ਲੁਧਿਆਣਾ ਵਿਖੇ ਪੁਲਸ ਐਨਕਾਊਂਟਰ 'ਚ ਮਾਰਿਆ ਗਿਆ ਸੁਖਦੇਵ ਇੰਝ ਛੋਟੇ ਚੋਰ ਤੋਂ ਬਣਿਆ ਸੀ ਗੈਂਗਸਟਰ
Thursday, Dec 14, 2023 - 06:55 PM (IST)
ਮਾਛੀਵਾੜਾ ਸਾਹਿਬ (ਟੱਕਰ)- ਮਾਛੀਵਾੜਾ ਕੁਹਾੜਾ ਰੋਡ ’ਤੇ ਪਿੰਡ ਪੰਜੇਟਾ ਨੇੜੇ ਲੁਧਿਆਣਾ ਪੁਲਸ ਨਾਲ ਮੁਕਾਬਲੇ ’ਚ ਮਾਰਿਆ ਗਿਆ ਮਾਛੀਵਾੜਾ ਦਾ ਰਹਿਣ ਵਾਲਾ ਸੁਖਦੇਵ ਸਿੰਘ ਉਰਫ਼ ਵਿੱਕੀ ਨੇ 16 ਸਾਲ ਪਹਿਲਾਂ ਜ਼ੁਰਮ ਦੀ ਦੁਨੀਆ ਵਿਚ ਪੈਰ ਧਰਿਆ ਸੀ। ਉਸ ਨੇ ਅਨੇਕਾਂ ਅਪਰਾਧਿਕ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਅਤੇ ਗੈਂਗਸਟਰ ਬਣ ਗਿਆ। ਮਾਛੀਵਾੜਾ ਇੰਦਰਾ ਕਾਲੋਨੀ ਦੇ ਵਾਸੀ ਅਤੇ ਗ਼ਰੀਬ ਪਰਿਵਾਰ ਵਿਚ ਬਲਵਿੰਦਰ ਸਿੰਘ ਘਰ ਜਨਮੇ ਸੁਖਦੇਵ ਸਿੰਘ ਉਰਫ਼ ਵਿੱਕੀ 7 ਭਰਾਵਾਂ ਵਿਚ ਸਭ ਤੋਂ ਵੱਡਾ ਸੀ ਅਤੇ 21 ਸਤੰਬਰ 2007 ਵਿਚ ਸਭ ਤੋਂ ਪਹਿਲਾਂ ਉਸ ਉੱਪਰ ਮਾਛੀਵਾੜਾ ਥਾਣਾ ਵਿਚ ਚੋਰੀ ਦਾ ਮਾਮਲਾ ਦਰਜ ਹੋਇਆ ਸੀ।
2008 ਵਿਚ ਉਸ ਕੋਲੋਂ ਨਸ਼ੀਲਾ ਪਦਾਰਥ ਭੁੱਕੀ ਬਰਾਮਦ ਹੋਈ ਅਤੇ ਦੋਵੇਂ ਹੀ ਮਾਮਲਿਆਂ ਵਿਚ ਉਹ ਗ੍ਰਿਫ਼ਤਾਰ ਹੋਇਆ ਅਤੇ ਜ਼ਮਾਨਤ ’ਤੇ ਬਾਹਰ ਆ ਗਿਆ। 2012 ਵਿਚ ਉਸ ਖ਼ਿਲਾਫ਼ ਫਿਰ ਚੋਰੀ ਦਾ ਮਾਮਲਾ ਦਰਜ ਹੋਇਆ, ਜਿਸ ’ਤੇ ਉਸ ਨੂੰ 1 ਸਾਲ ਦੀ ਸਜ਼ਾ ਵੀ ਹੋਈ ਅਤੇ ਫਿਰ 2012 ਵਿਚ ਉਸ 'ਤੇ ਲੜਾਈ-ਝਗੜੇ ਦਾ ਮਾਮਲਾ ਦਰਜ ਹੋਇਆ, ਜਿਸ ਵਿਚ ਉਹ ਬਰੀ ਹੋ ਗਿਆ। 29 ਅਕਤੂਬਰ 2012 ਨੂੰ ਉਸ ਖ਼ਿਲਾਫ਼ ਚੋਰੀ ਦਾ ਮਾਮਲਾ ਦਰਜ ਹੋਇਆ ਅਤੇ ਫਿਰ 11 ਦਸੰਬਰ 2012 ਵਿਚ ਉਸ ਨੇ ਮੁੜ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਵੱਲੋਂ ਮੁਆਫ਼ੀ ਮੰਗਣ 'ਤੇ CM ਮਾਨ ਦਾ ਵੱਡਾ ਬਿਆਨ, ਗੈਂਗਸਟਰਾਂ ਨੂੰ ਵੀ ਦਿੱਤੀ ਚਿਤਾਵਨੀ
2018 ਵਿਚ ਉਹ ਕਿਸੇ ਮਾਮਲੇ ਵਿਚ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤਾ ਗਿਆ ਅਤੇ ਉਸ ਖ਼ਿਲਾਫ਼ ਇੱਕ ਹੋਰ ਮਾਮਲਾ ਦਰਜ ਹੋਇਆ। ਮਾਛੀਵਾੜਾ ਪੁਲਸ ਵੱਲੋਂ ਜਿੰਨੇ ਵੀ ਉਸ ਖ਼ਿਲਾਫ਼ ਮਾਮਲੇ ਦਰਜ ਕੀਤੇ ਗਏ, ਉਸ ਵਿਚ ਉਹ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਸੁਖਦੇਵ ਸਿੰਘ ਉਰਫ਼ ਵਿੱਕੀ ਨੇ ਆਪਣੇ 16 ਸਾਲਾਂ ਦੇ ਅਪਰਾਧਿਕ ਸਫ਼ਰ ਵਿਚ ਮਾਛੀਵਾੜਾ ਹੀ ਨਹੀਂ ਲੁਧਿਆਣਾ, ਖੰਨਾ ਅਤੇ ਹੋਰ ਕਈ ਸ਼ਹਿਰਾਂ ਵਿਚ ਲੁੱਟਖੋਹ ਅਤੇ ਕਾਤਲਾਨਾ ਹਮਲੇ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ, ਜਿਸ ਕਾਰਨ ਉਹ ਪੁਲਸ ਨੂੰ ਲੋੜੀਂਦਾ ਸੀ ਪਰ ਬੀਤੀ ਰਾਤ ਉਹ ਪਿੰਡ ਪੰਜੇਟਾ ਨੇੜੇ ਪੁਲਸ ਮੁਕਾਬਲੇ ਵਿਚ ਮਾਰਿਆ ਗਿਆ।
ਭੂਆ ਦੀ ਕੁੜੀ ਨਾਲ ਵਿਆਹ ਕਰਵਾਉਣ ’ਤੇ ਪਿਤਾ ਨੇ ਕੀਤਾ ਸੀ ਬੇਦਖ਼ਲ
ਗੈਂਗਸਟਰ ਸੁਖਦੇਵ ਸਿੰਘ ਉਰਫ਼ ਵਿੱਕੀ ਦੇ ਅਪਰਾਧਕ ਅਕਸ ਤੋਂ ਉਸ ਦਾ ਪਿਤਾ ਬਲਵਿੰਦਰ ਸਿੰਘ ਬਹੁਤ ਪ੍ਰੇਸ਼ਾਨ ਸੀ ਅਤੇ ਕਰੀਬ ਉਸ ਨੇ 12 ਸਾਲ ਪਹਿਲਾਂ ਆਪਣੀ ਸਕੀ ਭੂਆ ਦੀ ਕੁੜੀ ਨਾਲ ਵਿਆਹ ਕਰਵਾ ਲਿਆ ਸੀ, ਜਿਸ ’ਤੇ ਪਰਿਵਾਰ ਨੇ ਉਸ ਨੂੰ ਬੇਦਖ਼ਲ ਕਰ ਦਿੱਤਾ ਸੀ। ਮ੍ਰਿਤਕ ਦੇ ਛੋਟੇ ਭਰਾ ਚਰਨਜੀਤ ਸਿੰਘ ਨੇ ਦੱਸਿਆ ਕਿ ਸੁਖਦੇਵ ਸਿੰਘ ਪਿਛਲੇ ਕਈ ਸਾਲਾਂ ਤੋਂ ਮਾਛੀਵਾੜਾ ਵਿਖੇ ਨਹੀਂ ਰਹਿ ਰਿਹਾ ਸੀ ਸਗੋਂ ਆਪਣੀ ਪਤਨੀ ਅਤੇ ਬੱਚਿਆਂ ਸਮੇਤ ਪਟਿਆਲਾ ਵਿਖੇ ਰਹਿੰਦਾ ਸੀ ਅਤੇ ਪਰਿਵਾਰ ਦਾ ਉਸ ਨਾਲ ਕੋਈ ਸੰਬੰਧ ਨਹੀਂ ਸੀ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ਦੀ ਤਹਿਸੀਲ 'ਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਚਨਚੇਤ ਚੈਕਿੰਗ