ਸੁਖਜਿੰਦਰ ਰੰਧਾਵਾ ਦੇ ਬਿਆਨ ’ਤੇ ਸੁਨੀਲ ਜਾਖ਼ੜ ਦਾ ਪਲਟਵਾਰ, ‘ਮੈਂ ਕੁੱਝ ਕਿਹਾ ਤਾਂ ਮੂੰਹ ਲੁਕਾਉਂਦੇ ਫਿਰੋਂਗੇ’

Thursday, Aug 10, 2023 - 06:24 PM (IST)

ਸੁਖਜਿੰਦਰ ਰੰਧਾਵਾ ਦੇ ਬਿਆਨ ’ਤੇ ਸੁਨੀਲ ਜਾਖ਼ੜ ਦਾ ਪਲਟਵਾਰ, ‘ਮੈਂ ਕੁੱਝ ਕਿਹਾ ਤਾਂ ਮੂੰਹ ਲੁਕਾਉਂਦੇ ਫਿਰੋਂਗੇ’

ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਕਾਂਗਰਸ ਦੇ ਸੀਨੀਅਰ ਨੇਤਾ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਉਨ੍ਹਾਂ ਬਾਰੇ ਕੀਤੀ ਗਈ ਟਿੱਪਣੀ ’ਤੇ ਪਲਟਵਾਰ ਕਰਦਿਆਂ ਕਿਹਾ ਹੈ ਕਿ ਰੰਧਾਵਾ ਸੋਚ-ਸਮਝ ਕੇ ਉਨ੍ਹਾਂ ਬਾਰੇ ਬਿਆਨ ਦੇਣ। ਉਹ ਆਪਣਾ ਉਹ ਸਮਾਂ ਨਹੀਂ ਭੁੱਲਣ, ਜਦੋਂ ਗੈਂਗਸਟਰ ਭਗਵਾਨਪੁਰੀਆ ਦੇ ਮਾਮਲੇ ’ਚ ਉਨ੍ਹਾਂ ਨੇ ਖੁਦ ਦਾ ਮਜ਼ਾਕ ਬਣਵਾਇਆ ਹੋਇਆ ਸੀ, ਉਦੋਂ ਮੈਂ ਹੀ ਉਨ੍ਹਾਂ ਦੀ ਬੁਰੇ ਸਮੇਂ ’ਚ ਬਾਂਹ ਫੜ੍ਹਣ ਲਈ ਅੱਗੇ ਆਇਆ ਸੀ। ਜਾਖੜ ਨੇ ਕਿਹਾ ਕਿ ਰੰਧਾਵਾ ਉਨ੍ਹਾਂ ਦੇ ਪੁਰਾਣੇ ਮਿੱਤਰ ਰਹੇ ਹਨ ਪਰ ਜੇਕਰ ਸਿਰਫ਼ ਰਾਜਨੀਤੀ ਚਮਕਾਉਣ ਲਈ ਉਹ ਅਜਿਹੀਆਂ ਗੱਲਾਂ ਕਰਨਗੇ ਤਾਂ ਇਹ ਯਾਦ ਰੱਖਣ ਕਿ ਜੇਕਰ ਉਹ ਬੋਲਣ ’ਤੇ ਆਏ ਤਾਂ ਰੰਧਾਵਾ ਨੂੰ ਮੂੰਹ ਲੁਕਾਉਣ ਨੂੰ ਵੀ ਜਗ੍ਹਾ ਨਹੀਂ ਮਿਲੇਗੀ। ਵਇਥੇ ਪਾਰਟੀ ਦਫ਼ਤਰ ਵਿਚ ਕਈ ਕਾਂਗਰਸ ਨੇਤਾਵਾਂ ਨੂੰ ਭਾਜਪਾ ਵਿਚ ਸ਼ਾਮਲ ਕਰਵਾਉਣ ਤੋਂ ਬਾਅਦ ਗੱਲਬਾਤ ਦੌਰਾਨ ਉਨ੍ਹਾਂ ਨੇ ਦੋਸ਼ ਲਗਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਾਸਨ ਵਿਚ ਪੰਜਾਬ ਦੀ ਕਾਨੂੰਨ-ਵਿਵਸਥਾ ਦਾ ਜਨਾਜ਼ਾ ਨਿਕਲ ਰਿਹਾ ਹੈ। ਹਾਲਾਤ ਅਜਿਹੇ ਹੋ ਗਏ ਹਨ ਕਿ ਹੁਣ ਤਾਂ ਸਰਪੰਚਾਂ ਨੂੰ ਵੀ ਫਿਰੌਤੀ ਦੇ ਫ਼ੋਨ ਆਉਣ ਲੱਗੇ ਹਨ।

ਇਹ ਵੀ ਪੜ੍ਹੋ : ਨਿਗਮ ਚੋਣਾਂ :  ਨਵੇਂ ਸਿਰੇ ਤੋਂ ਕੀਤੀ ਗਈ ਵਾਰਡਬੰਦੀ ਨੂੰ ਲੈ ਕੇ ਮਹਾਨਗਰ ਦੀ ਸਿਆਸਤ ਪੂਰੀ ਤਰ੍ਹਾਂ ਗਰਮਾਈ

ਇੱਥੇ ਦੱਸਣਯੋਗ ਹੈ ਕਿ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਬਕਾ ਕਾਂਗਰਸੀ ਆਗੂ ਅਤੇ ਪੰਜਾਬ ਭਾਜਪਾ ਦੇ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਦੇ ਉਸ ਬਿਆਨ ’ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕੀਤੀ ਸੀ, ਜਿਸ ’ਚ ਉਨ੍ਹਾਂ ਕਿਹਾ ਸੀ ਕਿ ਪੰਜਾਬ ਦੇ ਕਾਂਗਰਸੀ ਆਗੂਆਂ ਨੇ ਸੱਤਾਧਾਰੀ ਆਮ ਆਦਮੀ ਪਾਰਟੀ ਨਾਲ ਗਠਜੋੜ ਪ੍ਰਵਾਨ ਕਰ ਲਿਆ ਹੈ। ਰੰਧਾਵਾ ਨੇ ਕਿਹਾ ਕਿ ਇਸ ਦੋਸ਼ ਨੇ ਸੁਨੀਲ ਜਾਖੜ ਦਾ ਮੌਕਾਪ੍ਰਸਤ ਕਿਰਦਾਰ ਹੀ ਨੰਗਾ ਕਰ ਦਿੱਤਾ ਹੈ। ਸੁਖਜਿੰਦਰ ਰੰਧਾਵਾ ਨੇ ਕਿਹਾ ਸੀ ਕਿ ਜਾਖੜ ਨੇ ਉਹ ਹੱਥ ਵੱਢ ਦਿੱਤਾ ਹੈ ਜਿਸ ਨੇ ਦਹਾਕਿਆਂ ਤਕ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਖੁਆਇਆ ਸੀ। ਹਰ ਕੋਈ ਜਾਣਦਾ ਹੈ ਕਿ ਕਿਸ ਨੇ ਆਪਣੇ-ਆਪ ਨੂੰ ਕਾਨੂੰਨੀ ਕਾਰਵਾਈ ਤੋਂ ਬਚਾਉਣ ਲਈ ‘ਵਾਸ਼ਿੰਗ-ਮਸ਼ੀਨ ਪਾਰਟੀ’ ਨਾਲ ਗੁਪਤ ਸੌਦਾ ਕੀਤਾ। ਰੰਧਾਵਾ ਨੇ ਕਿਹਾ ਕਿ ਆਪਣੇ ਮਾੜੇ ਕੰਮਾਂ ਤੋਂ ਡਰਦਿਆਂ ਜਾਖੜ ਉਸ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ, ਜਿਸ ਨਾਲ ਉਹ ਆਪਣੇ ਸਿਆਸੀ ਜੀਵਨ ਦੌਰਾਨ ਨਫ਼ਰਤ ਕਰਦੇ ਸਨ। ਖੁਦ ਤੇ ਪਰਿਵਾਰ ਨੂੰ ਸਨਮਾਨ, ਮਾਨਤਾ, ਜ਼ਿੰਮੇਵਾਰੀ ਅਤੇ ਅਹੁਦੇ ਦੇਣ ਵਾਲੀ ਕਾਂਗਰਸ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਨ ਲਈ ਸੁਨੀਲ ਜਾਖੜ ਦੀ ਆਲੋਚਨਾ ਕਰਦਿਆਂ ਰੰਧਾਵਾ ਨੇ ਕਿਹਾ ਕਿ ਜਾਖੜ ਦੇ ਪਿਤਾ ਬਲਰਾਮ ਜਾਖੜ ਜੀ ਨੂੰ ਮੱਧ ਪ੍ਰਦੇਸ਼ ਅਤੇ ਗੁਜਰਾਤ ਦੇ ਰਾਜਪਾਲ ਵਰਗੀਆਂ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ। ਉਨ੍ਹਾਂ ਨੂੰ ਲੋਕ ਸਭਾ ਦਾ ਸਪੀਕਰ ਤੇ ਵਿਰੋਧੀ ਧਿਰ ਦਾ ਨੇਤਾ ਨਿਯੁਕਤ ਕੀਤਾ ਗਿਆ ਅਤੇ ਕਾਂਗਰਸ ਪਾਰਟੀ ਵਲੋਂ ਉਨ੍ਹਾਂ ਨੂੰ ਬਹੁਤ ਸਨਮਾਨ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਿਸ ਪਰਿਵਾਰ ਦੇ ਮੈਂਬਰ ਸਾਰੀ ਉਮਰ ਕਾਂਗਰਸੀ ਰਹੇ, ਅੱਜ ਸੁਨੀਲ ਉਨ੍ਹਾਂ ਦੀ ਇਮਾਨਦਾਰੀ ’ਤੇ ਸਵਾਲ ਉਠਾ ਰਹੇ ਹਨ। ਸੁਨੀਲ ਉਨ੍ਹਾਂ ਮੌਕਾਪ੍ਰਸਤਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਨਾ ਸਿਰਫ਼ ਕਾਂਗਰਸ ਪਾਰਟੀ ਦਾ ਭਰੋਸਾ ਤੋੜਿਆ ਸਗੋਂ ਆਪਣੇ ਪਰਿਵਾਰ ਦੀ ਇੱਜ਼ਤ ਨੂੰ ਵੀ ਢਾਹ ਲਾਈ ਹੈ।

ਇਹ ਵੀ ਪੜ੍ਹੋ : ਟ੍ਰਾਈਸਿਟੀ ਸਮੇਤ ਹਰਿਆਣਾ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਮਰੀਜ਼ਾਂ ਲਈ ਰਾਹਤ ਦੀ ਖ਼ਬਰ, ਮਿਲੇਗੀ ਇਹ ਸਹੂਲਤ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 


author

Anuradha

Content Editor

Related News