ਲੰਗਾਹ ਕਾਂਡ ਅਕਾਲੀ ਦਲ ''ਤੇ ''ਐਟਮ ਬੰਬ''!
Thursday, Oct 05, 2017 - 03:46 AM (IST)
ਲੁਧਿਆਣਾ(ਮੁੱਲਾਂਪੁਰੀ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਮੁੱਚੇ ਅਕਾਲੀ ਦਲ ਲਈ ਲੰਗਾਹ ਕਾਂਡ ਇਕ ਵੱਡੀ ਮੁਸੀਬਤ ਅਤੇ ਬਦਨਾਮੀ ਦਾ ਕਾਰਨ ਬਣ ਗਿਆ ਹੈ। ਭਾਵੇਂ ਸ. ਬਾਦਲ ਨੇ ਲੰਗਾਹ ਨੂੰ ਪਾਰਟੀ ਤੋਂ ਕੱਢ ਦਿੱਤਾ ਹੈ ਪਰ ਮੀਡੀਆ ਵਿਚ ਆਈਆਂ ਖ਼ਬਰਾਂ ਅਤੇ ਸੋਸ਼ਲ ਮੀਡੀਆ 'ਤੇ ਉੱਡ ਰਹੀ ਖਿੱਲੀ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਗੁਰਦਾਸਪੁਰ ਚੋਣ ਦੌਰਾਨ ਲੰਗਾਹ ਦਾ ਮਾਮਲਾ ਇਕ ਐਟਮ ਬੰਬ ਵਾਂਗ ਅਕਾਲੀ ਦਲ ਅਤੇ ਗਠਜੋੜ 'ਤੇ ਡਿੱਗਿਆ ਹੈ, ਕਿਉਂਕਿ ਚੋਣਾਂ ਦੌਰਾਨ ਮੁੱਖ ਵਿਰੋਧੀ ਪਾਰਟੀ ਕਾਂਗਰਸ ਅਤੇ ਆਪ ਨੇ ਜਿੱਥੇ ਅਕਾਲੀ ਦਲ ਦੀ ਇਸ ਮਾਮਲੇ ਵਿਚ ਖੂਬ ਕਿਰਕਿਰੀ ਕੀਤੀ ਹੈ, ਉਥੇ ਅਜੇ ਤੱਕ ਪੁਲਸ ਗ੍ਰਿਫਤ ਤੋਂ ਦੂਰ ਲੰਗਾਹ ਬਾਰੇ ਮੀਡੀਆ ਵਿਚ ਖ਼ਬਰਾਂ ਛੋਟੀਆਂ ਹੋਣ ਦੀ ਬਜਾਏ ਵੱਡੀਆਂ ਹੋ ਰਹੀਆਂ ਹਨ। ਜਿਵੇਂ-ਜਿਵੇਂ ਗੁਰਦਾਸਪੁਰ ਚੋਣ ਨੇੜੇ ਆ ਰਹੀ ਹੈ, ਤਿਓਂ-ਤਿਓਂ ਲੰਗਾਹ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਭਾਵੇਂ ਪੀੜਤ ਔਰਤ ਵੱਲੋਂ ਮਾਮਲਾ ਦਰਜ ਕਰਵਾਉਣ ਤੇ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ ਵਰਗੀਆਂ ਕਾਰਵਾਈਆਂ ਜੱਗ ਜ਼ਾਹਿਰ ਹੋ ਚੁੱਕੀਆਂ ਹਨ। ਇਨ੍ਹਾਂ ਸਾਰੀਆਂ ਅਲਾਮਤਾਂ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂਆਂ ਦਾ ਹੁਣ ਇਹ ਤਰਕ ਦੱਸਿਆ ਜਾ ਰਿਹਾ ਹੈ ਕਿ ਸ. ਲੰਗਾਹ ਫੌਰੀ ਪੇਸ਼ ਹੋ ਕੇ ਆਪਣਾ ਪੱਖ ਰੱਖਣ ਤਾਂ ਜੋ ਅਕਾਲੀ ਦਲ ਦੀ ਹੋਈ ਕਿਰਕਿਰੀ ਬੰਦ ਹੋ ਸਕੇ। ਕੁਝ ਸਿਆਸੀ ਪੰਡਤ ਤਾਂ ਇਥੋਂ ਤਕ ਵੀ ਕਹਿ ਰਹੇ ਹਨ ਕਿ ਲੰਗਾਹ ਕਾਂਡ ਗੱਠਜੋੜ ਦੇ ਰਿਸ਼ਤਿਆਂ ਵਿਚ ਵੀ ਖਟਾਸ ਪੈਦਾ ਕਰੇਗਾ।
