ਸੁਖਜਿੰਦਰ ਰੰਧਾਵਾ ਵਲੋਂ ਸਹਿਕਾਰੀ ਬੈਂਕਾਂ ਨੂੰ ਪ੍ਰਾਈਵੇਟ ਬੈਂਕਾਂ ਨਾਲ ਮੁਕਾਬਲੇ ਦਾ ਸੱਦਾ
Thursday, Mar 04, 2021 - 01:29 PM (IST)
ਚੰਡੀਗੜ੍ਹ (ਸ਼ਰਮਾ) : ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸੂਬੇ ਦੇ ਸਹਿਕਾਰੀ ਬੈਂਕਾਂ ਨੂੰ ਪ੍ਰਾਈਵੇਟ ਬੈਂਕਾਂ ਦੇ ਮੁਕਾਬਲੇ ਦਾ ਸੱਦਾ ਦਿੰਦਿਆਂ ਸਹਿਕਾਰੀ ਬੈਂਕਾਂ ਦੀ ਮੁਕੰਮਲ ਕਾਇਆ ਕਲਪ ਕਰਨ ਲਈ ਵਿਆਪਕ ਯੋਜਨਾਵਾਂ ਦਾ ਐਲਾਨ ਕਰਦਿਆਂ ਗੋਲਡ ਲੋਨ, ਬੀਮਾ ਸਕੀਮਾਂ ਸ਼ੁਰੂ ਕਰਨ ਦੀ ਗੱਲ ਕਹੀ। ਇਸ ਦੇ ਨਾਲ ਹੀ ਬੈਂਕਾਂ ਵਿਚ ਸਟਾਫ਼ ਦੀ ਕਮੀ ਲਈ ਨਵੀਂ ਭਰਤੀ ਕਰਨ, ਨੈੱਟ ਬੈਂਕਿੰਗ ਆਦਿ ਸੇਵਾਵਾਂ ਲਈ ਨਵੀਂ ਤਕਨਾਲੌਜੀ ਅਪਨਾਉਣ ਅਤੇ ਸਹਿਕਾਰੀ ਸੁਸਾਇਟੀਆਂ ਦੇ ਕੰਪਿਊਟਰੀਕਰਨ ਦੇ ਕੰਮ ਨੇਪਰੇ ਨੇਪਰੇ ਚਾੜ੍ਹਨ ਦੀ ਗੱਲ ਕਰਦਿਆਂ ਸਹਿਕਾਰੀ ਬੈਂਕ ਨੂੰ ਸੂਬੇ ਦਾ ਮੋਹਰੀ ਬੈਂਕ ਬਣਾਉਣ ਦਾ ਤਹੱਈਆ ਕੀਤਾ। ਇਹ ਗੱਲ ਸਹਿਕਾਰਤਾ ਮੰਤਰੀ ਰੰਧਾਵਾ ਪੰਜਾਬ ਰਾਜ ਸਹਿਕਾਰੀ ਬੈਂਕ (ਪੀ. ਐੱਸ. ਸੀ. ਬੀ.) ਵਲੋਂ ਨਾਬਾਰਡ ਦੇ ਸਹਿਯੋਗ ਨਾਲ ਇਥੇ ‘ਸਹਿਕਾਰੀ ਬੈਂਕਾਂ ਲਈ ਨਵੇਂ ਵਪਾਰਕ ਮੌਕਿਆਂ ਅਤੇ ਮਾਈਕਰੋ ਫਾਇਨਾਂਸ’ ਬਾਰੇ ਕਰਵਾਈ ਗਈ ਵਰਕਸ਼ਾਪ’ ਦਾ ਉਦਘਾਟਨ ਕਰਦਿਆਂ ਕਹੀ।
ਇਹ ਵੀ ਪੜ੍ਹੋ : ਬੀਬੀ ਜਗੀਰ ਕੌਰ ਨੇ 2021 ਨੂੰ ਕੌਮਾਂਤਰੀ ਮਨੁੱਖੀ ਅਧਿਕਾਰ ਵਰੇ੍ਹ ਵਜੋਂ ਐਲਾਨਣ ਦੀ UNO ਤੋਂ ਕੀਤੀ ਮੰਗ
ਰੰਧਾਵਾ ਨੇ ਕਿਹਾ ਕਿ ਸੂਬੇ ਵਿਚ ਸਹਿਕਾਰੀ ਬੈਂਕਾਂ ਦੀਆਂ 802 ਬਰਾਂਚਾਂ ਹਨ ਅਤੇ ਪੰਜਾਬ ਦੇ ਦੂਰ-ਦੁਰਾਡੇ ਸਥਿਤ ਦਿਹਾਤੀ ਖੇਤਰਾਂ ਤੱਕ ਇਸ ਬੈਂਕ ਦੀ ਪਹੁੰਚ ਹੈ ਪਰ ਬੈਂਕ ਦੀ ਕਾਰਜਪ੍ਰਣਾਲੀ ਵਿਚ ਪੇਸ਼ੇਵਾਰਨਾ ਪਹੁੰਚ ਦੀ ਘਾਟ ਕਾਰਨ ਪ੍ਰਾਈਵੇਟ ਬੈਂਕ ਵੱਧ ਕਾਰੋਬਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਹਿਕਾਰੀ ਬੈਂਕਾਂ ਨੂੰ ਪ੍ਰਾਈਵੇਟ ਬੈਂਕਾਂ ਨਾਲ ਮੁਕਾਬਲਾ ਕਰਨ ਲਈ ਆਪਣੇ ਕੰਮਕਾਜ ਵਿਚ ਕੁਸ਼ਲਤਾ ਲਿਆਉਣ ਦੇ ਨਾਲ ਤੇਜ਼ ਤਰਾਰ ਮਾਰਕੀਟਿੰਗ ਰਣਨੀਤੀਆਂ ਵੀ ਅਪਣਾਉਣੀਆਂ ਪੈਣਗੀਆਂ ਕਿਉਂਕਿ ਇਸ ਬੈਂਕ ਦਾ ਸਿੱਧਾ ਸਬੰਧ ਕਿਸਾਨਾਂ ਅਤੇ ਪਿੰਡ ਵਾਸੀਆਂ ਨਾਲ ਹਨ। ਜੇਕਰ ਬੈਂਕ ਆਰਥਿਕ ਤੌਰ ’ਤੇ ਮਜ਼ਬੂਤ ਹੋਵੇਗਾ ਤਾਂ ਸੂਬੇ ਦੇ ਛੋਟੇ ਅਤੇ ਸੀਮਾਂਤ ਕਿਸਾਨਾਂ ਦੇ ਨਾਲ ਸਾਧਾਰਣ ਲੋਕਾਂ ਦੀ ਆਰਥਿਕਤਾ ਨੂੰ ਵੀ ਹੁਲਾਰਾ ਮਿਲੇਗਾ। ਉਨ੍ਹਾਂ ਬੈਂਕਾਂ ਵਿਚ ਹੁੰਦੀਆਂ ਧਾਂਦਲੀਆਂ ਅਤੇ ਡਿਊਟੀ ਵਿਚ ਕੋਤਾਹੀ ਨੂੰ ਗੰਭੀਰਤਾ ਨਾਲ ਲੈਂਦਿਆਂ ਅਨੁਸ਼ਾਸਹੀਣਤਾ ਨੂੰ ਨਾ ਬਰਦਾਸ਼ਤ ਕਰਨ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਤਕੜੇ ਕਰਜ਼ਦਾਰਾਂ ਖਿਲਾਫ਼ ਕਾਰਵਾਈ ਲਈ ਬੈਂਕ ਅਧਿਕਾਰੀ ਸਖ਼ਤੀ ਨਾਲ ਪੇਸ਼ ਆਉਣ।
ਇਹ ਵੀ ਪੜ੍ਹੋ : ਸਿਫ਼ਰ ਕਾਲ ਦੌਰਾਨ ਸਪੀਕਰ ਨੇ ਕਿਹਾ, ਜਿਸ ਨੂੰ ਹੈ ਇਤਰਾਜ ਤਾਂ ਉਹ ਅਦਾਲਤ ਜਾ ਸਕਦੈ