ਮਿਲਾਵਟੀ ਤੇ ਬਨਾਵਟੀ ਦੁੱਧ ਰੋਕਣ ਲਈ ਮਿਲਕਫੈਡ ਆਪਣੇ ਪੱਧਰ ''ਤੇ ਕਰੇਗਾ ਪ੍ਰਬੰਧ : ਰੰਧਾਵਾ

02/08/2020 5:51:18 PM

ਅੰਮ੍ਰਿਤਸਰ (ਕਮਲ) : ਪੰਜਾਬ ਦੇ ਸਹਿਕਾਰੀ ਖੇਤਰ ਦੇ ਵੱਡੇ ਬਰਾਂਡ 'ਵੇਰਕਾ' ਦੇ ਦੁੱਧ ਉਤਪਾਦਾਂ ਦੀ ਪਹੁੰਚ ਹੋਰ ਵਧਾਉਣ ਦੇ ਇਰਾਦੇ ਨਾਲ ਸਹਿਕਾਰਤਾ ਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੇਰਕਾ ਵਿਖੇ ਕਰੀਬ 55 ਕਰੋੜ ਰੁਪਏ ਦੀ ਲਾਗਤ ਨਾਲ ਚੱਲਣ ਵਾਲੇ ਨਵੇਂ ਸਵੈ ਚਾਲਿਤ ਪਲਾਂਟ ਦਾ ਉਦਘਾਟਨ ਕੀਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਦੇ ਦੁੱਧ ਉਤਪਾਦਕ ਕਿਸਾਨਾਂ ਨੂੰ ਬਚਾਉਣ ਲਈ ਮਿਲਕਫੈਡ ਬਾਜ਼ਾਰ ਵਿਚ ਆਉਂਦੇ ਬਨਾਵਟੀ ਤੇ ਸਿੰਥੈਟਕ ਦੁੱਧ ਨੂੰ ਰੋਕਣ ਲਈ ਆਪਣੇ ਪੱਧਰ 'ਤੇ ਪ੍ਰਬੰਧ ਕਰੇਗਾ। ਉਨ੍ਹਾਂ ਦੱਸਿਆ ਕਿ ਨਵੇਂ ਪਲਾਂਟ ਨਾਲ ਹੁਣ ਅੰਮ੍ਰਿਤਸਰ ਸਥਿਤ ਵੇਰਕਾ ਪਲਾਂਟ ਦੀ ਸਮਰੱਥਾ ਰੋਜ਼ਾਨਾ ਢਾਈ ਲੱਖ ਲਿਟਰ ਦੁੱਧ ਸਾਂਭਣ ਤੇ ਪ੍ਰੋਸੈਸ ਕਰਨ ਦੀ ਹੋ ਗਈ ਹੈ, ਜਿਸ ਨੂੰ ਪੰਜ ਲੱਖ ਲੀਟਰ ਪ੍ਰਤੀ ਦਿਨ ਤੱਕ ਵਧਾਇਆ ਵੀ ਜਾ ਸਕੇਗਾ। ਉਨਾਂ ਦੱਸਿਆ ਕਿ ਸਾਲ 2018-19 ਵਿਚ ਮਿਲਕਫੈਡ ਨੇ ਪੰਜਾਬ ਦੇ ਦੁੱਧ ਉਤਪਾਦਕਾਂ ਨੂੰ ਬਚਾਉਣ ਲਈ 12 ਵਾਰ ਦੁੱਧ ਦਾ ਰੇਟ ਵਧਾਇਆ ਸੀ, ਜੋ ਕਿ 500 ਰੁਪਏ ਪ੍ਰਤੀ ਕਿਲੋ ਫੈਟ ਤੋਂ ਵੱਧ ਕੇ 700 ਰੁਪਏ ਪ੍ਰਤੀ ਕਿਲੋ ਫੈਟ ਤੱਕ ਜਾ ਚੁੱਕਾ ਹੈ, ਨੂੰ ਅਗਲੇ ਦੋ ਮਹੀਨਿਆਂ ਤੱਕ ਅਸੀਂ ਫਿਰ ਵਧਾ ਰਹੇ ਹਾਂ। 

ਉਨ੍ਹਾਂ ਕਿਹਾ ਕਿ ਪੰਜਾਬ ਦੀ ਸਹਿਕਾਰੀ ਖੰਡ ਮਿਲਾਂ ਨੂੰ ਵੀ ਪੈਰਾਂ ਸਿਰ ਕਰਨ ਲਈ ਅਸੀਂ ਪੂਰੀ ਵਾਹ ਲਾ ਰਹੇ ਹਾਂ ਅਤੇ ਇਸ ਲਈ ਗੰਨੇ ਦੀ ਖੇਤੀ ਵਿਚ ਵਿਆਪਕ ਸੁਧਾਰ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਗੰਨੇ ਦੀ ਕਿਸਮ ਸੁਧਾਰ ਲਈ ਕਲਾਨੌਰ ਵਿਚ ਛੇਤੀ ਹੀ ਗੰਨਾ ਖੋਜ ਕੇਂਦਰ ਚਾਲੂ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਦੇ ਸਾਰੇ ਦੁੱਧ ਪਲਾਂਟਾਂ ਦੀ ਸਮਰੱਥਾ ਵਧਾਈ ਜਾ ਰਹੀ ਹੈ। ਰੰਧਾਵਾ ਨੇ ਕਿਹਾ ਕਿ ਖੇਤੀ ਵਿਭੰਨਤਾ ਉਨੀ ਦੇਰ ਸੰਭਵ ਨਹੀਂ, ਜਿੰਨਾ ਚਿਰ ਕਿਸਾਨ ਨੂੰ ਕਣਕ ਤੇ ਝੋਨੇ ਦੇ ਮੁਕਾਬਲੇ ਦੂਸਰੀਆਂ ਫਸਲਾਂ ਦਾ ਵੱਧ ਰੇਟ ਨਹੀਂ ਮਿਲਦਾ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਹਿਕਾਰਤਾ ਵਿਭਾਗ ਲਗਾਤਾਰ ਕਿਸਾਨਾਂ ਦੀ ਖੁਸ਼ਹਾਲੀ ਲਈ ਯਤਨਸ਼ੀਲ ਹੈ ਅਤੇ ਇਸ ਲਈ ਸਾਨੂੰ ਲੈਂਡ ਮਾਰਟਰਗੇਜ ਬੈਂਕਾਂ ਤੇ ਖੰਡ ਮਿਲਾਂ ਦੀ ਲਿਮਟ ਵਾਸਤੇ ਨਾਬਾਰਡ ਤੋਂ ਘੱਟ ਵਿਆਜ਼ ਉਤੇ ਕਰਜ਼ਾ ਮਿਲ ਰਿਹਾ ਹੈ, ਜਿਸ ਨਾਲ ਸਲਾਨਾ 50 ਕਰੋੜ ਤੋਂ ਵੱਧ ਦੀ ਰਕਮ ਵਿਆਜ਼ ਵਿਚ ਹੀ ਘੱਟ ਦੇਣੀ ਪਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਹਿਕਾਰੀ ਸੁਸਾਇਟੀਆਂ ਵਿਚ ਕੇਵਲ ਚੌਧਰ ਲੈਣ ਲਈ ਹੀ ਚੋਣਾਂ ਨਾਲ ਲੜਨ, ਬਲਕਿ ਸੁਸਾਇਟੀਆਂ ਨੂੰ ਪੈਰਾਂ ਸਿਰ ਕਰਨ ਲਈ ਯਤਨ ਕਰਨ। 

ਰੰਧਾਵਾ ਨੇ ਸਪੱਸ਼ਟ ਕੀਤਾ ਕਿ ਸੁਸਾਇਟੀਆਂ ਵਿਚ ਹੁੰਦੇ ਘਪਲੇ ਰੋਕਣ ਲਈ ਲਗਾਤਾਰ ਯਤਨ ਜਾਰੀ ਰਹਿਣਗੇ ਅਤੇ ਇਸ ਵਿਚ ਕਿਸੇ ਵੀ ਬੇਈਮਾਨ ਦਾ ਸਾਥ ਨਹੀਂ ਦਿੱਤਾ ਜਾਵੇਗਾ। ਲੋਕ ਸਭਾ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਇਸ ਮੌਕੇ ਕਿਸਾਨਾਂ ਨੂੰ ਵਧਾਈ ਦਿੰਦੇ ਚੌਕਸ ਵੀ ਕੀਤਾ ਕਿ ਕੇਂਦਰ ਸਰਕਾਰ ਵੱਲੋਂ ਅੰਬਾਨੀ-ਅਡਾਨੀ ਵਰਗੇ ਵਪਾਰੀਆਂ ਉਤੇ ਟੈਕਸ ਦਰ 30 ਫੀਸਦੀ ਤੋਂ 22 ਫੀਸਦੀ ਕਰਕੇ ਸਹਿਕਾਰੀ ਅਦਾਰਿਆਂ ਉਤੇ ਟੈਕਸ ਦਰ ਵਧਾਈ ਜਾ ਰਹੀ ਹੈ, ਜਿਸ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ। ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵੇਰਕਾ ਦੀ ਤਰੱਕੀ ਲਈ ਕਿਸਾਨਾਂ ਨੂੰ ਵਧਾਈ ਦਿੰਦੇ ਕਿਹਾ ਕਿ ਕਿਸਾਨਾਂ ਦੇ ਭਵਿੱਖ ਕੇਵਲ ਤੇ ਕੇਵਲ ਕਾਂਗਰਸ ਸਰਕਾਰਾਂ ਦੇ ਵੇਲੇ ਹੀ ਸੁਰੱਖਿਅਤ ਰਹੇ ਹਨ। ਉਨ੍ਹਾਂ ਦੁੱਧ ਉਤਪਾਦਕਾਂ ਨੂੰ ਸਹਿਕਾਰੀ ਅਦਾਰੇ ਦਾ ਡਟਵਾਂ ਸਾਥ ਦੇਣ ਦੀ ਅਪੀਲ ਕੀਤੀ। ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਇਸ ਮੌਕੇ ਦੁੱਧ ਵਿਚ ਹੁੰਦੀ ਮਿਲਾਵਟ ਤੇ ਬਨਾਵਟੀ ਦੁੱਧ ਦੀ ਸਪਲਾਈ ਰੋਕਣ ਲਈ ਮਿਲਕਫੈਡ ਨੂੰ ਅੱਗੇ ਆਉਣ ਦੀ ਵਕਾਲਤ ਕੀਤੀ, ਤਾਂ ਜੋ ਲੋਕਾਂ ਨੂੰ ਸ਼ੁੱਧ ਦੇਣ ਮਿਲਣ ਦੇ ਨਾਲ-ਨਾਲ ਕਿਸਾਨਾਂ ਦਾ ਮੁਨਾਫਾ ਵੀ ਵੱਧ ਸਕੇ।


Gurminder Singh

Content Editor

Related News