ਮੋਗਾ ਰੈਲੀ 'ਚ ਨਵਜੋਤ ਸਿੰਘ ਸਿੱਧੂ ਨਾਲ ਤਲਖੀ ਤੋਂ ਬਾਅਦ ਜਾਣੋਂ ਕੀ ਬੋਲੇ ਸੁਖਜਿੰਦਰ ਰੰਧਾਵਾ
Tuesday, Oct 06, 2020 - 09:12 PM (IST)
ਚੰਡੀਗੜ੍ਹ, (ਅਸ਼ਵਨੀ)- ਮੋਗਾ ਕਿਸਾਨ ਰੈਲੀ ਵਿਚ ਭਰੇ ਮੰਚ ’ਤੇ ਨਵਜੋਤ ਸਿੰਘ ਸਿੱਧੂ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਰੰਧਾਵਾ ਵਿਚਕਾਰ ਹੋਈ ਗਰਮਾਗਰਮੀ ਅਜੇ ਸ਼ਾਂਤ ਨਹੀਂ ਹੋਈ ਹੈ। ਮੰਤਰੀ ਸੁਖਜਿੰਦਰ ਰੰਧਾਵਾ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਜੇਕਰ ਸਿੱਧੂ ਕਦੇ ਉਨ੍ਹਾਂ ਨਾਲ ਨਿੱਜੀ ਤੌਰ ’ਤੇ ਉਲਝੇ ਤਾਂ ਉਹ ਉਨ੍ਹਾਂ ਨੂੰ ਆਪਣੇ ਪੱਧਰ ’ਤੇ ਹੀ ਦੇਖ ਲੈਣਗੇ। ਸਾਰਿਆਂ ਨੂੰ ਮੇਰੀ ਆਦਤ ਦਾ ਚੰਗੀ ਤਰ੍ਹਾਂ ਪਤਾ ਹੈ। ਹਾਲਾਂਕਿ ਨਵਜੋਤ ਸਿੱਧੂ ਦੀ ਘੋੜੇ ਵਾਲੀ ਟਿੱਪਣੀ ’ਤੇ ਰੰਧਾਵਾ ਖੁਲ੍ਹਕੇ ਨਹੀਂ ਬੋਲੇ। ਰੰਧਾਵਾ ਨੇ ਸਿਰਫ਼ ਇੰਨਾ ਹੀ ਕਿਹਾ ਕਿ ਸਿੱਧੂ ਨੇ ਮੈਨੂੰ ਕਿਹੜਾ ਗਧਾ ਕਹਿ ਦਿੱਤਾ।
ਮੰਗਲਵਾਰ ਨੂੰ ਚੰਡੀਗੜ੍ਹ ਵਿਚ ਗੱਲਬਾਤ ਕਰਦਿਆਂ ਰੰਧਾਵਾ ਨੇ ਸਿੱਧੂ ਨਾਲ ਹੋਏ ਟਕਰਾਅ ’ਤੇ ਬੇਹੱਦ ਨਪੇ ਤੁਲੇ ਜਵਾਬ ਦਿੱਤੇ। ਇਹ ਪੁੱਛਣ ’ਤੇ ਕਿ ਸਿੱਧੂ ਨੇ ਸਲਿਪ ਦੇਣ ’ਤੇ ਬੇਹੱਦ ਤਿੱਖੀ ਪ੍ਰਤੀਕਿਰਿਆ ਵਿਚ ਤੁਹਾਨੂੰ ਕਿਹਾ ਕਿ ਅੱਜ ਨਾ ਰੋਕ, ਘੋੜੇ ਨੂ ਇਸ਼ਾਰਾ ਬਹੁਤ ਹੁੰਦਾ ਏ, ਬਾਕੀ ਕਿਸੇ ਦੇ ਲੱਤਾਂ ਮਾਰੀਂ। ਇਸ ’ਤੇ ਰੰਧਾਵਾ ਨੇ ਕਿਹਾ ਕਿ ਸਿੱਧੂ ਨੇ ਕਿਹੜਾ ਮੈਨੂੰ ਗਧਾ ਕਹਿ ਦਿੱਤਾ। ਸਿੱਧੂ ਨੇ ਕਿਹਾ ਸੀ ਕਿ ਘੋੜੇ ਨੂੰ ਇਸ਼ਾਰਾ ਹੀ ਕਾਫ਼ੀ ਹੈ। ਜਿੱਥੇ ਤੱਕ ਗੱਲ ਲੱਤਾਂ ਵਾਲੀ ਟਿੱਪਣੀ ਦੀ ਹੈ ਤਾਂ ਉਸ ਬਾਰੇ ਪੰਜਾਬ ਇੰਚਾਰਜ ਹਰੀਸ਼ ਰਾਵਤ ਨੂੰ ਜਵਾਬ ਦੇਣਾ ਚਾਹੀਦਾ ਹੈ ਕਿਉਂਕਿ ਉਹ ਹਰੀਸ਼ ਰਾਵਤ ਦੇ ਕਹਿਣ ’ਤੇ ਹੀ ਸਿੱਧੂ ਕੋਲ ਗਏ ਸਨ। ਇਸ ਤੋਂ ਜ਼ਿਆਦਾ ਮੈਨੂੰ ਕੁੱਝ ਨਹੀਂ ਕਹਿਣਾ ਕਿਉਂਕਿ ਮੈਨੂੰ ਆਪਣੀ ਪਾਰਟੀ ਦੇਖਣੀ ਹੈ। ਉਂਝ ਵੀ ਜਦੋਂ ਸਟੇਜ ’ਤੇ ਹਾਈਕਮਾਨ ਹੁੰਦੀ ਹੈ ਤਾਂ ਹਾਈਕਮਾਨ ਦੇ ਆਦੇਸ਼-ਨਿਰਦੇਸ਼ ਹੀ ਸਭ ਤੋਂ ਉਪਰ ਹੁੰਦੇ ਹਨ। ਉਸ ਸਮੇਂ ਸਥਾਨਕ ਪੱਧਰ ’ਤੇ ਗੱਲਾਂ ਦੀ ਕੋਈ ਅਹਿਮੀਅਤ ਨਹੀਂ ਰਹਿ ਜਾਂਦੀ ਹੈ। ਇਹ ਪੁੱਛਣ ’ਤੇ ਕਿ ਤੁਸੀਂ ਸਿੱਧੂ ਦੇ ਮਾਮਲੇ ਵਿਚ ਮੁੱਖ ਮੰਤਰੀ ਨੂੰ ਕੋਈ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਕੀ ਸ਼ਿਕਾਇਤ ਕਰਨੀ ਹੈ। ਜੋ ਕੁੱਝ ਹੋਇਆ ਸਭ ਦੇ ਸਾਹਮਣੇ ਹੋਇਆ। ਮੰਚ ’ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਇਲਾਵਾ ਰਾਹੁਲ ਗਾਂਧੀ ਅਤੇ ਪੰਜਾਬ ਇੰਚਾਰਜ ਹਰੀਸ਼ ਰਾਵਤ ਤੱਕ ਮੌਜੂਦ ਸਨ। ਹਰੀਸ਼ ਰਾਵਤ ਨੇ ਸਲਿਪ ਦਿੱਤੀ ਸੀ, ਜਿਸ ਨੂੰ ਉਨ੍ਹਾਂ ਨੇ ਸਿੱਧੂ ਦੇ ਸਾਹਮਣੇ ਰੱਖਿਆ ਸੀ।
ਪਹਿਲਾਂ ਵੀ ਹੁੰਦੀ ਰਹੀ ਹੈ ਸਿੱਧੂ-ਰੰਧਾਵਾ ਵਿਚਕਾਰ ਤਲਖੀ:
ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਸੁਖਜਿੰਦਰ ਸਿੰਘ ਰੰਧਾਵਾ ਅਤੇ ਨਵਜੋਤ ਸਿੰਘ ਸਿੱਧੂ ਆਹਮਣੇ-ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ ਵੀ ਬਿਆਨਾਂ ਵਿਚ ਤਲਖੀ ਝਲਕਦੀ ਰਹੀ ਹੈ। ਬੇਅਦਬੀ ਮਾਮਲੇ ਵਿਚ ਨਵਜੋਤ ਸਿੰਘ ਸਿੱਧੂ ਵਲੋਂ ਕਾਂਗਰਸ-ਅਕਾਲੀ ਦੇ ਫਿਕਸ ਮੈਚ ਵਾਲੇ ਬਿਆਨ ’ਤੇ ਰੰਧਾਵਾ ਨੇ ਤਾਂ ਇੱਥੇ ਤੱਕ ਕਹਿ ਦਿੱਤਾ ਸੀ ਕਿ ਸਿੱਧੂ ਦੇ ਬਿਆਨ ਚੋਣ ਵਿਚ ਬਾਦਲ ਪਰਿਵਾਰ ਦੀ ਮਦਦ ਕਰਨ ਵਾਲੇ ਹਨ। ਸਿੱਧੂ ਨੇ ਬੇਅਦਬੀ ਦੇ ਮਾਮਲੇ ਵਿਚ ਕਦੇ ਵਿਧਾਨਸਭਾ ਦੇ ਅੰਦਰ ਆਵਾਜ਼ ਨਹੀਂ ਚੁੱਕੀ। ਨਵਜੋਤ ਸਿੰਘ ਸਿੱਧੂ ਤੋਂ ਕਾਂਗਰਸ ਵਿਚ ਉਨ੍ਹਾਂ ਦੀ ਉਮਰ ਜ਼ਿਆਦਾ ਹੈ। ਇਸ ਕੜੀ ਵਿਚ ਸਿੱਧੂ ਦੇ ਕੈਬੀਨਟ ਬੈਠਕ ਤੋਂ ਗੈਰ ਹਾਜ਼ਰ ਰਹਿ ਕੇ ਅਲੱਗ ਪ੍ਰੈੱਸ ਕਾਨਫਰੰਸ ਬੁਲਾਉਣ ’ਤੇ ਵੀ ਰੰਧਾਵਾ ਨੇ ਸਿੱਧੂ ਨੂੰ ਅਨੁਸ਼ਾਸਨ ਭੰਗ ਕਰਨ ਵਾਲਾ ਦੱਸਿਆ ਸੀ। ਰੰਧਾਵਾ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਦੀ ਹੋਰ ਕੈਬੀਨਟ ਮੰਤਰੀਆਂ ਨਾਲ ਵੀ ਤਲਖੀ ਹੁੰਦੀ ਰਹੀ ਹੈ। 2018 ਵਿਚ ਅੰਮ੍ਰਿਤਸਰ ਮੇਅਰ ਇਲੈਕਸ਼ਨ ਦੌਰਾਨ ਸਿੱਧੂ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨਾਲ ਇੰਨੇ ਨਰਾਜ਼ ਹੋਏ ਕਿ ਉਨ੍ਹਾਂ ਨੂੰ ਆਪਣੇ ਘਰ ਦੀ ਚੌਖਟ ਤੋਂ ਬੈਰੰਗ ਵਾਪਸ ਭੇਜ ਦਿੱਤਾ ਸੀ। ਉਦੋਂ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਬਾਜਵਾ ਨੂੰ ਆਬਜ਼ਰਵਰ ਦੇ ਤੌਰ ’ਤੇ ਤਾਇਨਾਤ ਕੀਤਾ ਸੀ ਅਤੇ ਮੇਅਰ ਦੀ ਕੁਰਸੀ ’ਤੇ ਸਿੱਧੂ ਦੀ ਮਰਜ਼ੀ ਨਹੀਂ ਚੱਲ ਸਕੀ ਸੀ।
ਮੋਗਾ ਰੈਲੀ ਵਿਚ ਸਿੱਧੂ ਨੇ ਰੰਧਾਵਾ ਨੂੰ ਮਾਰਿਆ ਧੱਕਾ:
ਮੋਗਾ ਰੈਲੀ ਵਿਚ ਨਵਜੋਤ ਸਿੰਘ ਸਿੱਧੂ ਜਦੋਂ ਬੋਲਣ ਲਈ ਉੱਠੇ, ਉਦੋਂ ਤੋਂ ਹੀ ਉਨ੍ਹਾਂ ਦੀ ਬੌਡੀ ਲੈਂਗਵੇਜ ਕਾਫ਼ੀ ਤਿੱਖੀ ਸੀ। ਮੰਚ ’ਤੇ ਆਉਂਦੇ ਹੀ ਉਨ੍ਹਾਂ ਨੇ ਸਭਤੋਂ ਪਹਿਲਾਂ ਮੰਚ ਦੇ ਨਾਲ ਖੜ੍ਹੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਧੱਕਾ ਦਿੰਦਿਆਂ ਪਿੱਛੇ ਹੱਟਣ ਨੂੰ ਕਿਹਾ। ਰੰਧਾਵਾ ਨਰਮਾਈ ਦਿਖਾਉਂਦੇ ਹੋਏ ਪਿੱਛੇ ਤਾਂ ਹਟ ਗਏ, ਪਰ ਜਦੋਂ ਉਨ੍ਹਾਂ ਨੇ ਪੰਜਾਬ ਇੰਚਾਰਜ ਹਰੀਸ਼ ਰਾਵਤ ਦੇ ਕਹਿਣ ’ਤੇ ਸਿੱਧੂ ਦੇ ਸਾਹਮਣੇ ਪਰਚੀ ਰੱਖੀ ਤਾਂ ਸਿੱਧੂ ਦੀ ਪ੍ਰਤੀਕਿਰਿਆ ’ਤੇ ਬੋਲਣ ਤੋਂ ਖੁਦ ਨੂੰ ਨਹੀਂ ਰੋਕ ਸਕੇ। ਰੰਧਾਵਾ ਨੇ ਕਿਹਾ ਕਿ ਇਹ ਪਰਚੀ ਤਾਂ ਹਰੀਸ਼ ਰਾਵਤ ਦੇ ਕਹਿਣ ’ਤੇ ਦਿੱਤੀ ਹੈ। ਤਾਂ ਸਿੱਧੂ ਨੇ ਬੇਹੱਦ ਤਲਖ ਲਹਿਜੇ ਵਿਚ ਕਿਹਾ ਕਿ ਅੱਜ ਨਾ ਰੋਕ, ਘੋੜੇ ਨੂ ਇਸ਼ਾਰਾ ਬਹੁਤ ਹੁੰਦਾ ਏ, ਬਾਕੀ ਕਿਸੇ ਦੇ ਲੱਤਾਂ ਮਾਰੀਂ। ਤੁਸੀਂ ਪਹਿਲਾਂ ਵੀ ਬਿਠਾਈ ਰੱਖਿਆ। ਸਿੱਧੂ ਦੇ ਇਸ ਰਵੱਈਏ ’ਤੇ ਕਾਂਗਰਸ ਦੇ ਅਮੂਮਨ ਵੱਡੇ ਨੇਤਾਵਾਂ ਨੇ ਚੁੱਪੀ ਧਾਰੀ ਹੋਈ ਹੈ। ਹਾਲਾਂਕਿ ਕੁੱਝ ਕਾਂਗਰਸੀ ਨੇਤਾਵਾਂ ਦਾ ਕਹਿਣਾ ਹੈ ਕਿ ਹਾਲਾਂਕਿ ਇਹ ਮਾਮਲਾ ਹਾਈਕਮਾਨ ਦੇ ਪੱਧਰ ’ਤੇ ਘਟਿਆ ਹੈ ਤਾਂ ਇਸ ਦਾ ਫੈਸਲਾ ਹਾਈਕਮਾਨ ਨੂੰ ਕਰਨਾ ਹੈ। ਇਸ ਲਈ ਕਾਂਗਰਸ ਇਸ ’ਤੇ ਕੁੱਝ ਵੀ ਖੁੱਲ੍ਹ ਕੇ ਕਹਿਣ ਤੋਂ ਪਰਹੇਜ ਕਰ ਰਹੀ ਹੈ। ਉਧਰ, ਮੋਗਾ ਰੈਲੀ ਤੋਂ ਬਾਅਦ ਕਿਸਾਨ ਰੈਲੀਆਂ ਤੋਂ ਸਿੱਧੂ ਦੀ ਗੈਰਹਾਜ਼ਰੀ ਨੇ ਕੁੱਝ ਹੱਦ ਤੱਕ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਮੰਚ ’ਤੇ ਸਿੱਧੂ ਦਾ ਰਵੱਈਆ ਉਨ੍ਹਾਂ ਨੂੰ ਭਾਰੀ ਪੈਣ ਵਾਲਾ ਹੈ। ਕਾਂਗਰਸ ਨੇਤਾਵਾਂ ਦੀ ਮੰਨੀਏ ਤਾਂ ਸਿੱਧੂ ਦੇ ਰਵੱਈਏ ਨੂੰ ਵੱਡੀ ਅਨੁਸ਼ਾਸਨਹੀਣਤਾ ਦੇ ਤੌਰ ’ਤੇ ਲਿਆ ਗਿਆ ਹੈ ਅਤੇ ਸੰਭਵ ਹੈ ਕਿ ਇਸ ਮਾਮਲੇ ਵਿਚ ਸਿੱਧੂ ਤੋਂ ਸਪੱਸ਼ਟੀਕਰਨ ਵੀ ਮੰਗਿਆ ਜਾਵੇਗਾ।