11 ''ਚੋਂ 6 ਆਗੂ ਨਵੀਂ ਪੀੜ੍ਹੀ ਦੇ ਚੁਣ ਕੇ ਸੁਖਬੀਰ ਨੇ ਅਗਲੀ ਰਣਨੀਤੀ ਦੇ ਦਿੱਤੇ ਸੰਕੇਤ

Monday, Sep 04, 2017 - 06:47 AM (IST)

ਚੰਡੀਗੜ੍ਹ/ਪਟਿਆਲਾ  (ਪਰਮੀਤ) - ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੱਲ ਬੁਲਾਰਿਆਂ ਦੀ ਕੀਤੀ ਨਿਯੁਕਤੀ ਵਿਚ 11 ਵਿਚੋਂ 6 ਆਗੂ ਨਵੀਂ ਪੀੜ੍ਹੀ ਦੇ ਚੁਣ ਕੇ ਅਕਾਲੀ ਦਲ ਦੀ ਅਗਲੇ ਸਮੇਂ ਵਿਚ ਅਪਣਾਈ ਜਾਣ ਵਾਲੀ ਰਣਨੀਤੀ ਪ੍ਰਤੀ ਸਪੱਸ਼ਟ ਸੰਕੇਤ ਦੇ ਦਿੱਤੇ ਹਨ। ਦਿਲਚਸਪੀ ਵਾਲੀ ਗੱਲ ਇਹ ਹੈ ਕਿ ਸ. ਬਾਦਲ ਵੱਲੋਂ ਬੁਲਾਰਿਆਂ ਦੀ ਚੋਣ ਸਮੇਂ ਨਾ ਸਿਰਫ ਅਗਲੀ ਪੀੜ੍ਹੀ ਨੂੰ ਉਤਸ਼ਾਹਿਤ ਕਰਨ ਦੀ ਨੀਤੀ ਅਪਣਾਈ ਗਈ ਹੈ, ਬਲਕਿ ਉਨ੍ਹਾਂ ਨੇ ਇਸ ਵਿਚ ਸਮਾਜਿਕ ਤਾਣੇ-ਬਾਣੇ ਦੇ ਸਮੀਕਰਨ ਅਤੇ ਖੇਤਰੀ ਸਮੀਕਰਨ ਵੀ ਧਿਆਨ ਵਿਚ ਰੱਖੇ ਹਨ। ਬੁਲਾਰਿਆਂ ਵਿਚ ਡਾ. ਦਲਜੀਤ ਸਿੰਘ ਚੀਮਾ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਇੰਦਰ ਸਿੰਘ ਗਰੇਵਾਲ, ਪ੍ਰੋ. ਵਿਰਸਾ ਸਿੰਘ ਵਲਟੋਹਾ ਤੇ ਨਰੇਸ਼ ਗੁਜਰਾਲ ਤਾਂ ਪਹਿਲਾਂ ਹੀ ਪਾਰਟੀ ਲਈ ਇਸ ਸਮਰੱਥਾ ਵਿਚ ਕੰਮ ਕਰ ਰਹੇ ਸਨ। ਨਵੀਂ ਪੀੜ੍ਹੀ ਵਿਚ ਮਨਜੀਤ ਸਿੰਘ ਜੀ. ਕੇ., ਮਨਜਿੰਦਰ ਸਿੰਘ ਸਿਰਸਾ, ਐੈੱਨ. ਕੇ. ਸ਼ਰਮਾ, ਚਰਨਜੀਤ ਸਿੰਘ ਬਰਾੜ, ਪਵਨ ਕੁਮਾਰ ਟੀਨੂ ਤੇ ਪਰਬੰਸ ਸਿੰਘ ਬੰਟੀ ਰੋਮਾਣਾ ਦੀ ਚੋਣ ਨੇ ਸ. ਬਾਦਲ ਵੱਲੋਂ ਅਗਲੇ ਸਮੇਂ ਦੌਰਾਨ ਪਾਰਟੀ ਵਿਚ ਨਵੀਂ ਲੀਡਰਸ਼ਿਪ ਦੇ ਉਭਾਰ ਲਈ ਅਪਣਾਈ ਜਾਣ ਵਾਲੀ ਰਣਨੀਤੀ ਦਰਸਾ ਦਿੱਤੀ ਹੈ।
ਇਨ੍ਹਾਂ ਵਿਚੋਂ ਮਨਜਿੰਦਰ ਸਿੰਘ ਸਿਰਸਾ, ਐੈੱਨ. ਕੇ. ਸ਼ਰਮਾ ਤੇ ਚਰਨਜੀਤ ਸਿੰਘ ਬਰਾੜ ਨੇ ਤਾਂ ਪਹਿਲਾਂ ਵੀ ਕ੍ਰਮਵਾਰ ਸਲਾਹਕਾਰ, ਖਜ਼ਾਨਚੀ ਤੇ ਸਕੱਤਰ ਵਜੋਂ ਪਾਰਟੀ ਲਈ ਸੇਵਾਵਾਂ ਦਿੱਤੀਆਂ ਹਨ। ਜਨਤਕ ਕਚਹਿਰੀ ਵਿਚ ਪਾਰਟੀ ਦੇ ਸਟੈਂਡ ਲਈ ਬੁਲਾਰੇ ਬੋਲਣ ਦਾ ਮੌਕਾ ਪਹਿਲੀ ਵਾਰ ਇਨ੍ਹਾਂ ਆਗੂਆਂ ਨੂੰ ਦੇ ਕੇ ਸੁਖਬੀਰ ਸਿੰਘ ਬਾਦਲ ਨੇ ਦਰਸਾ ਦਿੱਤਾ ਹੈ ਕਿ ਪਾਰਟੀ ਪ੍ਰਤੀ ਵਚਨਬੱਧਤਾ ਤੇ ਦੂਰਅੰਦੇਸ਼ੀ ਸੋਚ ਦੇ ਨਵੀਂ ਪੀੜ੍ਹੀ ਦੇ ਆਗੂਆਂ ਨੂੰ ਉਹ ਪਾਰਟੀ ਵਿਚ ਉਭਾਰਨਾ ਚਾਹੁੰਦੇ ਹਨ। ਦਿੱਲੀ ਦੇ ਦੋਵਾਂ ਆਗੂਆਂ ਦੀ ਨਿਯੁਕਤੀ ਦਰਸਾਉਂਦੀ ਹੈ ਕਿ ਪਾਰਟੀ ਪ੍ਰਧਾਨ ਦਿੱਲੀ ਵਿਚ ਆਪਣੀ ਪਕੜ ਬਣਾਈ ਰੱਖਣਾ ਚਾਹੁੰਦੇ ਹਨ ਤੇ ਇਨ੍ਹਾਂ ਆਗੂਆਂ ਦੀ ਅਹਿਮੀਅਤ ਸਮਝਦੇ ਹਨ। ਪਵਨ ਕੁਮਾਰ ਟੀਨੂੰ ਦੀ ਬਦੌਲਤ ਪਾਰਟੀ ਵੱਲੋਂ ਦਲਿਤ ਵਰਗ ਪ੍ਰਤੀ ਸੁਹਿਰਦ ਸੋਚ ਦਰਸਾਈ ਗਈ ਹੈ, ਜਦਕਿ ਬੰਟੀ ਰੋਮਾਣਾ ਦੀ ਨਿਯੁਕਤੀ ਨਾਲ ਉਨ੍ਹਾਂ ਨੇ ਮਾਲਵਾ ਪੱਟੀ ਦੇ ਉਸ ਖੇਤਰ ਨੂੰ ਨੁਮਾਇੰਦਗੀ ਦਿੱਤੀ ਹੈ। ਇਸ ਨਿਯੁਕਤੀ ਪ੍ਰਕਿਰਿਆ ਵਿਚ ਮਾਲਵਾ, ਮਾਝਾ ਤੇ ਦੋਆਬਾ ਖੇਤਰ ਨੂੰ ਵੀ ਢੁਕਵੀਂ ਪ੍ਰਤੀਨਿਧਤਾ ਦਿੱਤੀ ਗਈ ਹੈ।


Related News