ਢੀਂਡਸਾ ਦਾ ਅਸਤੀਫਾ,ਖੱਟੜ ਦੀ ਨਸ਼ੇ ''ਤੇ ਮੋਹਰ!

10/20/2019 10:24:59 AM

ਲੁਧਿਆਣਾ (ਮੁੱਲਾਂਪੁਰੀ)—ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੋਂ ਪਿਛਲੇ 8 ਮਹੀਨਿਆਂ ਤੋਂ ਬੇਅਦਬੀ ਅਤੇ ਅਕਾਲੀ ਦਲ ਦੀਆਂ ਆਪ ਹੁਦਰੀਆਂ ਤੋਂ ਪ੍ਰੇਸ਼ਾਨ ਪਰ ਸਿਹਤ ਦਾ ਹਵਾਲਾ ਦੇ ਕੇ ਅਸਤੀਫਾ ਦੇਣ ਵਾਲੇ ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਨੇ ਪੰਜਾਬ ਵਿਚ ਚੱਲ ਰਹੇ ਜ਼ਿਮਨੀ ਚੋਣ ਪ੍ਰਚਾਰ ਦੇ ਆਖਰੀ ਦਿਨ ਰਾਜ ਸਭਾ ਦੀ ਲੀਡਰ ਆਫ ਵਿਰੋਧੀ ਧਿਰ ਤੋਂ ਅਸਤੀਫਾ ਦੇ ਕੇ ਅਕਾਲੀ ਹਲਕਿਆਂ ਵਿਚ ਆਸਮਾਨੀ ਬਿਜਲੀ ਡਿੱਗਣ ਵਰਗੀ ਕਾਰਵਾਈ ਕੀਤੀ ਹੈ। ਢੀਂਡਸਾ ਨੂੰ ਮਨਾਉਣ ਲਈ ਭਾਵੇਂ ਵੱਡੇ ਬਾਦਲ ਨੇ ਬਹੁਤ ਕੋਸ਼ਿਸ਼ ਕੀਤੀ ਪਰ ਅਸਫਲ ਰਹੀ। ਜਦੋਂ ਕਿ ਛੋਟੇ ਬਾਦਲ ਸੁਖਬੀਰ ਬਾਦਲ ਨੇ ਢੀਂਡਸਾ ਨੂੰ ਖੁਸ਼ ਕਰਨ ਲਈ ਉਨ੍ਹਾਂ ਦੇ ਪੁੱਤਰ ਸਾਬਕਾ ਵਜ਼ੀਰ ਪਰਮਿੰਦਰ ਢੀਂਡਸਾ ਨੂੰ ਵਿਧਾਨ ਸਭਾ ਵਿਚ ਆਪਣੀ ਪਾਰਟੀ ਦਾ ਆਪੋਜ਼ੀਸ਼ਨ ਲੀਡਰ ਵੀ ਬਣਾ ਦਿੱਤਾ ਪਰ ਢੀਂਡਸਾ ਫਿਰ ਵੀ ਨਾਰਾਜ਼ ਚਲੇ ਆ ਰਹੇ ਸਨ।

ਆਖਿਰ ਉਨ੍ਹਾਂ ਨੇ ਆਪਣਾ ਅਸਤੀਫਾ ਦੇ ਕੇ ਅਕਾਲੀ ਦਲ ਸਿਰ ਹੀ ਗੋਲ ਕਰ ਦਿੱਤਾ ਹੈ। ਇਸ ਨਾਲ ਹੀ ਹੋਰ ਵੱਡੀ ਖਬਰ ਨੇ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ਨੂੰ ਵੱਡੀ ਸੱਟ ਮਾਰੀ ਹੈ, ਜਿਸ ਵਿਚ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਬਿਆਨ ਦਿੱਤਾ ਹੈ ਕਿ ਅਸੀਂ ਨਸ਼ੇ ਨਾਲ ਲਿੱਬੜੇ ਅਕਾਲੀਆਂ ਤੋਂ ਦੂਰ ਰਹਿਣ ਲਈ ਹਰਿਆਣੇ 'ਚ ਚੋਣ ਸਮਝੌਤਾ ਨਹੀਂ ਕੀਤਾ।ਇਸ ਟਿੱਪਣੀ ਨੇ ਪੰਜਾਬ ਵਿਚ ਕਾਂਗਰਸ ਅਤੇ ਹੋਰਨਾਂ ਪਾਰਟੀਆਂ ਵਲੋਂ ਅਕਾਲੀ ਦਲ 'ਤੇ ਨਸ਼ੇ ਦੇ ਲਾਏ ਜਾ ਰਹੇ ਦੋਸ਼ਾਂ 'ਤੇ ਉਸ ਦੀ ਭਾਈਵਾਲ ਪਾਰਟੀ ਭਾਜਪਾ ਦੇ ਵੱਡੇ ਆਗੂ ਨੇ ਇਹ ਬਿਆਨ ਦਾਗ ਕੇ ਮੋਹਰ ਲਾ ਦਿੱਤੀ ਹੈ ਕਿ ਅਕਾਲੀ ਕਿਤੇ ਨਾ ਕਿਤੇ ਨਸ਼ਿਆਂ ਦੇ ਮਾਮਲੇ 'ਚ ਜ਼ਰੂਰ ਫਸੇ ਹੋਏ ਹਨ। ਇਨ੍ਹਾਂ 2 ਵੱਡੇ ਆਗੂਆਂ ਦੇ ਬਿਆਨ ਮੀਡੀਆ 'ਚ ਆਉਣ ਕਾਰਣ ਸਿਆਸੀ ਅਤੇ ਧਾਰਮਿਕ ਹਲਕਿਆਂ 'ਚ ਚਰਚਾ ਦਾ ਵਿਸ਼ਾ ਬਣੇ ਹੋਏ ਸਨ ਕਿਉਂਕਿ ਚੋਣਾਂ ਮੌਕੇ ਆਇਆ ਹੋਇਆ ਬਿਆਨ ਇਕ ਵੱਡੀ ਸਿਆਸੀ ਸੱਟ ਤੋਂ ਘੱਟ ਨਹੀਂ ਹੁੰਦਾ।


Shyna

Content Editor

Related News