪ੍ਰੀਤ) : ਪੰਚਾਇਤੀ ਚੋਣਾਂ 'ਚ ਕੀਤੀਆਂ ਜਾ ਰਹੀਆਂ ਧਾਂਦਲੀਆਂ ਅਤੇ ਧੱਕੇਸ਼ਾਹੀ ਨੂ ਲੈ ਕੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਖਿਲਾਫ ਉਨ੍ਹਾਂ ਦੇ ਸਕੇ ਭਰਾ ਇੰਦਰਜੀਤ ਰੰਧਾਵਾ ਨੇ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਕੈਬਨਿਟ ਮੰਤਰੀ ਰੰਧਾਵਾ ਨੂੰ ਚੈਲੇਂਜ ਕਰਦਿਆਂ ਕਿਹਾ ਕਿ ਸੁਖਜਿੰਦਰ ਰੰਧਾਵਾ ਪੰਚਾਇਤੀ ਚੋਣਾਂ 'ਚ ਪੱਖਪਾਤ ਨੂੰ ਛੱਡ ਕੇ ਨਿਰਪੱਖਤਾ ਨਾਲ ਕਾਂਗਰਸ ਦੇ ਉਮੀਦਵਾਰਾਂ ਨੂੰ ਚੋਣਾਂ ਲੜਾਉਣ ਅਤੇ ਫਿਰ ਦੇਖਣ ਕਿ ਕੀ ਨਤੀਜੇ ਸਾਹਮਣੇ ਆਉਂਦੇ ਹਨ। ਇੰਦਰਜੀਤ ਰੰਧਾਵਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੋਸ਼ ਲਾਇਆ ਕਿ ਸੁਖਜਿੰਦਰ ਰੰਧਾਵਾ ਪੰਚਾਇਤੀ ਚੋਣਾਂ 'ਚ ਜਿੱਤ ਹਾਸਲ ਕਰਨ ਲਈ ਆਪਣੇ ਰੁਤਬੇ ਦਾ ਗਲਤ ਇਸਤੇਮਾਲ ਕਰ ਰਹੇ ਹਨ ਅਤੇ ਅਕਾਲੀ ਉਮੀਦਵਾਰਾਂ ਨੂੰ ਨੁਕਸਾਨ ਪਹੁੰਚਾਉਣ 'ਚ ਲੱਗੇ ਹੋਏ ਹਨ ਤਾਂ ਜੋ ਡੇਰਾ ਬਾਬਾ ਨਾਨਕ 'ਚ ਸਾਰੀਆਂ ਪੰਚਾਇਤਾਂ ਕਾਂਗਰਸੀ ਉਮੀਦਵਾਰਾਂ ਦੀਆਂ ਬਣ ਸਕਣ।
ਪ੍ਰੈਸ ਕਾਨਫਰੰਸ ਦੌਰਾਨ ਇੰਦਰਜੀਤ ਰੰਧਾਵਾ ਨੇ ਆਪਣੇ ਭਰਾ ਸੁਖਜਿੰਦਰ ਰੰਧਾਵਾ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਕਾਂਗਰਸੀ ਉਮੀਦਵਾਰਾਂ ਨੂੰ ਧੋਖੇਬਾਜ਼ੀ ਨਾਲ ਜਿੱਤ ਦਿਵਾਉਣਾ ਚਾਹੁੰਦੇ ਹਨ, ਇਸ ਦੇ ਲਈ ਉਨ੍ਹਾਂ ਲੋਕਾਂ ਦੇ ਵੀ ਵੋਟਰ ਸੂਚੀ 'ਚ ਨਾਂ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਦੀ ਮੌਤ ਹੋਇਆਂ ਕਈ ਸਾਲ ਬੀਤ ਚੁੱਕੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਪਿੰਡਾਂ 'ਚ ਵਾਰਡ ਬੰਦੀਆਂ ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਧਾਂਦਲੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਇਨ੍ਹਾਂ ਸਾਰੀਆਂ ਧਾਂਦਲੀਆਂ ਅਤੇ ਧੱਕੇਸ਼ਾਹੀ ਨੂੰ ਲੈ ਕੇ ਚੋਣ ਕਮਿਸ਼ਨ ਨੂੰ ਚਿੱਠੀ ਵੀ ਲਿਖੀ ਗਈ ਹੈ ਅਤੇ ਡੇਰਾ ਬਾਬਾ ਨਾਨਕ ਦੀਆਂ ਪੰਚਾਇਤੀ ਚੋਣਾਂ ਨੂੰ ਮੁਲਤਵੀ ਕਰਨ ਲਈ ਕਿਹਾ ਗਿਆ ਹੈ।